ਵੱਡੀ ਖ਼ਬਰ: ‘ਭਗਵੰਤ ਮਾਨ ਦੇ ਬਚਾਅ ਲਈ ਝੂਠ ਬੋਲ ਰਹੀ 'ਆਪ' ਸਰਕਾਰ...', ਵਿਵਾਦਤ ਵੀਡੀਓ ਮਾਮਲੇ 'ਚ ਕਾਂਗਰਸ ਦਾ ਤਿੱਖਾ ਹਮਲਾ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਜਾ ਰਹੇ “ਕਮਜ਼ੋਰ ਬਚਾਅ” ’ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਇਹ ਉਸ ਗੱਲ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦਾ ਬਚਾਅ ਕੀਤਾ ਹੀ ਨਹੀਂ ਜਾ ਸਕਦਾ ਹੈ। ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨੂੰ “ਗੁਰੂ ਵਿਰੋਧੀ ਅਤੇ ਸਿੱਖ ਵਿਰੋਧੀ” ਕਰਾਰ ਦਿੱਤਾ ਗਿਆ ਹੈ।
Publish Date: Thu, 18 Jun 2026 05:38 PM (IST)
Updated Date: Thu, 18 Jun 2026 05:41 PM (IST)

ਪੰਜਾਬੀ ਜਾਗਰਣ, ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਜਾ ਰਹੇ “ਕਮਜ਼ੋਰ ਬਚਾਅ” ’ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਇਹ ਉਸ ਗੱਲ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦਾ ਬਚਾਅ ਕੀਤਾ ਹੀ ਨਹੀਂ ਜਾ ਸਕਦਾ ਹੈ। ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨੂੰ “ਗੁਰੂ ਵਿਰੋਧੀ ਅਤੇ ਸਿੱਖ ਵਿਰੋਧੀ” ਕਰਾਰ ਦਿੱਤਾ ਗਿਆ ਹੈ।
ਇਸ ਲੜੀ ਹੇਠ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਕੁਝ ਅਣਪਛਾਤੀਆਂ ਲੈਬੋਰਟਰੀਆਂ ਦੀਆਂ ਕਥਿਤ ਰਿਪੋਰਟਾਂ ਦਾ ਹਵਾਲਾ ਦੇ ਕੇ ਕੀਤੇ ਗਏ ਦਾਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ‘ਆਪ’ ਅਸੰਭਵ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਇਹ ਵੀ ਸਵਾਲ ਉਠਾਇਆ ਕਿ ਆਪ ਨੇ ਮੁੱਖ ਮੰਤਰੀ ਨੂੰ “ਕਲੀਨ ਚਿੱਟ” ਦੇਣ ਲਈ ਸਿਰਫ਼ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਲੈਬੋਰਟਰੀਆਂ ਤੋਂ ਰਿਪੋਰਟਾਂ ਕਿਵੇਂ ਹਾਸਲ ਕਰ ਲਈਆਂ।
ਉਨ੍ਹਾਂ ਨੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਤੁਸੀਂ ਝੂਠ ਬੋਲਣਾ ਹੈ ਤਾਂ ਘੱਟੋ-ਘੱਟ ਢੰਗ ਨਾਲ ਤਾਂ ਝੂਠ ਬੋਲ ਲੈਂਦੇ ਅਤੇ ਕੁਝ ਸਮਾਂ ਤਾਂ ਉਡੀਕ ਕਰ ਲੈਂਦੇ। ਉਨ੍ਹਾਂ ਨੇ ‘ਆਪ’ ਆਗੂਆਂ ਨੂੰ ਪੁੱਛਿਆ ਕਿ 24 ਘੰਟਿਆਂ ’ਚ ਮਿਲੀਆਂ ਇਨ੍ਹਾਂ “ਕਲੀਨ ਚਿੱਟ” ਰਿਪੋਰਟਾਂ ’ਤੇ ਆਖ਼ਿਰ ਕੌਣ ਵਿਸ਼ਵਾਸ ਕਰੇਗਾ?
ਵੜਿੰਗ ਨੇ ਕਿਹਾ ਕਿ ‘ਆਪ’ ਦਾ ਬਚਾਅ ਪੱਖ ਬਹੁਤ ਕਮਜ਼ੋਰ ਹੈ ਅਤੇ ਪਾਰਟੀ ਆਪਣੇ ਹੀ ਪਹਿਲਾਂ ਦੇ ਸਟੈਂਡ ਦਾ ਖੰਡਨ ਕਰ ਰਹੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜਦੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਸਿੱਧੇ ਤੌਰ ’ਤੇ ਇਹ ਕਹਿ ਕੇ ਵੀਡੀਓਜ਼ ਨੂੰ ਰੱਦ ਕਰ ਦਿੱਤਾ ਸੀ ਕਿ ਇਹ ਏ.ਆਈ. ਰਾਹੀਂ ਤਿਆਰ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਸਾਬਤ ਹੋ ਗਿਆ ਹੈ ਕਿ ਵੀਡੀਓ ਅਸਲੀ ਹਨ ਅਤੇ ਏ.ਆਈ. ਰਾਹੀਂ ਤਿਆਰ ਨਹੀਂ ਕੀਤੀਆਂ ਗਈਆਂ ਹਨ ਤਾਂ ‘ਆਪ’ ਦਾ ਬਚਾਅ ਇਹ ਬਣ ਗਿਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਸੀ ਕਿ ਉਹ ਜਿੱਥੇ ਚਾਹੁਣ ਵੀਡੀਓਜ਼ ਦੀ ਫੋਰੈਂਸਿਕ ਜਾਂਚ ਕਰਵਾ ਲੈਣ।
ਵੜਿੰਗ ਨੇ ‘ਆਪ’ ਨੂੰ ਇਹ ਵੀ ਪੁੱਛਿਆ ਕਿ ਜਦੋਂ ਇਹ ਵੀਡੀਓ ਕਈ ਮਹੀਨਿਆਂ ਤੋਂ ਜਨਤਕ ਤੌਰ ’ਤੇ ਘੁੰਮ ਰਹੀਆਂ ਸਨ, ਤਾਂ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹੁਣ ਹੀ ਕਿਉਂ ਅਤੇ ਇੰਨੀ ਜਲਦੀ ਕਿਉਂ ਹੈ? ਉਨ੍ਹਾਂ ਨੇ ਕਿਹਾ ਕਿ ਅੱਜ ‘ਆਪ’ ਵੱਲੋਂ ਦਿੱਤੇ ਗਏ ਬਚਾਅ ਨੇ ਜਵਾਬ ਘੱਟ ਅਤੇ ਸਵਾਲ ਵੱਧ ਖੜ੍ਹੇ ਕੀਤੇ ਹਨ ਅਤੇ ਇਸ ਨਾਲ ਲੋਕਾਂ ਵਿੱਚ ਬਣੀ ਇਹ ਧਾਰਣਾ ਹੋਰ ਮਜ਼ਬੂਤ ਹੋਈ ਹੈ ਕਿ ਆਪ ਲਗਾਤਾਰ ਝੂਠ ਬੋਲਣ ਵਾਲੀ ਪਾਰਟੀ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ। ਉਨ੍ਹਾਂ ਨੇ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਾਹਮਣਾ ਕਰ ਰਹੇ ਹੋ, ਇਤਿਹਾਸ ਸ਼ਾਇਦ ਤੁਹਾਡੇ ਨਾਲ ਨਰਮੀ ਨਾ ਵਰਤੇ।