- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਾਤਾਰ ਆਉਂਦੀਆਂ ਰਹੀਆਂ ਸਰਵਰ ਡਾਊਨ ਦੀਆਂ ਸ਼ਿਕਾਇਤਾਂ ਦੇ ਮਾਮਲੇ ਨੂੰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਕੇਂਦਰੀ ਆਵਾਜਾਈ ਵਿਭਾਗ ਨਾਲ ਸਾਂਝਾ ਕੀਤਾ ਗਿਆ ਸੀ। ਉੱਥੋਂ ਦੱਸਿਆ ਗਿਆ ਸੀ ਕਿ ਪੂਰੇ ਦੇਸ਼ ਲਈ 'ਸਾਰਥੀ' ਸਾਫ਼ਟਵੇਅਰ ਉਪਲਬਧ ਹੋਣ ਕਾਰਨ ਕਈ ਵਾਰ ਸਰਵਰ 'ਤੇ ਲੋਡ ਵਧ ਜਾਂਦਾ ਹੈ ਤੇ ਇਸੇ ਕਾਰਨ ਡਰਾਈਵਿੰਗ ਟੈਸਟ ਦੀ ਪ੍ਰੋਗਰੈਸ ਕੈਪਚਰ ਨਹੀਂ ਹੋ ਪਾਉਂਦੀ ਤੇ ਉਸ ਨਾਲ ਜੁੜੇ ਕਈ ਹੋਰ ਕੰਮ ਵੀ ਰੁਕ ਜਾਂਦੇ ਹਨ।

ਰਮਨਜੀਤ ਸਿੰਘ ਮਾਣਕੂ, ਚੰਡੀਗੜ੍ਹ: ਪ੍ਰਸ਼ਾਸਨਿਕ ਸੁਧਾਰ ਦੇ ਮਾਮਲੇ 'ਚ ਪੰਜਾਬ ਇਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਇਸ ਦੇ ਤਹਿਤ ਇਕ ਨਵਾਂ ਸਾਫ਼ਟਵੇਅਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਕੇਂਦਰੀ ਮੰਤਰਾਲੇ ਦਾ ਸਰਵਰ ਬੰਦ ਜਾਂ ਹੌਲੀ ਹੋਣ ਕਾਰਨ ਅਕਸਰ ਹੀ ਡਰਾਈਵਿੰਗ ਟੈਸਟ ਰੁਕਣ ਕਰਕੇ ਪਰੇਸ਼ਾਨੀਆਂ ਝੱਲਣ ਵਾਲੇ ਨਾਗਰਿਕਾਂ ਨੂੰ ਰਾਹਤ ਮਿਲੇਗੀ। ਰਾਜ ਸਰਕਾਰ ਦਾ ਟਰਾਂਸਪੋਰਟ ਵਿਭਾਗ ਇਸ ਨਵੀਂ ਪਹਿਲਕਦਮੀ ਨੂੰ ਆਉਂਦੇ ਅਗਸਤ ਮਹੀਨੇ ਦੌਰਾਨ ਹੀ ਲਾਗੂ ਕਰਨ ਲਈ ਯਤਨਸ਼ੀਲ ਹੈ।
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਾਤਾਰ ਆਉਂਦੀਆਂ ਰਹੀਆਂ ਸਰਵਰ ਡਾਊਨ ਦੀਆਂ ਸ਼ਿਕਾਇਤਾਂ ਦੇ ਮਾਮਲੇ ਨੂੰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਕੇਂਦਰੀ ਆਵਾਜਾਈ ਵਿਭਾਗ ਨਾਲ ਸਾਂਝਾ ਕੀਤਾ ਗਿਆ ਸੀ। ਉੱਥੋਂ ਦੱਸਿਆ ਗਿਆ ਸੀ ਕਿ ਪੂਰੇ ਦੇਸ਼ ਲਈ 'ਸਾਰਥੀ' ਸਾਫ਼ਟਵੇਅਰ ਉਪਲਬਧ ਹੋਣ ਕਾਰਨ ਕਈ ਵਾਰ ਸਰਵਰ 'ਤੇ ਲੋਡ ਵਧ ਜਾਂਦਾ ਹੈ ਤੇ ਇਸੇ ਕਾਰਨ ਡਰਾਈਵਿੰਗ ਟੈਸਟ ਦੀ ਪ੍ਰੋਗਰੈਸ ਕੈਪਚਰ ਨਹੀਂ ਹੋ ਪਾਉਂਦੀ ਤੇ ਉਸ ਨਾਲ ਜੁੜੇ ਕਈ ਹੋਰ ਕੰਮ ਵੀ ਰੁਕ ਜਾਂਦੇ ਹਨ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਵੱਲੋਂ ਇਸ ਦੇ ਹੱਲ ਵਜੋਂ ਇਕ ਸੁਝਾਅ ਦਿੱਤਾ ਗਿਆ, ਜਿਸ ਨੂੰ ਕੇਂਦਰੀ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਤੋਂ ਤੁਰੰਤ ਮਨਜ਼ੂਰੀ ਮਿਲ ਗਈ।
ਜਾਣਕਾਰੀ ਮੁਤਾਬਕ ਜੋ ਹੱਲ ਲੱਭਿਆ ਗਿਆ ਹੈ, ਉਸ ਅਨੁਸਾਰ ਪੰਜਾਬ ਰਾਜ ਦਾ ਟਰਾਂਸਪੋਰਟ ਵਿਭਾਗ ਇਕ ਅਜਿਹਾ ਸਾਫ਼ਟਵੇਅਰ ਤਿਆਰ ਕਰ ਰਿਹਾ ਹੈ ਜੋ ਕੇਂਦਰੀ ਮੰਤਰਾਲੇ ਦੇ 'ਸਾਰਥੀ' ਸਾਫ਼ਟਵੇਅਰ ਦੇ ਸਹਾਇਕ ਵਜੋਂ ਕੰਮ ਕਰੇਗਾ। ਇਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਡਰਾਈਵਿੰਗ ਟੈਸਟ ਟ੍ਰੈਕ 'ਚ ਹੋ ਰਹੇ ਟੈਸਟ ਦੀ ਪ੍ਰੋਗਰੈਸ ਨੂੰ ਸੈਂਸਰਾਂ ਰਾਹੀਂ ਮਿਲਣ ਵਾਲੇ ਡਾਟਾ ਜ਼ਰੀਏ ਰਿਕਾਰਡ ਕਰੇਗਾ ਤੇ ਉਸ ਨੂੰ ਇੱਕ ਕੈਪਸੂਲ ਵਜੋਂ ਸਟੋਰ ਕਰੇਗਾ ਤੇ ਬਾਅਦ 'ਚ 'ਸਾਰਥੀ' ਨਾਲ ਸਾਰਾ ਡਾਟਾ ਸਿੰਕ੍ਰੋਨਾਈਜ਼ (Synchronize) ਕਰ ਦੇਵੇਗਾ। ਖ਼ਾਸ ਗੱਲ ਇਹ ਹੈ ਕਿ ਟੈਸਟ ਦੀ ਪ੍ਰੋਗਰੈਸ ਰਿਕਾਰਡ ਕਰਦੇ ਸਮੇਂ ਇਸ ਨੂੰ 'ਸਾਰਥੀ' ਸਾਫ਼ਟਵੇਅਰ ਦੀ ਡਾਇਰੈਕਟ ਕੁਨੈਕਟੀਵਿਟੀ ਦੀ ਲੋੜ ਨਹੀਂ ਹੋਵੇਗੀ। ਇਸੇ ਕਾਰਨ 'ਸਾਰਥੀ' ਦਾ ਸਰਵਰ ਡਾਊਨ ਹੋਣ ਦੀ ਸਥਿਤੀ ਵਿੱਚ ਵੀ ਡਰਾਈਵਿੰਗ ਟੈਸਟ ਅਤੇ ਉਸ ਨਾਲ ਜੁੜੇ ਹੋਰ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੇ।
ਰਾਜ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਸਾਫ਼ਟਵੇਅਰ ਆਉਂਦੇ 15 ਦਿਨਾਂ ਵਿੱਚ ਤਿਆਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਸ ਸਾਫ਼ਟਵੇਅਰ ਦੀ ਰੀਅਲ-ਟਾਈਮ ਟੈਸਟਿੰਗ ਕਰਨ ਤੋਂ ਬਾਅਦ ਅਗਸਤ ਮਹੀਨੇ ਦੇ ਅੰਦਰ ਹੀ ਰਾਜ ਭਰ ਦੇ ਡਰਾਈਵਿੰਗ ਟੈਸਟ ਸੈਂਟਰਾਂ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਦੇ IT ਵਿਭਾਗ ਵੱਲੋਂ ਟਰਾਂਸਪੋਰਟ ਵਿਭਾਗ ਲਈ ਤਿਆਰ ਕੀਤਾ ਜਾ ਰਿਹਾ ਇਹ ਸਾਫ਼ਟਵੇਅਰ ਦੇਸ਼ ਭਰ ਵਿੱਚ ਪਹਿਲੀ ਵਾਰ ਪੰਜਾਬ 'ਚ ਹੀ ਬਣਾਇਆ ਅਤੇ ਵਰਤਿਆ ਜਾਵੇਗਾ, ਇਸੇ ਲਈ ਕੇਂਦਰੀ ਪਰਿਵਹਨ ਮੰਤਰਾਲਾ ਵੀ ਇਸ 'ਤੇ ਨਜ਼ਰਾਂ ਟਿਕਾਈ ਬੈਠਾ ਹੈ। ਇਸ ਦੀ ਸਫ਼ਲਤਾ ਦਾ ਆਕਲਨ ਕਰਨ ਤੋਂ ਬਾਅਦ ਇਸ ਨੂੰ ਦੇਸ਼ ਭਰ ਦੇ ਹੋਰਨਾਂ ਸੂਬਿਆਂ 'ਚ ਵੀ ਲਾਗੂ (Replicate) ਕੀਤਾ ਜਾਵੇਗਾ ਤਾਂ ਜੋ ਕੇਂਦਰੀ ਮੰਤਰਾਲੇ ਦੇ ਸਰਵਰ 'ਤੇ ਘੱਟ ਤੋਂ ਘੱਟ ਲੋਡ ਰਹੇ ਅਤੇ ਦੇਸ਼ ਭਰ ਵਿੱਚ ਡਰਾਈਵਿੰਗ ਟੈਸਟ ਨੂੰ ਲੈ ਕੇ ਸਮੇਂ-ਸਮੇਂ 'ਤੇ ਖੜ੍ਹੀ ਹੁੰਦੀ ਸਮੱਸਿਆ ਦਾ ਹੱਲ ਹੋ ਸਕੇ।
ਸਾਫ਼ਟਵੇਅਰ ਨੂੰ ਡਿਜ਼ਾਈਨ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ 'ਸਾਰਥੀ' ਦੀ ਤਰ੍ਹਾਂ ਹੀ ਇਸ ਸਾਫ਼ਟਵੇਅਰ 'ਚ ਵੀ ਮਨੁੱਖੀ ਦਖ਼ਲਅੰਦਾਜ਼ੀ (Human Interference) ਬਹੁਤ ਘੱਟ ਹੋਵੇ ਅਤੇ ਕਿਸੇ ਵੀ ਰੀਅਲ-ਟਾਈਮ ਕੈਪਚਰਡ ਡਾਟੇ ਨੂੰ ਕਿਸੇ ਵੀ ਪੱਧਰ 'ਤੇ ਬਦਲਿਆ (Modify) ਨਾ ਜਾ ਸਕੇ, ਤਾਂ ਜੋ ਟੈਸਟ ਦੀ ਪਾਰਦਰਸ਼ਤਾ ਬਣੀ ਰਹੇ ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨਾ ਹੋਵੇ।
ਆਟੋਮੈਟਿਕ ਰੀ-ਸ਼ਡਿਊਲ: RTO-DTO ਦਫ਼ਤਰ ਆਮ ਤੌਰ 'ਤੇ SMS/ਕਾਲ ਰਾਹੀਂ ਨਵੀਂ ਤਰੀਕ ਦਿੰਦਾ ਹੈ, ਜੋ ਕਈ ਵਾਰ ਇਕ ਜਾਂ ਦੋ ਹਫ਼ਤਿਆਂ ਬਾਅਦ ਦੀ ਹੁੰਦੀ ਹੈ।
ਤਕਨੀਕੀ ਖ਼ਰਾਬੀ ਜ਼ਿਆਦਾ ਅਤੇ ਲੰਬੀ ਚੱਲਣ ਦਾ ਪਤਾ ਲੱਗਣ 'ਤੇ ਅਕਸਰ ਸਥਾਨਕ ਅਧਿਕਾਰੀਆਂ ਵੱਲੋਂ ਐਕਸਪਾਇਰ ਲਾਇਸੈਂਸ ਦੀ ਮਿਆਦ ਕੁੱਝ ਦਿਨਾਂ ਲਈ ਵਧਾ ਦਿੱਤੀ ਜਾਂਦੀ ਹੈ, ਅਜਿਹਾ ਹੀ ਲਰਨਰ ਲਾਇਸੈਂਸ ਦੇ ਮਾਮਲੇ ਵਿੱਚ ਵੀ ਹੁੰਦਾ ਹੈ।
'ਸਰਵਰ ਡਾਊਨ ਹੋਣ ਦੀ ਸਮੱਸਿਆ ਕਾਰਨ ਲੋਕਾਂ ਨੂੰ ਬਹੁਤ ਖੱਜਲ-ਖੁਆਰੀ ਹੁੰਦੀ ਰਹੀ ਹੈ, ਇਸੇ ਦਾ ਹੱਲ ਕੱਢਣ ਲਈ ਇਹ ਯਤਨ ਕੀਤਾ ਜਾ ਰਿਹਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਸਫ਼ਲਤਾ ਮਿਲੇਗੀ ਅਤੇ ਇਸ ਨਾਲ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ, ਸਗੋਂ ਇਸੇ ਸਫ਼ਲਤਾ ਕਾਰਨ ਦੇਸ਼ ਦੇ ਹੋਰਨਾਂ ਰਾਜਾਂ ਨੂੰ ਵੀ ਫ਼ਾਇਦਾ ਮਿਲੇਗਾ।'
-ਹਰਪਾਲ ਸਿੰਘ ਚੀਮਾ, ਟਰਾਂਸਪੋਰਟ ਮੰਤਰੀ, ਪੰਜਾਬ।