ਡਾ. ਮਨਮੋਹਨ ਲਈ ਵੱਡੀ ਉਪਲਬਧੀ: 'ਭੂਸ਼ਨ ਧਿਆਨਪੁਰੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਲਈ ਹੋਈ ਚੋਣ ਉੱਘੇ ਲੇਖਕ, ਚਿੰਤਕ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੂੰ ਇਸ ਸਾਲ ਦਾ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ਼ ਸਨਮਾਨਿਤ ਕੀਤਾ ਜਾਵੇਗਾ I ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਹਰ ਸਾਲ 'ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਪੁਰਸਕਾਰ' ਦਿੱਤਾ ਜਾਂਦਾ ਹੈ। ਹੁਣ ਇਸ ਨੂੰ ਬਦਲੇ ਹੋਏ ਰੂਪ ਵਿੱਚ 'ਭੂਸ਼ਨ ਧਿਆਨਪੁਰੀ ਲਾਈਫ ਟਾਈਮ ਅਚੀਵਮੈਂਟ ਐਵਾਰਡ' ਵਜੋਂ ਪ੍ਰਦਾਨ ਕੀਤਾ ਜਾਵੇਗਾ। ਇਸ ਸਨਮਾਨ ਵਿੱਚ 51 ਹਜ਼ਾਰ ਰੁਪਏ ਨਕਦ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਇਸ ਸਨਮਾਨ ਦੀ ਖ਼ਾਸੀਅਤ ਇਹ ਹੋਵੇਗੀ ਕਿ ਸਨਮਾਨਿਤ ਲੇਖਕ ਦੇ ਸਾਹਿਤਕ ਕਾਰਜ ਨੂੰ ਪੂਰੇ ਸਾਲ ਸਮਾਗਮਾਂ ਤੇ
Publish Date: Fri, 10 Jul 2026 03:17 PM (IST)
Updated Date: Fri, 10 Jul 2026 03:18 PM (IST)
ਭੁਪਿੰਦਰ ਸਿੰਘ ਮਲਿਕ, ਪੰਜਾਬੀ ਜਾਗਰਣ, ਚੰਡੀਗੜ੍ਹ - ਉੱਘੇ ਲੇਖਕ, ਚਿੰਤਕ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੂੰ ਇਸ ਸਾਲ ਦਾ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ਼ ਸਨਮਾਨਿਤ ਕੀਤਾ ਜਾਵੇਗਾ I ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਹਰ ਸਾਲ 'ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਪੁਰਸਕਾਰ' ਦਿੱਤਾ ਜਾਂਦਾ ਹੈ। ਹੁਣ ਇਸ ਨੂੰ ਬਦਲੇ ਹੋਏ ਰੂਪ ਵਿੱਚ 'ਭੂਸ਼ਨ ਧਿਆਨਪੁਰੀ ਲਾਈਫ ਟਾਈਮ ਅਚੀਵਮੈਂਟ ਐਵਾਰਡ' ਵਜੋਂ ਪ੍ਰਦਾਨ ਕੀਤਾ ਜਾਵੇਗਾ। ਇਸ ਸਨਮਾਨ ਵਿੱਚ 51 ਹਜ਼ਾਰ ਰੁਪਏ ਨਕਦ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਇਸ ਸਨਮਾਨ ਦੀ ਖ਼ਾਸੀਅਤ ਇਹ ਹੋਵੇਗੀ ਕਿ ਸਨਮਾਨਿਤ ਲੇਖਕ ਦੇ ਸਾਹਿਤਕ ਕਾਰਜ ਨੂੰ ਪੂਰੇ ਸਾਲ ਸਮਾਗਮਾਂ ਤੇ ਚਰਚਾਵਾਂ ਦੇ ਰੂਪ ਵਿੱਚ ਅੱਗੇ ਲਿਆਂਦਾ ਜਾਵੇਗਾ।
ਵੱਖ-ਵੱਖ ਵਿਧਾਵਾਂ ਵਿੱਚ ਉਨ੍ਹਾਂ ਦੀਆਂ 43 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਨਾਵਲ 'ਨਿਰਵਾਣ' (2013) ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਵੀ ਪ੍ਰਾਪਤ ਹੋ ਚੁੱਕਿਆ ਹੈ। ਪੰਜਾਬੀ ਅਕਾਦਮੀ, ਦਿੱਲੀ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵੀ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਸਥਾਗਤ ਕਾਰਜਾਂ ਵਿੱਚ ਵੀ ਉਨ੍ਹਾਂ ਦਾ ਉੱਘਾ ਯੋਗਦਾਨ ਹੈ। ਚੰਡੀਗੜ੍ਹ ਸਾਹਿਤ ਅਕਾਦਮੀ ਵਿੱਚ ਪਹਿਲਾਂ ਉਹ ਵਾਈਸ ਚੇਅਰਮੈਨ ਰਹੇ ਅਤੇ ਫਿਰ ਚੇਅਰਮੈਨ ਹੁੰਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਕਰਵਾਉਣ ਦੇ ਨਾਲ-ਨਾਲ ਅਕਾਦਮੀ ਵੱਲੋਂ ਯੁਵਾ ਤੇ ਬਾਲ ਸਨਮਾਨਾਂ ਦੀ ਨਵੀਂ ਪਿਰਤ ਪਾਈ। ਉਹ ਆਈ.ਬੀ. ਦੇ ਸਪੈਸ਼ਲ ਡੀ.ਜੀ.ਪੀ. ਦੇ ਮਹੱਤਵਪੂਰਨ ਅਹੁਦੇ ਤੋਂ ਰਿਟਾਇਰ ਹੋ ਕੇ ਇਸ ਵੇਲੇ ਨੈਸ਼ਨਲ ਸਿਕਿਊਰਿਟੀ ਕਾਊਂਸਲ ਭਾਰਤ ਸਰਕਾਰ ਦੇ ਸਲਾਹਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਆਫ਼ ਐਮੀਨੈਂਸ ਹਨ।
ਸਨਮਾਨ ਚੋਣ ਕਮੇਟੀ ਵਿਚ ਕਹਾਣੀਕਾਰ ਬਲੀਜੀਤ, ਗੁਲ ਚੌਹਾਨ, ਸੰਸਥਾ ਦੇ ਜਨਰਲ ਸਕੱਤਰ ਜਗਦੀਪ ਸਿੱਧੂ, ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਅਤੇ ਸੰਸਥਾ ਦੇ ਸਰਪ੍ਰਸਤ ਸੁਖਵਿੰਦਰ ਕੰਬੋਜ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਡਾ. ਮਨਮੋਹਨ ਇੱਕ ਬਹੁਪੱਖੀ ਸਾਹਿਤਕਾਰ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਦਸ਼ਾ ਤੇ ਦਿਸ਼ਾ ਨੂੰ ਮਹੱਤਵਪੂਰਨ ਮੋੜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਚਿੰਤਨ ਤੇ ਆਲੋਚਨਾ ਵਿੱਚ ਡਾ. ਮਨਮੋਹਨ ਦੇ ਕਾਰਜ ਨੇ ਸੰਸਾਰ ਦਾ ਬੂਹਾ ਖੋਲ੍ਹਿਆ। ਇਸ ਸਨਮਾਨ ਨਾਲ ਸੰਸਥਾ ਦਾ ਵੀ ਮਾਣ ਵਧੇਗਾ। ਉੱਘੇ ਲੇਖਕ ਭੁਪਿੰਦਰ ਸਿੰਘ ਮਾਨ, ਸੰਦੀਪ ਜਸਵਾਲ, ਧਰਮਿੰਦਰ ਸੇਖੋਂ, ਸੁਖਵਿੰਦਰ ਸਿੱਧੂ,ਪਾਲ ਅਜਨਬੀ, ਪੰਜਾਬ ਯੂਨੀਵਰਸਿਟੀ ਤੋਂ ਡਾ. ਪ੍ਰਵੀਨ ਕੁਮਾਰ ਅਤੇ ਸੁਰ ਸਾਂਝ ਕਲਾ ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਨੇ ਇਸ ਚੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਮਨਮੋਹਨ ਦੀ ਪੰਜਾਬੀ ਸਾਹਿਤ ਲਈ ਵੱਡੀ ਦੇਣ ਹੈ। ਇਸ ਨਾਲ ਸਨਮਾਨ ਦੀ ਸਾਰਥਿਕਤਾ ਵਧੇਗੀ। ਇਹ ਸਨਮਾਨ ਚੰਡੀਗੜ੍ਹ ਵਿਖੇ ਸਤੰਬਰ ਦੇ ਪਹਿਲੇ ਹਫ਼ਤੇ ਦਿੱਤਾ ਜਾਵੇਗਾ।