- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਆਈ ਨੇ 75 ਕਰੋੜ ਰੁਪਏ ਦੇ ਕ੍ਰੈਸਟ ਘੋਟਾਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਵਨੀਤ ਸ਼੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਸੀਬੀਆਈ ਨੇ 75 ਕਰੋੜ ਰੁਪਏ ਦੇ ਕ੍ਰੈਸਟ ਘੋਟਾਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਵਨੀਤ ਸ਼੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ’ਤੇ ਫਰਜ਼ੀ ਕੰਪਨੀਆਂ ਰਾਹੀਂ ਕ੍ਰੈਸਟ ਦੇ ਫੰਡਾਂ ਵਿੱਚੋਂ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹਨ। ਭਾਵੇਂ ਉਹ ਕਾਫ਼ੀ ਸਮੇਂ ਤੋਂ ਸ਼ੱਕ ਦੇ ਘੇਰੇ ਵਿੱਚ ਸਨ, ਪਰ ਲੰਬੀ ਜਾਂਚ ਤੋਂ ਬਾਅਦ ਸੀਬੀਆਈ ਨੇ ਆਖ਼ਿਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਨੇ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਨਵਨੀਤ ਸ਼੍ਰੀਵਾਸਤਵ 2014 ਬੈਚ ਦੇ ਇੰਡੀਅਨ ਫਾਰੈਸਟ ਸਰਵਿਸ (IFS) ਅਧਿਕਾਰੀ ਹਨ।
ਸੀਬੀਆਈ ਅਨੁਸਾਰ ਜਾਂਚ ਦੌਰਾਨ ਨਵਨੀਤ ਸ਼੍ਰੀਵਾਸਤਵ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਂਚ ਵਿੱਚ ਪਤਾ ਲੱਗਾ ਕਿ ਕ੍ਰੈਸਟ ਦੇ ਆਈਡੀਐਫਸੀ ਫਰਸਟ ਬੈਂਕ, ਚੰਡੀਗੜ੍ਹ ਵਿੱਚ ਤਿੰਨ ਖਾਤੇ ਸਨ। ਇਨ੍ਹਾਂ ਖਾਤਿਆਂ ਵਿੱਚ ਜਮ੍ਹਾਂ ਕਰੋੜਾਂ ਰੁਪਏ ਦੀ ਰਕਮ ਦਾ ਦੋਸ਼ੀਆਂ ਵੱਲੋਂ ਨਿੱਜੀ ਵਰਤੋਂ ਲਈ ਇਸਤੇਮਾਲ ਕੀਤਾ ਗਿਆ। ਨਵਨੀਤ ਸ਼੍ਰੀਵਾਸਤਵ ਅਤੇ ਹੋਰ ਦੋਸ਼ੀਆਂ ਨੇ ਫਰਜ਼ੀ ਕੰਪਨੀਆਂ ਬਣਾਕੇ ਕ੍ਰੈਸਟ ਦੇ ਫੰਡਾਂ ਦੀ ਨਿੱਜੀ ਵਰਤੋਂ ਕੀਤੀ, ਜਿਸ ਨਾਲ ਕ੍ਰੈਸਟ ਨੂੰ ਲਗਭਗ 75 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਸੀਬੀਆਈ ਨੂੰ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਕੰਪਨੀਆਂ ਵਿੱਚ ਸਰਕਾਰੀ ਰਕਮ ਟ੍ਰਾਂਸਫਰ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਇੱਕ ਕੰਪਨੀ ਵਿੱਚ ਨਵਨੀਤ ਸ਼੍ਰੀਵਾਸਤਵ ਦੀ ਪਤਨੀ ਅਤੇ ਇੱਕ ਹੋਰ ਰਿਸ਼ਤੇਦਾਰ ਡਾਇਰੈਕਟਰ ਸਨ। ਇਸ ਕਾਰਨ ਸੀਬੀਆਈ ਨੂੰ ਸ਼ੁਰੂ ਤੋਂ ਹੀ ਉਨ੍ਹਾਂ ’ਤੇ ਸ਼ੱਕ ਸੀ। ਇਸ ਮਾਮਲੇ ਵਿੱਚ ਕ੍ਰੈਸਟ ਦੇ ਤਤਕਾਲੀਨ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਅਬਰੋਲ ਅਤੇ ਅਕਾਊਂਟੈਂਟ ਸਾਹਿਲ ਕੁੱਕੜ ਨੂੰ ਸੀਬੀਆਈ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਵਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ ਅਤੇ ਉਹ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ।