ਬਜ਼ੁਰਗਾਂ ਲਈ ਵੱਡੀ ਪਹਿਲ, ਸੈਕਟਰ-17 'ਚ ਬਣਾਇਆ ਗਿਆ ਖਾਸ ਬੈਠਕ ਸਥਾਨ; ਸ਼ਤਰੰਜ, ਲੂਡੋ ਤੇ ਕੈਰਮ ਖੇਡਣ ਦੀ ਵੀ ਸਹੂਲਤ
ਮੰਗਲਵਾਰ ਨੂੰ ਏਡੀਸੀ ਅਮਨਦੀਪ ਸਿੰਘ ਭੱਟੀ ਨੇ ਪਲਾਜ਼ਾ ਦੇ ਬੈਠਕ ਸਥਾਨ ਦਾ ਦੌਰਾ ਕਰ ਕੇ ਉੱਥੇ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ 'ਤੇ ਮੌਜੂਦ ਸੀਨੀਅਰ ਨਾਗਰਿਕਾਂ ਨਾਲ ਮੁਲਾਕਾਤ ਕਰਕੇ ਉਪਲਬਧ ਸਹੂਲਤਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੀਆਂ ਲੋੜਾਂ ਅਤੇ ਸੁਝਾਵਾਂ ਬਾਰੇ ਵੀ ਜਾਣਕਾਰੀ ਲਈ ਗਈ, ਤਾਂ ਜੋ ਇਸ ਸਹੂਲਤ ਨੂੰ ਹੋਰ ਜ਼ਿਆਦਾ ਲਾਭਦਾਇਕ ਬਣਾਇਆ ਜਾ ਸਕੇ।
Publish Date: Tue, 29 Sep 2026 03:14 PM (IST)
Updated Date: Tue, 29 Sep 2026 03:16 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਚੰਡੀਗੜ੍ਹ 'ਚ ਸੀਨੀਅਰ ਨਾਗਰਿਕਾਂ ਲਈ ਪ੍ਰਸ਼ਾਸਨ ਵੱਲੋਂ ਵੱਡੀ ਪਹਿਲ ਕੀਤੀ ਗਈ ਹੈ। ਸੈਕਟਰ-17 ਦੇ ਪਲਾਜ਼ਾ 'ਚ ਇਕ ਬੈਠਕ ਸਥਾਨ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇੱਥੇ ਨਵੀਆਂ ਕੁਰਸੀਆਂ ਤੇ ਮੇਜ਼ਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਛਤਰੀਆਂ, ਪੀਣ ਵਾਲਾ ਪਾਣੀ, ਅਖ਼ਬਾਰ ਤੇ ਰਸਾਲਿਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਮਨੋਰੰਜਨ ਲਈ ਸ਼ਤਰੰਜ, ਲੂਡੋ ਤੇ ਕੈਰਮ ਵਰਗੀਆਂ ਖੇਡਾਂ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ।
ਇਹ ਪਹਿਲ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਚੰਡੀਗੜ੍ਹ ਰੈੱਡਕ੍ਰਾਸ ਵੱਲੋਂ ਕੀਤੀ ਗਈ ਹੈ। ਇਸ ਦਾ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਆਪਣੇ ਖਾਲੀ ਸਮੇਂ ਦੌਰਾਨ ਬੈਠਣ, ਆਰਾਮ ਕਰਨ ਤੇ ਆਪਸ 'ਚ ਗੱਲਬਾਤ ਕਰਨ ਲਈ ਸੁਰੱਖਿਅਤ ਤੇ ਸੁਵਿਧਾਜਨਕ ਥਾਂ ਮੁਹੱਈਆ ਕਰਵਾਉਣਾ ਹੈ।
ਮੰਗਲਵਾਰ ਨੂੰ ਏਡੀਸੀ ਅਮਨਦੀਪ ਸਿੰਘ ਭੱਟੀ ਨੇ ਪਲਾਜ਼ਾ ਦੇ ਬੈਠਕ ਸਥਾਨ ਦਾ ਦੌਰਾ ਕਰ ਕੇ ਉੱਥੇ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ 'ਤੇ ਮੌਜੂਦ ਸੀਨੀਅਰ ਨਾਗਰਿਕਾਂ ਨਾਲ ਮੁਲਾਕਾਤ ਕਰਕੇ ਉਪਲਬਧ ਸਹੂਲਤਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੀਆਂ ਲੋੜਾਂ ਅਤੇ ਸੁਝਾਵਾਂ ਬਾਰੇ ਵੀ ਜਾਣਕਾਰੀ ਲਈ ਗਈ, ਤਾਂ ਜੋ ਇਸ ਸਹੂਲਤ ਨੂੰ ਹੋਰ ਜ਼ਿਆਦਾ ਲਾਭਦਾਇਕ ਬਣਾਇਆ ਜਾ ਸਕੇ।
ਅਮਨਦੀਪ ਸਿੰਘ ਭੱਟੀ ਨੇ ਕਿਹਾ ਕਿ ਚੰਡੀਗੜ੍ਹ ਰੈੱਡਕ੍ਰਾਸ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹੈ। ਸੀਨੀਅਰ ਨਾਗਰਿਕਾਂ ਦੇ ਸਮਾਜਿਕ ਮੇਲ-ਜੋਲ ਅਤੇ ਬਿਹਤਰ ਜੀਵਨ ਗੁਣਵੱਤਾ ਲਈ ਸੁਰੱਖਿਅਤ ਤੇ ਆਰਾਮਦਾਇਕ ਥਾਵਾਂ ਉਪਲਬਧ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਚੰਡੀਗੜ੍ਹ 'ਚ ਢੁਕਵੀਆਂ ਥਾਵਾਂ 'ਤੇ ਸੀਨੀਅਰ ਨਾਗਰਿਕਾਂ ਲਈ ਅਜਿਹੇ ਹੋਰ ਬੈਠਕ ਸਥਾਨ ਸਥਾਪਤ ਕੀਤੇ ਜਾਣਗੇ।