- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਦੇ ਮੁਤਾਬਕ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗਿਰੋਹ ਪੰਜਾਬ ਦੇ ਆਰਥਿਕ ਤੌਰ 'ਤੇ ਕਮਜ਼ੋਰ ਨਾਬਾਲਗ ਲੜਕਿਆਂ ਦੀ ਭਰਤੀ ਕਰਦਾ ਹੈ, ਕਿਉਂਕਿ ਅਪਰਾਧ ਕਰਵਾਉਣ ਦੇ ਬਦਲੇ ਇਨ੍ਹਾਂ ਨੂੰ ਬਹੁਤ ਘੱਟ ਰਕਮ ਦੇਣੀ ਪੈਂਦੀ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਸੰਗਠਤ ਅਪਰਾਧ ਨੈੱਟਵਰਕ ਬਾਰੇ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆਈਆਂ ਹਨ। ਅਮਰੀਕਾ ਦੇ ਨਿਆਂ ਵਿਭਾਗ ਅਤੇ ਐੱਫਬੀਆਈ ਦੀ ਜਾਂਚ ਮੁਤਾਬਕ ਇਹ ਗੈਂਗ ਨਾਬਾਲਗਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਦਾ ਇਸਤੇਮਾਲ ਕਰਦੇ ਹਨ। ਪਹਿਲਾਂ ਇੰਟਰਨੈੱਟ ਮੀਡੀਆ 'ਤੇ ਸੰਪਰਕ ਕੀਤਾ ਜਾਂਦਾ ਹੈ, ਫਿਰ ਪੈਸੇ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਗੈਂਗ ਨਾਲ ਜੋੜਿਆ ਜਾਂਦਾ ਹੈ। ਲਾਸ ਏਂਜਲਸ ਦੀ ਸੰਘੀ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਗਵਾਨਪੁਰੀਆ ਗੈਂਗ ਭਾਰਤ ਵਿਚ 20 ਹਜ਼ਾਰ ਰੁਪਏ ਦੇ ਕੇ ਹਤਿਆ ਤੱਕ ਦੀਆਂ ਵਾਰਦਾਤਾਂ ਕਰਵਾ ਰਿਹਾ ਹੈ। ਇਹ ਨੈੱਟਵਰਕ ਅਮਰੀਕਾ ਅਤੇ ਕੈਨੇਡਾ ਤੱਕ ਫੈਲਿਆ ਹੋਇਆ ਹੈ।
ਰਿਪੋਰਟ ਦੇ ਮੁਤਾਬਕ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗਿਰੋਹ ਪੰਜਾਬ ਦੇ ਆਰਥਿਕ ਤੌਰ 'ਤੇ ਕਮਜ਼ੋਰ ਨਾਬਾਲਗ ਲੜਕਿਆਂ ਦੀ ਭਰਤੀ ਕਰਦਾ ਹੈ, ਕਿਉਂਕਿ ਅਪਰਾਧ ਕਰਵਾਉਣ ਦੇ ਬਦਲੇ ਇਨ੍ਹਾਂ ਨੂੰ ਬਹੁਤ ਘੱਟ ਰਕਮ ਦੇਣੀ ਪੈਂਦੀ ਹੈ। ਇਨ੍ਹਾਂ ਵਿੱਚੋਂ ਵਫ਼ਾਦਾਰ ਮੈਂਬਰਾਂ ਨੂੰ ਫ਼ਰਜ਼ੀ ਵਿਦਿਆਰਥੀ ਜਾਂ ਵਰਕ ਵੀਜ਼ਾ ਦਿਵਾ ਕੇ ਅਮਰੀਕਾ ਅਤੇ ਕੈਨੇਡਾ ਭੇਜਿਆ ਜਾਂਦਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਨੈੱਟਵਰਕ ਦੀ ਜ਼ਿੰਮੇਵਾਰੀ ਵੱਖ-ਵੱਖ ਦੇਸ਼ਾਂ ਵਿਚ ਸਹਿਯੋਗੀਆਂ ਨੂੰ ਸੌਂਪ ਰੱਖੀ ਹੈ। ਉਸ ਦਾ ਕਰੀਬੀ ਗੋਲਡੀ ਬਰਾੜ ਉੱਤਰੀ ਅਮਰੀਕਾ ਵਿਚ ਗਤੀਵਿਧੀਆਂ ਚਲਾਉਂਦਾ ਹੈ, ਜਦਕਿ ਰੋਹਿਤ ਗੋਦਾਰਾ ਯੂਰਪ ਵਿਚ ਨੈੱਟਵਰਕ ਸੰਭਾਲ ਰਿਹਾ ਹੈ। ਗਿਰੋਹ ਅਮਰੀਕਾ ਵਿਚ ਕੋਕੀਨ, ਮੈਥਾਮਫੇਟਾਮਾਈਨ ਅਤੇ ਹੇਰੋਇਨ ਦੀ ਤਸਕਰੀ ਵਿਚ ਵੀ ਸ਼ਾਮਲ ਹੈ। ਇਸ ਤੋਂ ਹੋਣ ਵਾਲੀ ਕਮਾਈ ਦਾ ਇਸਤੇਮਾਲ ਭਾਰਤ ਵਿਚ ਅਪਰਾਧ ਕਰਵਾਉਣ ਲਈ ਕੀਤਾ ਜਾਂਦਾ ਹੈ। ਦੂਜੇ ਪਾਸੇ, ਅਸਾਮ ਦੀ ਸਿਲਚਰ ਸੈਂਟਰਲ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਦੇ ਨੈੱਟਵਰਕ ਨਾਲ ਜੁੜੇ ਰਿਕਾਰਡ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਸਹਿਯੋਗੀ ਮਨਦੀਪ ਕੌਰ ਉਰਫ਼ ਚੀਮਾ ਦਾ ਇਸਤੇਮਾਲ ਅਮਰੀਕਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤਾ ਗਿਆ। ਜਾਂਚ ਵਿਚ ਹੁਸ਼ਿਆਰਪੁਰ ਦੇ ਤਤਕਾਲੀਨ ਟਾਂਡਾ ਥਾਣਾ ਇੰਚਾਰਜ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਗੈਂਗਸਟਰਾਂ ਦੇ ਨਾਲ ਮਿਲ ਕੇ ਲਾਸ ਏਂਜਲਸ ਦੇ ਇਕ ਪਰਿਵਾਰ ਤੋਂ ਚਾਰ ਲੱਖ ਡਾਲਰ ਦੀ ਫਿਰੌਤੀ ਮੰਗੀ ਸੀ। ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ ਫਿਨਟ੍ਰੈਕ ਨੇ ਵੀ ਚਿਤਾਵਨੀ ਜਾਰੀ ਕੀਤੀ ਸੀ ਕਿ ਆਰਥਿਕ ਤੌਰ 'ਤੇ ਕਮਜ਼ੋਰ ਭਾਰਤੀ ਵਿਦਿਆਰਥੀਆਂ ਨੂੰ ਧਮਕੀ ਦੇ ਕੇ ਹਿੰਸਕ ਵਾਰਦਾਤਾਂ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਲਈ ਏਜੰਸੀ ਨੇ ਬਿਸ਼ਨੋਈ ਅਤੇ ਬੰਬੀਹਾ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੈਨੇਡਾ ਸਰਕਾਰ 29 ਸਤੰਬਰ 2025 ਨੂੰ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੀ ਹੈ।
ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨ ਫਸ ਰਹੇ ਨੇ ਨੈੱਟਵਰਕ ’ਚ: ਡੀਜੀਪੀ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ 18 ਤੋਂ 30 ਸਾਲ ਦੇ ਨੌਜਵਾਨਾਂ ਨਾਲ ਇੰਸਟਾਗ੍ਰਾਮ, ਫੇਸਬੁੱਕ ਸਮੇਤ ਹੋਰ ਇੰਟਰਨੈੱਟ ਮੀਡੀਆ ਦੇ ਪਲੇਟਫਾਰਮਾਂ 'ਤੇ ਸੰਪਰਕ ਕਰ ਕੇ ਉਨ੍ਹਾਂ ਨੂੰ ਪੈਸੇ ਦਾ ਲਾਲਚ ਦਿੰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਦਾ ਹੱਤਿਆ, ਫਿਰੌਤੀ ਅਤੇ ਹੋਰ ਵਾਰਦਾਤਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਡੀਜੀਪੀ ਨੇ ਦੱਸਿਆ ਕਿ ਨਸ਼ੇ ਦੀ ਲਤ ਦੇ ਕਾਰਨ ਕਈ ਨੌਜਵਾਨ ਆਸਾਨੀ ਨਾਲ ਇਨ੍ਹਾਂ ਦੇ ਨੈੱਟਵਰਕ ਵਿਚ ਫਸ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਘੱਟ ਪੜ੍ਹੇ-ਲਿਖੇ ਜਾਂ ਸਕੂਲ ਛੱਡ ਚੁੱਕੇ ਨੌਜਵਾਨਾਂ ਦੀ ਹੈ। ਨੌਜਵਾਨਾਂ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਬਚਾਇਆ ਜਾ ਸਕੇ।