ਹਾਈ ਕੋਰਟ ਦਾ ਵੱਡਾ ਫੈਸਲਾ: ਟ੍ਰੇਨ 'ਚ ਬੰਬ ਧਮਾਕਾ ਵੀ ‘ਰੇਲ ਹਾਦਸਾ’, ਪੀੜਤਾਂ ਨੂੰ ਮੁਆਵਜ਼ਾ ਦੇਣਾ ਰੇਲਵੇ ਦੀ ਜ਼ਿੰਮੇਵਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਟ੍ਰੇਨ ਵਿਚ ਹੋਣ ਵਾਲਾ ਬੰਬ ਧਮਾਕਾ ਵੀ ਰੇਲਵੇ ਕਾਨੂੰਨ ਦੇ ਤਹਿਤ ‘ਹਾਦਸੇ’ ਦੀ ਸ਼੍ਰੇਣੀ ਵਿਚ ਆਵੇਗਾ ਅਤੇ ਇਸ ਤਰ੍ਹਾਂ ਦੀ ਘਟਨਾ ਵਿਚ ਜਾਨ ਗੁਆਉਣ ਵਾਲੇ ਯਾਤਰੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਰੇਲਵੇ ਪ੍ਰਬੰਧਕਾਂ ਦੀ ਹੋਵੇਗੀ। ਅਦਾਲਤ ਨੇ ਕਿਹਾ ਕਿ ਸਿਰਫ਼ ਇਹ ਦਲੀਲ ਦੇ ਕੇ ਰੇਲਵੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬੱਚ ਸਕਦਾ ਕਿ ਧਮਾਕਾ ਕਿਸੇ ਬਾਹਰੀ ਵਿਅਕਤੀ ਦੀ ਅਪਰਾਧਕ ਹਰਕਤ ਦਾ ਨਤੀਜਾ ਸੀ ਜਾਂ ਇਸ ਵਿਚ ਰੇਲਵੇ ਦੀ ਕੋਈ ਸਿੱਧੀ ਗ਼ਲਤੀ ਨਹੀਂ ਸੀ।
Publish Date: Tue, 23 Jun 2026 09:21 AM (IST)
Updated Date: Tue, 23 Jun 2026 09:22 AM (IST)

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਟ੍ਰੇਨ ਵਿਚ ਹੋਣ ਵਾਲਾ ਬੰਬ ਧਮਾਕਾ ਵੀ ਰੇਲਵੇ ਕਾਨੂੰਨ ਦੇ ਤਹਿਤ ‘ਹਾਦਸੇ’ ਦੀ ਸ਼੍ਰੇਣੀ ਵਿਚ ਆਵੇਗਾ ਅਤੇ ਇਸ ਤਰ੍ਹਾਂ ਦੀ ਘਟਨਾ ਵਿਚ ਜਾਨ ਗੁਆਉਣ ਵਾਲੇ ਯਾਤਰੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਰੇਲਵੇ ਪ੍ਰਬੰਧਕਾਂ ਦੀ ਹੋਵੇਗੀ। ਅਦਾਲਤ ਨੇ ਕਿਹਾ ਕਿ ਸਿਰਫ਼ ਇਹ ਦਲੀਲ ਦੇ ਕੇ ਰੇਲਵੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬੱਚ ਸਕਦਾ ਕਿ ਧਮਾਕਾ ਕਿਸੇ ਬਾਹਰੀ ਵਿਅਕਤੀ ਦੀ ਅਪਰਾਧਕ ਹਰਕਤ ਦਾ ਨਤੀਜਾ ਸੀ ਜਾਂ ਇਸ ਵਿਚ ਰੇਲਵੇ ਦੀ ਕੋਈ ਸਿੱਧੀ ਗ਼ਲਤੀ ਨਹੀਂ ਸੀ।
ਇਹ ਮਾਮਲਾ 2 ਦਸੰਬਰ, 1997 ਨੂੰ ਦਿੱਲੀ-ਮਥਰਾ ਰੇਲ ਡਵੀਜ਼ਨ ’ਤੇ ਹੋਏ ਬੰਬ ਧਮਾਕੇ ਨਾਲ ਜੁੜਿਆ ਹੈ। ਇਸ ਮਾਮਲੇ ਵਿਚ ਫਰੀਦਾਬਾਦ ਦੇ ਰੇਲਵੇ ਮੁਸਾਫ਼ਰ ਦੀ ਮੌਤ ਹੋ ਗਈ ਸੀ। ਮਰਹੂਮ ਦੇ ਪਰਿਵਾਰ ਨੇ ਰੇਲਵੇ ਕਲੇਮ ਟ੍ਰਿਬਿਊਨਲ ਦੇ ਸਾਹਮਣੇ ਮੁਆਵਜ਼ੇ ਦਾ ਦਾਅਵਾ ਦਾਇਰ ਕੀਤਾ ਸੀ। ਟ੍ਰਿਬਿਊਨਲ ਨੇ ਪਰਿਵਾਰ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੇ ਹੋਏ ਮੁਆਵਜ਼ੀ ਦੇਣ ਦਾ ਹੁਕਮ ਦਿੱਤਾ, ਜਿਸ ਨੂੰ ਰੇਲਵੇ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ। ਅਪੀਲ ਵਿਚ ਰੇਲਵੇ ਦਾ ਤਰਕ ਸੀ ਕਿ ਬੰਬ ਧਮਾਕਾ ਕਿਸੇ ਅਣਜਾਣ ਅਨਸਰ ਵੱਲੋਂ ਕੀਤਾ ਅਪਰਾਧਕ ਕਾਰਾ ਸੀ, ਇਸ ਲਈ ਰੇਲਵੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਰੇਲਵੇ ਨੇ ਇਹ ਵੀ ਕਿਹਾ ਕਿ ਅਜਿਹੀ ਘਟਨਾ ਵਿਚ ਇਸ ਦੀ ਕੋਈ ਸਿੱਧੀ ਲਾਪਰਵਾਹੀ ਜਾਂ ਗ਼ਲਤੀ ਨਹੀਂ ਸੀ।
ਹਾਈ ਕੋਰਟ ਨੇ ਰੇਲਵੇ ਦੀਆਂ ਇਨ੍ਹਾਂ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਅਦਾਲਤ ਨੇ ਰੇਲਵੇ ਦੇ ਕਾਨੂੰਨ ਦੀ ਧਾਰਾ 124-ਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਨੂੰਨ ਦੇ ਤਹਿਤ ਯਾਤਰੀਆਂ ਨੂੰ ਸਫ਼ਰ ਦੌਰਾਨ ਹੋਣ ਵਾਲੀਆਂ ਅਣਕਿਆਸੀਆਂ ਘਟਨਾਵਾਂ ਤੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਸ ਪ੍ਰਾਵਧਾਨ ਦੀ ਵਿਆਖਿਆ ਵਿਸ਼ਾਲ ਹੈ ਅਤੇ ਇਸ ਵਿਚ ਟ੍ਰੇਨ ਵਿਚ ਹੋਣ ਵਾਲੇ ਬੰਬ ਧਮਾਕੇ ਵਰਗੀਆਂ ਘਟਨਾਵਾਂ ਵੀ ਸ਼ਾਮਲ ਹਨ। ਕੋਰਟ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਟਿਕਟ ਲੈ ਕੇ ਯਾਤਰਾ ਕਰ ਰਿਹਾ ਸੀ ਅਤੇ ਬੰਬ ਧਮਾਕੇ ਵਰਗੀ ਘਟਨਾ ਵਿਚ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਨਿਰਭਰਾਂ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਪ੍ਰਾਪਤ ਕਰਨ ਦਾ ਅਧਿਕਾਰ ਹੈ।