- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਈਕਵਾਂਡੋ ਖਿਡਾਰੀ ਚੰਡੀਗੜ੍ਹ ਦੀ ਏਤਿਸ਼ਾ ਦਾਸ ਨੇ ਏਸ਼ਿਆਈ ਖੇਡਾਂ-2026 ’ਚ 67 ਕਿੱਲੋਗ੍ਰਾਮ ਤੋਂ ਵੱਧ ਭਾਰ ਵਰਗ ’ਚ ਭਾਰਤ ਦਾ ਪ੍ਰਤੀਨਿਧਿਤਵ ਕਰਨ ਲਈ ਭਾਰਤੀ ਓਲੰਪਿਕ ਸੰਘ ਨੂੰ ਉਸ ਦਾ ਨਾਮ ਭੇਜਣ ਦਾ ਹੁਕਮ ਦੇਣ ਦੀ ਮੰਗ ਕਰਦਿਆਂ ਪਹਿਲਾਂ ਹਾਈ ਕੋਰਟ ਦਾ ਰੁਖ ਕੀਤਾ ਸੀ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਖ਼ਿਲਾਫ਼ ਦਾਇਰ ਕੀਤੀ ਉਲੰਘਣਾ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਹੈ। ਤਾਈਕਵਾਂਡੋ ਖਿਡਾਰੀ ਨੇ ਦੋਸ਼ ਲਾਇਆ ਹੈ ਕਿ ਏਸ਼ਿਆਈ ਖੇਡਾਂ-2026 ’ਚ ਉਸ ਦੀ ਚੋਣ ਸਬੰਧੀ ਭਾਰਤੀ ਓਲੰਪਿਕ ਸੰਘ ਨੇ ਹਾਈ ਕੋਰਟ ’ਚ ਜੋ ਵਿਸ਼ਵਾਸ ਦਿੱਤਾ ਸੀ, ਉਸ 'ਤੇ ਬਾਅਦ ’ਚ ਅਮਲ ਨਹੀਂ ਕੀਤਾ ਗਿਆ।
ਤਾਈਕਵਾਂਡੋ ਖਿਡਾਰੀ ਚੰਡੀਗੜ੍ਹ ਦੀ ਏਤਿਸ਼ਾ ਦਾਸ ਨੇ ਏਸ਼ਿਆਈ ਖੇਡਾਂ-2026 ’ਚ 67 ਕਿੱਲੋਗ੍ਰਾਮ ਤੋਂ ਵੱਧ ਭਾਰ ਵਰਗ ’ਚ ਭਾਰਤ ਦਾ ਪ੍ਰਤੀਨਿਧਿਤਵ ਕਰਨ ਲਈ ਭਾਰਤੀ ਓਲੰਪਿਕ ਸੰਘ ਨੂੰ ਉਸ ਦਾ ਨਾਮ ਭੇਜਣ ਦਾ ਹੁਕਮ ਦੇਣ ਦੀ ਮੰਗ ਕਰਦਿਆਂ ਪਹਿਲਾਂ ਹਾਈ ਕੋਰਟ ਦਾ ਰੁਖ ਕੀਤਾ ਸੀ। 20 ਜੁਲਾਈ 2026 ਨੂੰ ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਸਾਹਮਣੇ ਭਾਰਤੀ ਓਲੰਪਿਕ ਸੰਘ ਵੱਲੋਂ ਕਿਹਾ ਗਿਆ ਸੀ ਕਿ ਖਿਡਾਰੀ ਦਾ ਨਾਮ ਏਸ਼ਿਆਈ ਖੇਡਾਂ ’ਚ ਭਾਈਵਾਲੀ ਲਈ ਪਹਿਲਾਂ ਹੀ ਸੁਝਾਇਆ ਜਾ ਚੁੱਕਾ ਹੈ। ਇਹ ਵੀ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਨਾਮ ਓਲੰਪਿਕ ਕੌਂਸਲ ਆਫ ਏਸ਼ੀਆ ਤੇ ਸਬੰਧਤ ਮੰਤਰੀਆਂ ਨੂੰ ਭੇਜ ਦਿੱਤਾ ਗਿਆ ਹੈ। ਇਸ ਬਿਆਨ ਦੇ ਆਧਾਰ 'ਤੇ ਅਦਾਲਤ ਨੇ ਉਸ ਸਮੇਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਪਟੀਸ਼ਨ ਨਿਪਟਣ ਦੇ ਬਾਅਦ ਉਸ ਨੂੰ ਪਤਾ ਲੱਗਾ ਤੇ ਰਿਕਾਰਡ ’ਚ ਉਪਲਬਧ ਸਮੱਗਰੀ ਨਾਲ ਇਸ ਦੀ ਪੁਸ਼ਟੀ ਵੀ ਹੋਈ ਕਿ ਭਾਰਤੀ ਓਲੰਪਿਕ ਸੰਘ ਨੇ ਅਸਲ ’ਚ ਉਸਦਾ ਨਾਮ ਸੰਬੰਧਤ ਅਧਿਕਾਰੀਆਂ ਨੂੰ ਨਹੀਂ ਭੇਜਿਆ ਸੀ।
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਅਦਾਲਤ ਸਾਹਮਣੇ ਦਿੱਤਾ ਗਿਆ ਬਿਆਨ ਸਿਰਫ ਆਮ ਭਰੋਸਾ ਨਹੀਂ ਸੀ, ਬਲਕਿ ਸੰਘ ਵੱਲੋਂ ਸਪੱਸ਼ਟ ਤੌਰ’ਤੇ ਕਿਹਾ ਗਿਆ ਸੀ ਕਿ ਉਸਦੇ ਨਾਮ ਦੀ ਸਿਫਾਰਸ਼ ਤੇ ਉਸ ਨੂੰ ਸੰਬੰਧਤ ਸੰਸਥਾਵਾਂ ਨੂੰ ਭੇਜਣ ਦੀ ਕਾਰਵਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਪਟੀਸ਼ਨਕਰਤਾ ਨੇ ਇਸ ਨੂੰ ਅਦਾਲਤ ਦੇ ਹੁਕਮ ਦਾ ਜਾਣ-ਬੂਝ ਕੇ ਪਾਲਣ ਨਾ ਕਰਨਾ ਦੱਸਦੇ ਹੋਏ ਉਲੰਘਣਾ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।