ਪ੍ਰਸ਼ਾਸਨ ਦਾ ਵੱਡਾ ਕਦਮ: 16 ਦਿਨਾਂ 'ਚ 1 ਕਰੋੜ ਤੋਂ ਵੱਧ ਗਣਨਾ ਫਾਰਮ ਹੋਏ ਡਿਜੀਟਾਈਜ਼; 1 ਅਕਤੂਬਰ ਨੂੰ ਜਾਰੀ ਹੋਵੇਗੀ ਅੰਤਿਮ ਵੋਟਰ ਸੂਚੀ
ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ (ਐੱਸਆਈਆਰ) ਮੁਹਿੰਮ ਤਹਿਤ ਸਿਰਫ਼ 16 ਦਿਨਾਂ ਵਿੱਚ ਇੱਕ ਕਰੋੜ ਤੋਂ ਵੱਧ ਗਣਨਾ ਫਾਰਮਾਂ ਨੂੰ ਸਫ਼ਲਤਾਪੂਰਵਕ ਡਿਜੀਟਾਈਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹੀ ਵੋਟਰ ਸੂਚੀਆਂ ਤਿਆਰ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਅਹਿਮ ਕਦਮ ਹੈ।
Publish Date: Sun, 12 Jul 2026 09:18 AM (IST)
Updated Date: Sun, 12 Jul 2026 09:19 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ - ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ (ਐੱਸਆਈਆਰ) ਮੁਹਿੰਮ ਤਹਿਤ ਸਿਰਫ਼ 16 ਦਿਨਾਂ ਵਿੱਚ ਇੱਕ ਕਰੋੜ ਤੋਂ ਵੱਧ ਗਣਨਾ ਫਾਰਮਾਂ ਨੂੰ ਸਫ਼ਲਤਾਪੂਰਵਕ ਡਿਜੀਟਾਈਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹੀ ਵੋਟਰ ਸੂਚੀਆਂ ਤਿਆਰ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਅਹਿਮ ਕਦਮ ਹੈ।
24,453 ਬੀਐੱਲਓ ਘਰ-ਘਰ ਕਰ ਰਹੇ ਹਨ ਸਰਵੇ ਮਿੱਤਰਾ ਨੇ ਦੱਸਿਆ ਕਿ 24,453 ਬੂਥ ਲੈਵਲ ਅਫ਼ਸਰ (ਬੀਐੱਲਓ) 25 ਜੂਨ ਤੋਂ 24 ਜੁਲਾਈ ਤੱਕ ਸੂਬੇ ਦੇ 2.14 ਕਰੋੜ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਬੀਐੱਲਓਜ਼, ਸੁਪਰਵਾਈਜ਼ਰਾਂ, ਏਈਆਰਓਜ਼ ਅਤੇ ਈਆਰਓਜ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 117 ਵਿਧਾਨ ਸਭਾ ਹਲਕਿਆਂ ਅਤੇ 24,453 ਪੋਲਿੰਗ ਸਟੇਸ਼ਨਾਂ 'ਤੇ ਗਣਨਾ ਫਾਰਮਾਂ ਦੀ ਵੰਡ, ਇਕੱਤਰੀਕਰਨ ਅਤੇ ਡਿਜੀਟਾਈਜ਼ੇਸ਼ਨ ਸਮੇਂ ਸਿਰ ਕੀਤਾ ਜਾ ਰਿਹਾ ਹੈ।
3 ਅਗਸਤ ਤੋਂ ਦਾਅਵੇ ਤੇ ਇਤਰਾਜ਼ ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤਤਾ 24 ਜੁਲਾਈ ਤੱਕ ਪੂਰੀ ਹੋਵੇਗੀ। ਖਰੜਾ ਵੋਟਰ ਸੂਚੀਆਂ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ, ਜਦਕਿ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਦਾਖ਼ਲ ਕੀਤੇ ਜਾ ਸਕਣਗੇ। ਇਨ੍ਹਾਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਜਾਰੀ ਹੋਵੇਗੀ। ਮਿੱਤਰਾ ਨੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਆਪਣੇ ਵੋਟਰ ਵੇਰਵਿਆਂ ਨੂੰ ਸਹੀ ਅਤੇ ਅਪਡੇਟ ਕਰਵਾਉਣ।