- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੱਸ਼ਟ ਕੀਤਾ ਗਿਆ ਹੈ ਕਿ ਚੋਣਾਂ ’ਚ ਜਿੱਤ ਲਈ ਇਹ ਬਹੁਤ ਅਹਿਮ ਹੋਵੇਗਾ ਕਿ ਸੂਬਾ ਲੀਡਰਸ਼ਿਪ ਠੀਕ ਉਸੇ ਤਰ੍ਹਾਂ ਅਮਲ ਕਰੇ, ਜਿਵੇਂ ਨਿਰਦੇਸ਼ ਕੇਂਦਰੀ ਲੀਡਰਸ਼ਿਪ ਵੱਲੋਂ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੀਟਿੰਗ ਤੋਂ ਸੰਕੇਤ ਲੈਣ ਲਈ ਵੀ ਕਿਹਾ ਗਿਆ ਹੈ।

ਰਮਨਜੀਤ ਸਿੰਘ ਮਣਕੂ, ਜਾਗਰਣ ਚੰਡੀਗੜ੍ਹ : ਭਾਜਪਾ ਦੀ ਪਿਛਲੇ ਦਿਨੀਂ ਐਲਾਨੀ ਗਈ ਨਵੀਂ ਸੂਬਾ ਟੀਮ ਦੇ ਗਠਨ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਦੇ ਵਿਰੋਧ ਦਾ ਮਾਮਲਾ ਹੁਣ ਪਾਰਟੀ ਹਾਈਕਮਾਨ ਤੱਕ ਪੁੱਜ ਗਿਆ ਹੈ। ਇਸੇ ਦੇ ਚੱਲਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸ਼ਨਿਚਰਵਾਰ ਨੂੰ ਹੀ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸੰਗਠਨ ਮਹਾਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਨੂੰ ਦਿੱਲੀ ਤਲਬ ਕੀਤਾ। ਪ੍ਰਧਾਨ ਨੇ ਸੂਬਾਈ ਆਗੂਆਂ ਵੱਲੋਂ ਪੱਖਪਾਤ ਦੇ ਦੋਸ਼ ਲਾਉਣ ਤੇ ਕੁਝ ਵੱਲੋਂ ਅਸਤੀਫ਼ੇ ਦੇਣ ’ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦੋਵਾਂ ਆਗੂਆਂ ਨੂੰ ਇਸ ਗੜਬੜੀ ਨੂੰ ਤੁਰੰਤ ਸੁਧਾਰਨ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਅਨੁਸ਼ਾਸਤ ਪਾਰਟੀ 'ਚ ਵੱਡੇ ਪੱਧਰ ’ਤੇ ਪੈਦਾ ਹੋਈ ਨਾਰਾਜ਼ਗੀ ਦੀਆਂ ਸੂਚਨਾਵਾਂ ਨਾ ਸਿਰਫ਼ ਪਾਰਟੀ ਦੇ ਕੌਮੀ ਪ੍ਰਧਾਨ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚੀਆਂ ਹਨ।
ਸ਼ਨਿਚਰਵਾਰ ਦੇਰ ਸ਼ਾਮ ਕਰੀਬ ਪੌਣੇ ਘੰਟੇ ਚੱਲੀ ਮੀਟਿੰਗ ’ਚ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਨਾਲ ਪੰਜਾਬ ਦੀ ਨਵੀਂ ਟੀਮ ਲਈ ਪਿਛਲੇ ਮਹੀਨੇ ਤੋਂ ਨਿਗਰਾਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਤੀਸ਼ ਪੂਨੀਆ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਕੌਮੀ ਪ੍ਰਧਾਨ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਨਾਰਾਜ਼ਗੀ ਨੂੰ ਸੂਬਾਈ ਲੀਡਰਸ਼ਿਪ ਸੰਭਾਲਣ ’ਚ ਨਾਕਾਮ ਰਹੀ ਹੈ, ਜੋ ਪਾਰਟੀ ਲਈ ਕਿਸੇ ਵੀ ਤਰ੍ਹਾਂ ਢੁਕਵਾਂ ਨਹੀਂ ਹੈ।
ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਹੁਣ ਇਸ ਮਾਮਲੇ ਨੂੰ ਕੌਮੀ ਲੀਡਰਸ਼ਿਪ ਖ਼ੁਦ ਦੇਖੇਗੀ। ਦੱਸਿਆ ਜਾਂਦਾ ਹੈ ਕਿ ਨਿਤਿਨ ਨੇ ਨਵੀਂ ਟੀਮ 'ਚ ਪੰਜ ਮਹਾਮੰਤਰੀਆਂ ’ਚੋਂ ਤਿੰਨ ਇਕੋ ਜ਼ਿਲ੍ਹੇ ਤੋਂ ਬਣਾਏ ਜਾਣ ਤੇ ਇਕੋ ਜ਼ਿਲ੍ਹੇ ਤੋਂ ਕੁੱਲ 10 ਅਹੁਦੇਦਾਰ ਸ਼ਾਮਲ ਕੀਤੇ ਜਾਣ ’ਤੇ ਵੀ ਹੈਰਾਨੀ ਜਤਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਫ਼ੈਸਲਿਆਂ ਕਾਰਨ ਪਾਰਟੀ ਅੰਦਰ ਪੱਖਪਾਤ ਦੀ ਗੱਲ ਜ਼ੋਰ ਫੜ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਚੋਣ ਦਾ ਪੈਮਾਨਾ ਕੀ ਰਿਹਾ? ਪਾਰਟੀ 'ਚ ਸਾਲਾਂ ਤੋਂ ਪਰੰਪਰਾ ਰਹੀ ਹੈ ਕਿ ਪੁਰਾਣੇ ਸੂਬਾ ਪ੍ਰਧਾਨਾਂ ਤੇ ਸੀਨੀਅਰ ਆਗੂਆਂ ਨਾਲ ਚਰਚਾ ਤੋਂ ਬਾਅਦ ਹੀ ਨਵੀਂ ਟੀਮ ਦਾ ਗਠਨ ਕੀਤਾ ਜਾਂਦਾ ਰਿਹਾ ਹੈ। ਇਸ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਾ ਸਾਡੀ ਜ਼ਿੰਮੇਵਾਰੀ ਹੈ।
ਕੌਮੀ ਲੀਡਰਸ਼ਿਪ ਲਈ ਇਹ ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਕੁਝ ਹੀ ਮਹੀਨਿਆਂ ਅੰਦਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਪੰਜਾਬ ਚੋਣਾਂ ਨੂੰ ਲੈ ਕੇ ਕਾਫ਼ੀ ਗੰਭੀਰ ਹਨ। ਇਸੇ ਕਾਰਨ ਪਾਰਟੀ ਦੀ ਕੌਮੀ ਲੀਡਰਸ਼ਿਪ ਵੱਲੋਂ ਤੁਰੰਤ ‘ਗ਼ਲਤੀਆਂ ਸੁਧਾਰਨ’ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵਰਕਰਾਂ ਦੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ। ਇਸ ਦੇ ਨਾਲ ਹੀ ਕੌਮੀ ਪ੍ਰਧਾਨ ਵੱਲੋਂ ਵਿਧਾਨ ਸਭਾ ਚੋਣਾਂ ਲਈ ਬਣ ਰਹੀਆਂ ਨਵੀਆਂ ਸੰਭਾਵਨਾਵਾਂ ਲਈ ਵੀ ਸੂਬਾ ਪਾਰਟੀ ਲੀਡਰਸ਼ਿਪ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਸਪੱਸ਼ਟ ਕੀਤਾ ਗਿਆ ਹੈ ਕਿ ਚੋਣਾਂ ’ਚ ਜਿੱਤ ਲਈ ਇਹ ਬਹੁਤ ਅਹਿਮ ਹੋਵੇਗਾ ਕਿ ਸੂਬਾ ਲੀਡਰਸ਼ਿਪ ਠੀਕ ਉਸੇ ਤਰ੍ਹਾਂ ਅਮਲ ਕਰੇ, ਜਿਵੇਂ ਨਿਰਦੇਸ਼ ਕੇਂਦਰੀ ਲੀਡਰਸ਼ਿਪ ਵੱਲੋਂ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੀਟਿੰਗ ਤੋਂ ਸੰਕੇਤ ਲੈਣ ਲਈ ਵੀ ਕਿਹਾ ਗਿਆ ਹੈ।