‘ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ’; ਭਗਵੰਤ ਮਾਨ ਨੇ ਸੁਰਜੀਤ ਪਾਤਰ ਦੀਆਂ ਸਤਰਾਂ ਸੁਣਾ ਕੇ ਜਗਾਈ ਉਮੀਦ ਮੁੱਖ ਮੰਤਰੀ ਨੇ ਸ਼ਹੀਦਾਂ ਅਤੇ ਗੁਰੂਆਂ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਸ਼ਾਂਤੀ ਅਤੇ ਖ਼ੁਸ਼ਹਾਲੀ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੁਰਜੀਤ ਪਾਤਰ ਦੀਆਂ ਸਤਰਾਂ ਰਾਹੀਂ ਉਨ੍ਹਾਂ ਨੇ ਇਹੀ ਸੁਨੇਹਾ ਦਿੱਤਾ ਕਿ ਔਖੇ ਸਮੇਂ 'ਚ ਵੀ ਭਵਿੱਖ ਲਈ ਉਮੀਦ ਅਤੇ ਸੰਭਾਵਨਾਵਾਂ ਦੀ ਜ਼ਮੀਨ ਬਚਾ ਕੇ ਰੱਖਣੀ ਚਾਹੀਦੀ ਹੈ।
Publish Date: Fri, 16 Oct 2026 04:12 PM (IST)
Updated Date: Fri, 16 Oct 2026 04:18 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਸਾਹਿਤ ਅਤੇ ਸ਼ਾਇਰੀ ਦਾ ਸਹਾਰਾ ਲੈਂਦਿਆਂ ਸੂਬੇ ਦੇ ਲੋਕਾਂ ਨੂੰ ਉਮੀਦ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਸ਼ਾਇਰ ਸੁਰਜੀਤ ਪਾਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਸਤਰਾਂ ਸੁਣਾਈਆਂ, ਜਿਨ੍ਹਾਂ 'ਚ ਆਉਣ ਵਾਲੀ ਰੁੱਤ 'ਚ ਯਕੀਨ ਰੱਖਣ ਤੇ ਕਿਤੋਂ ਕਲਮਾਂ ਲੱਭ ਕੇ ਲਿਆਉਣ ਦੀ ਗੱਲ ਆਖੀ ਗਈ ਹੈ। ਇਨ੍ਹਾਂ ਸਤਰਾਂ ਰਾਹੀਂ ਮੁੱਖ ਮੰਤਰੀ ਨੇ ਪੰਜਾਬ ਦੇ ਭਵਿੱਖ ਲਈ ਉਮੀਦ ਬਣਾਈ ਰੱਖਣ ਅਤੇ ਹਾਲਾਤ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰਦੇ ਰਹਿਣ ਦਾ ਸੁਨੇਹਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਮੁੜ ਗਿੱਧਾ-ਭੰਗੜਾ ਪਵੇ, ਸੁੱਖ-ਸ਼ਾਂਤੀ ਬਣੀ ਰਹੇ ਅਤੇ ਸਾਰਿਆਂ ਦਾ ਭਲਾ ਹੋਵੇ। ਉਨ੍ਹਾਂ ਨੇ ‘ਸਰਬੱਤ ਦਾ ਭਲਾ’ ਅਤੇ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਪਰੰਪਰਾ ਸਾਰਿਆਂ ਦੀ ਭਲਾਈ ਦੀ ਕਾਮਨਾ ਕਰਨ ਦੀ ਰਹੀ ਹੈ।
ਪੰਜਾਬ ਦੀ ਪਛਾਣ ਅਤੇ ਵਿਰਾਸਤ ਨੂੰ ਕੀਤਾ ਯਾਦ ਮਾਨ ਨੇ ਕਿਹਾ ਕਿ ਪੰਜਾਬ ਨੇ ਕਈ ਔਖੇ ਦੌਰ ਦੇਖੇ ਹਨ, ਪਰ ਇੱਥੋਂ ਦੇ ਲੋਕਾਂ ਨੇ ਹਰ ਵਾਰ ਹਿੰਮਤ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਅਕਤੀ ਉਮਰ ਨਾਲ ਨਹੀਂ, ਸਗੋਂ ਆਪਣੇ ਵਿਚਾਰਾਂ ਨਾਲ ਵੱਡਾ ਹੁੰਦਾ ਹੈ। ਭਗਤ ਸਿੰਘ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ ਬਣੇ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਅਤੇ ਅਧਿਕਾਰੀ ਬਦਲਦੇ ਰਹਿੰਦੇ ਹਨ, ਪਰ ਸਮਾਜ ਲਈ ਕੀਤਾ ਗਿਆ ਚੰਗਾ ਕੰਮ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੀ ਅਪੀਲ ਕੀਤੀ।
ਉਮੀਦ ਦੇ ਨਾਲ ਮਿਹਨਤ ਕਰਨੀ ਵੀ ਜ਼ਰੂਰੀ ਮੁੱਖ ਮੰਤਰੀ ਨੇ ਸਿੱਖਿਆ ਦੇ ਖੇਤਰ 'ਚ ਪੰਜਾਬ ਦੀ ਤਰੱਕੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਾਲ 2021 'ਚ ਸੂਬਾ ਸਕੂਲੀ ਸਿੱਖਿਆ ਦੇ ਮਾਮਲੇ 'ਚ 27ਵੇਂ ਸਥਾਨ 'ਤੇ ਸੀ। ਉਨ੍ਹਾਂ ਨੇ ਅਧਿਆਪਕਾਂ ਦੀ ਸਿਖਲਾਈ, ਸਕੂਲਾਂ 'ਚ ਪ੍ਰਯੋਗਸ਼ਾਲਾਵਾਂ ਅਤੇ ਸਮਾਰਟ ਕਲਾਸਾਂ ਵਰਗੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਯਤਨਾਂ ਤੋਂ ਬਾਅਦ ਪੰਜਾਬ ਤੀਜੇ ਸਥਾਨ 'ਤੇ ਪਹੁੰਚ ਗਿਆ।
ਮਾਨ ਨੇ ਕਿਹਾ ਕਿ ਕਿਸੇ ਵੀ ਖੇਤਰ 'ਚ ਤਬਦੀਲੀ ਲਿਆਉਣ ਲਈ ਸਿਰਫ਼ ਉਮੀਦ ਕਰਨਾ ਕਾਫ਼ੀ ਨਹੀਂ ਹੈ। ਇਸ ਲਈ ਲਗਾਤਾਰ ਯਤਨ ਕਰਨੇ ਪੈਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪਿੰਡਾਂ 'ਚ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਸ਼ਹੀਦਾਂ ਅਤੇ ਗੁਰੂਆਂ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਸ਼ਾਂਤੀ ਅਤੇ ਖ਼ੁਸ਼ਹਾਲੀ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੁਰਜੀਤ ਪਾਤਰ ਦੀਆਂ ਸਤਰਾਂ ਰਾਹੀਂ ਉਨ੍ਹਾਂ ਨੇ ਇਹੀ ਸੁਨੇਹਾ ਦਿੱਤਾ ਕਿ ਔਖੇ ਸਮੇਂ 'ਚ ਵੀ ਭਵਿੱਖ ਲਈ ਉਮੀਦ ਅਤੇ ਸੰਭਾਵਨਾਵਾਂ ਦੀ ਜ਼ਮੀਨ ਬਚਾ ਕੇ ਰੱਖਣੀ ਚਾਹੀਦੀ ਹੈ।