ਜਰਮਨੀ 'ਚ ਬੈਠੇ ਸਪਲਾਇਰ ਰਾਹੀਂ ਪਹੁੰਚੇ ਹਥਿਆਰ, ਤਰਨਤਾਰਨ 'ਚ ਹੋਈ ਟੈਸਟਿੰਗ; ਚੰਡੀਗੜ੍ਹ ਦੇ ਜਾਨਕੀਦਾਸ ਹੱਤਿਆਕਾਂਡ 'ਚ ਵੱਡਾ ਖੁਲਾਸਾ
ਮੁੱਖ ਸ਼ੂਟਰ ਸੈਨੀ ਮਹਿਰਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉਸ ਦੇ ਸਾਥੀ ਅਮਿਤ ਉਰਫ਼ ਸ਼ਰਾਬੀ ਨੇ ਦੱਸਿਆ ਸੀ ਕਿ ਉਸ ਦਾ ਦੋਸਤ ਰੋਹਿਤ ਉਰਫ਼ ਮੱਖਣ ਜੰਮੂ ਦੀ ਆਮਫਲਾ ਜੇਲ੍ਹ 'ਚ ਬੰਦ ਹੈ। ਉਸ ਨੂੰ ਚੰਡੀਗੜ੍ਹ 'ਚ ਇੱਕ ਵੱਡਾ ਕੰਮ ਕਰਵਾਉਣਾ ਹੈ ਅਤੇ ਇਸ ਲਈ ਮੋਟੀ ਰਕਮ ਦੇਣ ਦੀ ਗੱਲ ਕਹੀ ਗਈ ਸੀ।
Publish Date: Sat, 26 Sep 2026 01:59 PM (IST)
Updated Date: Sat, 26 Sep 2026 02:02 PM (IST)
ਰਵੀ ਅਟਵਾਲ, ਚੰਡੀਗੜ੍ਹ : ਸੈਕਟਰ-11 ਸਥਿਤ ਸ੍ਰੀ ਕੁਮਾਰ ਕੈਮਿਸਟ ਸ਼ਾਪਸ ਦੇ ਕੈਸ਼ੀਅਰ ਜਾਨਕੀਦਾਸ ਹੱਤਿਆਕਾਂਡ 'ਚ ਸੈਕਟਰ-11 ਥਾਣਾ ਪੁਲਿਸ ਵੱਲੋਂ ਜ਼ਿਲ੍ਹਾ ਅਦਾਲਤ 'ਚ 500 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਚਾਰਜਸ਼ੀਟ 'ਚ ਹੱਤਿਆ ਦੀ ਸਾਜ਼ਿਸ਼, ਹਥਿਆਰਾਂ ਦੀ ਸਪਲਾਈ ਤੇ ਸ਼ੂਟਰਾਂ ਦੇ ਚੰਡੀਗੜ੍ਹ ਪਹੁੰਚਣ ਤੋਂ ਲੈ ਕੇ ਵਾਰਦਾਤ ਨੂੰ ਅੰਜਾਮ ਦੇਣ ਤਕ ਦੀ ਪੂਰੀ ਕੜੀ ਦਾ ਜ਼ਿਕਰ ਕੀਤਾ ਹੈ।
ਚਾਰਜਸ਼ੀਟ ਮੁਤਾਬਕ ਵਿਦੇਸ਼ 'ਚ ਬੈਠੇ ਰਾਣਾ ਢਿੱਲੋਂ ਅਤੇ ਗੋਲਡੀ ਢਿੱਲੋਂ ਨੇ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਸ਼ੂਟਰਾਂ ਸੈਨੀ ਮਹਿਰਾ ਅਤੇ ਅਮਿਤ ਉਰਫ਼ ਸ਼ਰਾਬੀ ਨੂੰ ਤਰਨਤਾਰਨ 'ਚ ਹਥਿਆਰ ਉਪਲਬਧ ਕਰਵਾਏ ਗਏ ਸਨ।
ਉੱਥੇ ਹੀ ਇਸ ਸਾਜ਼ਿਸ਼ 'ਚ ਜਰਮਨੀ ਦੇ ਸੂਮਨ ਨਾਂ ਦੇ ਇੱਕ ਵਿਅਕਤੀ ਦਾ ਵੀ ਨਾਮ ਸਾਹਮਣੇ ਆਇਆ ਹੈ। ਉਸ ਨੂੰ ਡਰੱਗਜ਼ ਅਤੇ ਹਥਿਆਰਾਂ ਦਾ ਵੱਡਾ ਸਪਲਾਇਰ ਦੱਸਿਆ ਜਾ ਰਿਹਾ ਹੈ। ਉਸੇ ਨੇ ਤਰਨਤਾਰਨ ਦੇ 28 ਸਾਲਾ ਆਕਾਸ਼ ਉਰਫ਼ ਮਨੀ ਤੱਕ ਆਟੋਮੈਟਿਕ ਪਿਸਤੌਲ ਸਮੇਤ ਕਈ ਹਥਿਆਰ ਅਤੇ ਵੱਡੀ ਮਾਤਰਾ 'ਚ ਡਰੱਗਜ਼ ਪਹੁੰਚਾਈ ਸੀ।
ਇਹੀ ਹਥਿਆਰ ਬਾਅਦ 'ਚ ਆਕਾਸ਼ ਰਾਹੀਂ ਚੰਡੀਗੜ੍ਹ 'ਚ ਹੱਤਿਆ ਕਰਨ ਲਈ ਭੇਜੇ ਗਏ ਸੈਨੀ ਮਹਿਰਾ ਅਤੇ ਅਮਿਤ ਉਰਫ਼ ਸ਼ਰਾਬੀ ਤੱਕ ਪਹੁੰਚੇ ਸਨ। ਇਨ੍ਹਾਂ 'ਚ ਤੁਰਕੀ ਮੇਡ ਜਿਗਾਨਾ ਪਿਸਤੌਲ ਅਤੇ .30 ਬੋਰ ਦੀ ਪਿਸਤੌਲ ਸ਼ਾਮਲ ਸੀ।
ਇਸ ਤੋਂ ਬਾਅਦ ਤਰਨਤਾਰਨ 'ਚ ਬਾਦਸ਼ਾਹ ਉਰਫ਼ ਖ਼ਾਨ ਦੇ ਘਰ 'ਤੇ ਇਨ੍ਹਾਂ ਹਥਿਆਰਾਂ ਦੀ ਟੈਸਟ ਫਾਇਰਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਸ਼ੂਟਰਾਂ ਨੂੰ ਹਥਿਆਰਾਂ ਦੇ ਨਾਲ 50 ਹਜ਼ਾਰ ਰੁਪਏ ਵੀ ਦਿੱਤੇ ਗਏ ਸਨ।
ਜੇਲ੍ਹ 'ਚ ਬੰਦ ਰੋਹਿਤ ਤੋਂ ਮਿਲਿਆ ਟਾਰਗੇਟ
ਮੁੱਖ ਸ਼ੂਟਰ ਸੈਨੀ ਮਹਿਰਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉਸ ਦੇ ਸਾਥੀ ਅਮਿਤ ਉਰਫ਼ ਸ਼ਰਾਬੀ ਨੇ ਦੱਸਿਆ ਸੀ ਕਿ ਉਸ ਦਾ ਦੋਸਤ ਰੋਹਿਤ ਉਰਫ਼ ਮੱਖਣ ਜੰਮੂ ਦੀ ਆਮਫਲਾ ਜੇਲ੍ਹ 'ਚ ਬੰਦ ਹੈ। ਉਸ ਨੂੰ ਚੰਡੀਗੜ੍ਹ 'ਚ ਇੱਕ ਵੱਡਾ ਕੰਮ ਕਰਵਾਉਣਾ ਹੈ ਅਤੇ ਇਸ ਲਈ ਮੋਟੀ ਰਕਮ ਦੇਣ ਦੀ ਗੱਲ ਕਹੀ ਗਈ ਸੀ।
ਇਸ ਤੋਂ ਬਾਅਦ ਦੋਵਾਂ ਨੂੰ ਗੋਲਡੀ ਢਿੱਲੋਂ ਵੱਲੋਂ ਵੱਖ-ਵੱਖ ਹਦਾਇਤਾਂ ਮਿਲਦੀਆਂ ਰਹੀਆਂ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੈਕਟਰ-11 'ਚ ਕੁਮਾਰ ਬ੍ਰਦਰਜ਼ ਨਾਂ ਨਾਲ ਦੋ ਭਰਾ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਨੂੰ ਡਰਾਉਣ ਲਈ ਭੇਜਿਆ ਗਿਆ ਸੀ। ਬਾਅਦ 'ਚ ਕੈਸ਼ ਕਾਊਂਟਰ 'ਤੇ ਬੈਠੇ ਇੱਕ ਵਿਅਕਤੀ ਦਾ ਹੁਲੀਆ ਦੱਸਿਆ ਗਿਆ ਸੀ।
13 ਜੂਨ ਨੂੰ ਦੁਪਹਿਰ ਕਰੀਬ 2:10 ਵਜੇ ਸੈਨੀ ਅਤੇ ਅਮਿਤ ਸੈਕਟਰ-11 ਪਹੁੰਚੇ। ਉਨ੍ਹਾਂ ਦਾ ਤੀਜਾ ਸਾਥੀ ਆਰੀਅਨ ਬਾਈਕ ਲੈ ਕੇ ਪਹਿਲਾਂ ਤੋਂ ਉੱਥੇ ਉਡੀਕ ਕਰ ਰਿਹਾ ਸੀ। ਸੈਕਟਰ-11 'ਚ ਕੁਮਾਰ ਨਾਂ ਦੀਆਂ ਕਈ ਦੁਕਾਨਾਂ ਹੋਣ ਕਾਰਨ ਉਹ ਕੁਝ ਸਮੇਂ ਤੱਕ ਭੰਬਲਭੂਸੇ 'ਚ ਰਹੇ।
ਇਸੇ ਦੌਰਾਨ ਉਨ੍ਹਾਂ ਨੂੰ ਇੱਕ ਦੁਕਾਨ ਦੇ ਕੈਸ਼ ਕਾਊਂਟਰ 'ਤੇ ਦੱਸੇ ਗਏ ਹੁਲਿਏ ਵਰਗਾ ਮੋਟਾ ਵਿਅਕਤੀ ਨਜ਼ਰ ਆਇਆ। ਦੋਵੇਂ ਦੁਕਾਨ 'ਚ ਦਾਖ਼ਲ ਹੋਏ ਅਤੇ ਸੈਨੀ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਨੇ ਇਸ ਤਰ੍ਹਾਂ ਜੋੜੀਆਂ ਕੜੀਆਂ...
- ਰਾਣਾ ਅਤੇ ਗੋਲਡੀ ਢਿੱਲੋਂ ਨੇ ਹੱਤਿਆ ਕਰਵਾਉਣ ਲਈ ਜੰਮੂ ਜੇਲ੍ਹ 'ਚ ਬੰਦ ਰੋਹਿਤ ਉਰਫ਼ ਮੱਖਣ ਨੂੰ ਕੰਮ ਸੌਂਪਿਆ।
- ਰੋਹਿਤ ਨੇ ਇਹ ਜ਼ਿੰਮੇਵਾਰੀ ਅਮਿਤ ਅਤੇ ਸੈਨੀ ਮਹਿਰਾ ਨੂੰ ਦਿੱਤੀ।
- ਹਥਿਆਰ ਪਹੁੰਚਾਉਣ ਦੀ ਜ਼ਿੰਮੇਵਾਰੀ ਤਰਨਤਾਰਨ ਵਾਸੀ ਆਕਾਸ਼ ਉਰਫ਼ ਮਨੀ ਨੂੰ ਮਿਲੀ।
- ਜਰਮਨੀ ਤੋਂ ਸੂਮਨ ਨਾਂ ਦੇ ਕਿਸੇ ਵਿਅਕਤੀ ਨੇ ਆਕਾਸ਼ ਤੱਕ ਹਥਿਆਰ ਅਤੇ ਡਰੱਗਜ਼ ਪਹੁੰਚਾਈ।
- ਆਕਾਸ਼ ਅਤੇ ਸਚਿਨ ਹਥਿਆਰ ਲੈ ਕੇ 9 ਜੂਨ 2026 ਨੂੰ ਤਰਨਤਾਰਨ ਪਹੁੰਚੇ।
ਕਪੂਰਥਲਾ ਜੇਲ੍ਹ 'ਚ ਬੰਦ ਧਰਮਿੰਦਰ ਉਰਫ਼ ਗੋਲੀ ਨੇ ਹਥਿਆਰ ਲੈਣ ਲਈ ਤਰਨਤਾਰਨ ਬੱਸ ਸਟੈਂਡ 'ਤੇ ਗੁਰਮੀਤ ਉਰਫ਼ ਬਾਦਸ਼ਾਹ ਉਰਫ਼ ਖ਼ਾਨ ਨੂੰ ਭੇਜਿਆ। ਆਕਾਸ਼ ਅਤੇ ਸਚਿਨ ਨੇ ਹਥਿਆਰ ਖ਼ਾਨ ਨੂੰ ਸੌਂਪੇ। ਸੈਨੀ ਅਤੇ ਅਮਿਤ ਵੀ ਤਰਨਤਾਰਨ ਪਹੁੰਚੇ, ਜਿੱਥੇ ਉਹ ਬਾਦਸ਼ਾਹ ਉਰਫ਼ ਖ਼ਾਨ ਨੂੰ ਮਿਲੇ। 9 ਜੂਨ 2026 ਦੀ ਰਾਤ ਖ਼ਾਨ ਦੇ ਘਰ ਹਥਿਆਰਾਂ ਦੀ ਟੈਸਟ ਫਾਇਰਿੰਗ ਕੀਤੀ ਗਈ ਅਤੇ ਫਿਰ ਉਸੇ ਦੇ ਘਰ ਦੀ ਛੱਤ 'ਤੇ ਸੌਂ ਗਏ।
ਅਗਲੇ ਦਿਨ ਉਹ ਟੈਕਸੀ ਲੈ ਕੇ ਚੰਡੀਗੜ੍ਹ ਪਹੁੰਚੇ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਵਾਰਦਾਤ ਤੋਂ ਬਾਅਦ ਦਿੱਲੀ ਭੱਜ ਗਏ ਅਤੇ ਉੱਥੋਂ ਵਾਪਸ ਜੰਮੂ ਪਰਤ ਆਏ। ਇਸੇ ਦੌਰਾਨ ਉਹ ਫੜੇ ਗਏ।