- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ। ਢਿੱਲੋਂ ਨੇ ਸਵਾਲ ਕੀਤਾ ਕਿ ਇਕੋ ਪ੍ਰੀਖਿਆ ਕੇਂਦਰ ਦੇ ਇਕ ਹਾਲ ਵਿੱਚੋਂ 10 ਤੋਂ 11 ਉਮੀਦਵਾਰਾਂ ਦਾ ਸਫ਼ਲ ਹੋਣਾ ਅਤੇ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੇ ਸਮੂਹਾਂ ਦੀ ਚੋਣ ਹੋਣਾ ਮਹਿਜ਼ ਇਤਫ਼ਾਕ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀਸੀਐੱਸ ਵਰਗੀ ਵੱਕਾਰੀ ਪ੍ਰੀਖਿਆ ਦੀ ਨਿਰਪੱਖਤਾ ’ਤੇ ਸਵਾਲ ਉੱਠ ਰਹੇ ਹਨ, ਇਸ ਲਈ ਸੁਤੰਤਰ ਫੋਰੈਂਸਿਕ ਜਾਂਚ ਜ਼ਰੂਰੀ ਹੈ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਪੀਸੀਐੱਸ ਮੇਨਜ਼ ਪ੍ਰੀਖਿਆ ਦੇ ਨਤੀਜੇ ਬਾਰੇ ਦਿੱਤੇ ਸਪੱਸ਼ਟੀਕਰਨ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੰਭੀਰ ਦੋਸ਼ਾਂ ਵਿਚਕਾਰ ਕਮਿਸ਼ਨ ਖ਼ੁਦ ਜਾਂਚ ਕਰਕੇ ਆਪਣੇ ਆਪ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ। ਇਹ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ। ਢਿੱਲੋਂ ਨੇ ਸਵਾਲ ਕੀਤਾ ਕਿ ਇਕੋ ਪ੍ਰੀਖਿਆ ਕੇਂਦਰ ਦੇ ਇਕ ਹਾਲ ਵਿੱਚੋਂ 10 ਤੋਂ 11 ਉਮੀਦਵਾਰਾਂ ਦਾ ਸਫ਼ਲ ਹੋਣਾ ਅਤੇ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੇ ਸਮੂਹਾਂ ਦੀ ਚੋਣ ਹੋਣਾ ਮਹਿਜ਼ ਇਤਫ਼ਾਕ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀਸੀਐੱਸ ਵਰਗੀ ਵੱਕਾਰੀ ਪ੍ਰੀਖਿਆ ਦੀ ਨਿਰਪੱਖਤਾ ’ਤੇ ਸਵਾਲ ਉੱਠ ਰਹੇ ਹਨ, ਇਸ ਲਈ ਸੁਤੰਤਰ ਫੋਰੈਂਸਿਕ ਜਾਂਚ ਜ਼ਰੂਰੀ ਹੈ।
ਢਿੱਲੋਂ ਨੇ ਪੀਸੀਐੱਸ ਵਿਵਾਦ ਨੂੰ ਫਾਰਮੇਸੀ ਅਧਿਕਾਰੀਆਂ ਦੀ ਭਰਤੀ ਵਿੱਚ ਸਾਹਮਣੇ ਆਏ ਨਕਲ ਮਾਮਲੇ ਨਾਲ ਵੀ ਜੋੜਿਆ। ਉਨ੍ਹਾਂ ਕਿਹਾ ਕਿ ਫਾਰਮੇਸੀ ਪ੍ਰੀਖਿਆ ਵਿੱਚ ਵਾਇਰਲੈੱਸ ਯੰਤਰਾਂ, ਲੁਕਵੇਂ ਪੈੱਨ ਕੈਮਰਿਆਂ ਅਤੇ ਰੀਅਲ ਟਾਈਮ ਡਿਕਟੇਸ਼ਨ ਰਾਹੀਂ ਨਕਲ ਕਰਵਾਉਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਹੋਇਆ ਸੀ। ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ ਸਨ ਅਤੇ ਹਾਈ ਕੋਰਟ ਨੂੰ ਦਖ਼ਲ ਦੇਣਾ ਪਿਆ ਸੀ।
ਢਿੱਲੋਂ ਨੇ ਮੰਗ ਕੀਤੀ ਕਿ ਜਾਂਚ ਪੂਰੀ ਹੋਣ ਤੱਕ ਪੀਸੀਐੱਸ ਮੇਨਜ਼ ਦੀ ਚੋਣ ਪ੍ਰਕਿਰਿਆ ਅਤੇ ਪ੍ਰਸਤਾਵਿਤ ਇੰਟਰਵਿਊ ਰੋਕੇ ਜਾਣ। ਪੂਰੇ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਪ੍ਰੀਖਿਆ ਕੇਂਦਰਾਂ ਦੀ ਸੀਸੀਟੀਵੀ ਫੁਟੇਜ, ਬਾਇਓਮੀਟ੍ਰਿਕ ਰਿਕਾਰਡ, ਨਿਗਰਾਨਾਂ ਦੀ ਡਿਊਟੀ ਸਬੰਧੀ ਜਾਣਕਾਰੀ ਅਤੇ ਉੱਤਰ ਪੁਸਤਕਾਂ ਦਾ ਸੁਤੰਤਰ ਫੋਰੈਂਸਿਕ ਆਡਿਟ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਨਿਰਪੱਖ ਜਾਂਚ ਨਾ ਕਰਵਾਈ ਤਾਂ ਭਾਜਪਾ ਪ੍ਰਭਾਵਿਤ ਉਮੀਦਵਾਰਾਂ ਨਾਲ ਮਿਲ ਕੇ ਅੰਦੋਲਨ ਕਰੇਗੀ।