- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸਾਬਕਾ ਵਿੱਤੀ ਕਮਿਸ਼ਨਰ ਅਨੁਰਾਗ ਵਰਮਾ, ਕੰਵਲਪ੍ਰੀਤ ਬਰਾੜ ਸਮੇਤ ਕੁੱਝ ਹੋਰ ਅਫਸਰਾਂ ਤੋ ਕੀਤੀ ਗਈ ਪੁੱਛਗਿੱਛ ਕਾਰਨ ਅਫ਼ਸਰ ਭੈਅ ਦੇ ਮਾਹੌਲ ਵਿਚ ਹਨ। ਪੰਜਾਬ ਸਿਵਲ ਸਕੱਤਰੇਤ ਦੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਵੀ ਛਾਪੇਮਾਰੀ ਦਾ ਡਰ ਮਹਿਸੂਸ ਕੀਤਾ ਜਾ ਰਿਹਾ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਪੰਜਾਬ ’ਚ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਡਰ ਅਤੇ ਬੈਚੇਨੀ ਦਾ ਮਾਹੌਲ ਬਣਿਆ ਹੋਇਆ ਹੈ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿਚ ਮੰਗਲਵਾਰ ਤੋਂ ਸ਼ੁਰੂ ਹੋਈ ਈਡੀ ਦੀ ਕਾਰਵਾਈ ਬੁੱਧਵਾਰ ਨੂੰ ਵੀ ਜਾਰੀ ਰਹੀ ਦੱਸਿਆ ਜਾਂਦਾ ਹੈ ਕਿ ਈਡੀ ਦੀ ਛਾਪੇਮਾਰੀ ਦੌਰਾਨ ਕਈ ਸੀਨੀਅਰ ਅਫ਼ਸਰਾਂ ਨੂੰ ਗਮਾਡਾ ਦਫ਼ਤਰ ਵਿਚ ਰਾਤ ਬਿਤਾਉਣ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸਾਬਕਾ ਵਿੱਤੀ ਕਮਿਸ਼ਨਰ ਅਨੁਰਾਗ ਵਰਮਾ, ਕੰਵਲਪ੍ਰੀਤ ਬਰਾੜ ਸਮੇਤ ਕੁੱਝ ਹੋਰ ਅਫਸਰਾਂ ਤੋ ਕੀਤੀ ਗਈ ਪੁੱਛਗਿੱਛ ਕਾਰਨ ਅਫ਼ਸਰ ਭੈਅ ਦੇ ਮਾਹੌਲ ਵਿਚ ਹਨ। ਪੰਜਾਬ ਸਿਵਲ ਸਕੱਤਰੇਤ ਦੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਵੀ ਛਾਪੇਮਾਰੀ ਦਾ ਡਰ ਮਹਿਸੂਸ ਕੀਤਾ ਜਾ ਰਿਹਾ ਹੈ। ਸਕੱਤਰੇਤ ਦੇ ਗਲਿਆਰਿਆਂ ਵਿਚ ਜਿੱਥੇ ਅਕਸਰ ਰੌਣਕ ਹੁੰਦੀ ਸੀ, ਵਿਖੇ ਵੀ ਖਾਮੌਸ਼ੀ ਛਾਈ ਹੋਈ ਹੈ। ਜ਼ਿਆਦਾਤਰ ਮੰਤਰੀ ਵੀ ਪਿਛਲੇ ਕੁੱਝ ਦਿਨਾਂ ਤੋ ਸਕੱਤਰੇਤ ਆਉਣਾ ਘੱਟ ਕਰ ਚੁੱਕੇ ਹਨ। ਈਡੀ ਪਹਿਲਾਂ ਹੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਜਾਣਕਾਰੀ ਅਨੁਸਾਰ ਈਡੀ ਦੀ ਇਹ ਕਾਰਵਾਈ ਗਮਾਡਾ ਨਾਲ ਜੁੜੇ ਜ਼ਮੀਨ ਐਕਵਾਇਰ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਪ੍ਰਾਈਵੇਟ ਰੀਅਲ ਅਸਟੇਟ ਡਿਵੈਲਪਰਾਂ ਨੂੰ ਕਥਿਤ ਲਾਭ ਅਤੇ ਪ੍ਰਾਪਰਟੀ ਨਿਲਾਮੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦੇ ਸੰਦਰਭ ਵਿਚ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਜਾਂਚ ਦੌਰਾਨ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿਚ ਲਏ ਗਏ ਅਤੇ ਗਮਾਡਾ ਦੇ ਘੱਟੋ-ਘੱਟ ਤਿੰਨ ਫਲੋਰ ਸੀਲ ਕੀਤੇ ਗਏ। ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਆਈਏਐਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਵੀ ਈਡੀ ਦੀ ਜਾਂਚ ਦੇ ਘੇਰੇ ਵਿੱਚ ਰਹੇ ਹਨ। ਅਨੁਰਾਗ ਵਰਮਾ ਤੋਂ ਸਤੰਬਰ ਵਿੱਚ ਈਡੀ ਨੇ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਜਾਂਚ ਏਜੰਸੀ ਕਥਿਤ ਸੀਐਲਯੂ ਅਤੇ ਰੀਅਲ ਅਸਟੇਟ ਪ੍ਰਾਜੈਕਟਾਂ ਨਾਲ ਜੁੜੇ ਪ੍ਰਸ਼ਾਸਨਿਕ ਫ਼ੈਸਲਿਆਂ ਅਤੇ ਰਿਕਾਰਡ ਦੀ ਜਾਂਚ ਕਰ ਰਹੀ ਹੈ।ਲਗਾਤਾਰ ਛਾਪਿਆਂ ਅਤੇ ਪੁੱਛਗਿੱਛ ਕਾਰਨ ਅਫ਼ਸਰਸ਼ਾਹੀ ਵਿੱਚ ਸਾਵਧਾਨੀ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਕਰਾਰ ਨਹੀਂ ਦਿੱਤਾ ਗਿਆ ਹੈ ।
ਉਧਰ, ਗਮਾਡਾ ਵਿਚ ਈਡੀ ਦੀ ਕਾਰਵਾਈ ਨੂੰ ਲੈ ਕੇ ਸਿਆਸੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਦਾ ਕਹਿਣਾ ਹੈ ਕਿ ਜਿੱਥੇ ਜਿੱਥੇ ਚੋਣਾਂ ਹੁੰਦੀਆਂ ਹਨ, ਉੱਥੇ ਈਡੀ ਦਸਤਕ ਦਿੰਦੀ ਹੈ। ਉਨ੍ਹਾਂ ਦਾ ਕਹਿਣ ਹੈ ਕਿ ਕੇਂਦਰੀ ਏਜੰਸੀਆਂ ਦੀ ਕਾਰਵਾਈ ਨਾਲ ਪੰਜਾਬ ਦੇ ਅਧਿਕਾਰੀਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬੇਸ਼ੱਕ ਈਡੀ ਜਾਂਚ ਦੇ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ ਪਰ ਇਸ ਨਾਲ ਅਫਸਰ ਕਾਫ਼ੀ ਪਰੇਸ਼ਾਨ ਹੈ।
---
ਕੰਗ ਨੇ ਲਾਏ ਸਨ ਗਮਾਡਾ ’ਚ ਭ੍ਰਿਸ਼ਟਾਚਾਰ ਦੇ ਦੋਸ਼
ਬੇਸ਼ੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਈਡੀ ਦੀ ਛਾਪੇਮਾਰੀ ਨੂੰ ਚੋਣਾਂ ਕਾਰਨ ਅਧਿਕਾਰੀਆਂ ਤੇ ਨੇਤਾਵਾਂ ਨੂੰ ਪ੍ਰੇਸ਼ਾਨ ਕਰਨਾ ਦੱਸ ਰਹੀ ਹੈ, ਪਰ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਬਰ ਮਾਲਵਿੰਦਰ ਸਿੰਘ ਕੰਗ ਨੇ ਗਮਾਡਾ ਵਿਚ ਕਥਿਤ ਭ੍ਰਿਸ਼ਟਾਚਾਰ ਹੋਣ ਦਾ ਮੁੱਦਾ ਚੁੱਕਿਆ ਸੀ। ਲੋਕਾਂ ਵਲੋ ਕੀਤੀ ਜਾ ਰਹੀ ਲੁੱਟ ਦਾ ਦੋਸ਼ ਲਾਉਣ ਕਰਕੇ ਮਾਲਵਿੰਦਰ ਕੰਗ ਆਪਣੇ ਹਲਕੇ ਦੇ ਲੋਕਾਂ ਨਾਲ ਖੜੇ ਹੋਏ ਸਨ ਤੇ ਉਨ੍ਹਾਂ ਧਰਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਸੀ। ਕੰਗ ਨੇ ਮੁੱਖ ਮੰਤਰੀ ਨੂੰ ਅਫ਼ਸਰਾਂ ਦੀ ਤਬਾਦਲਾ ਕਰਨ ਦੀ ਅਪੀਲ ਵੀ ਕੀਤੀ ਸੀ।