- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਸ ਪਾਰਟੀ ਦੇ ਖਾਸ ਆਗੂ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਇਕ ਪੱਤਰਕਾਰ ਨੇ ਅਜਿਹੀ ਚੂੰਢੀ ਵੱਢੀ ਕਿ ਨੇਤਾ ਜੀ ਦਾ ਪਾਰਾ ਚੜ੍ਹ ਗਿਆ। ਨੇਤਾ ਜੀ ਪ੍ਰੈੱਸ ਕਾਨਫਰੰਸ ਸ਼ੁਰੂ ਕਰਨ ਦੀ ਬਜਾਏ ਕੰਨ ਨੂੰ ਫੋਨ ਲਾ ਕੇ ਬਾਹਰ ਨਿਕਲ ਗਏ ਅਤੇ ਕਾਨਫਰੰਸ ਦਾ ਪ੍ਰਬੰਧ ਕਰਨ ਵਾਲਿਆਂ ਦੀ ਚੰਗੀ ਕਲਾਸ ਲਗਾਈ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੰਦਰਖਾਤੇ ਕੀ ਚੱਲ ਰਿਹਾ ਹੈ, ਕਿਹੜੇ ਨੇਤਾ ਦਾ ਚੜ੍ਹਿਆ ਪਾਰਾ ਅਤੇ ਕੌਣ ਬਣਿਆ ਚਰਚਾ ਦਾ ਵਿਸ਼ਾ? ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹੋਏ ਸਿਆਸੀ ਡਰਾਮੇ, ਪ੍ਰੈੱਸ ਕਾਨਫਰੰਸਾਂ ਵਿੱਚ ਤਕਰਾਰ ਅਤੇ ਆਗੂਆਂ ਦੀਆਂ ਦਿਲਚਸਪ ਹਰਕਤਾਂ ਦੀ ਪਰਦੇ ਪਿੱਛੇ ਦੀ ਕਹਾਣੀ ਪੜ੍ਹੋ ਹਫ਼ਤਾਵਾਰੀ ਕਾਲਮ 'ਅੰਦਰਲੀ ਗੱਲ' ਵਿੱਚ।
-ਨੇਤਾ ਜੀ ਦਾ ਚੜ੍ਹਿਆ ਪਾਰਾ
ਖਾਸ ਪਾਰਟੀ ਦੇ ਖਾਸ ਆਗੂ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਇਕ ਪੱਤਰਕਾਰ ਨੇ ਅਜਿਹੀ ਚੂੰਢੀ ਵੱਢੀ ਕਿ ਨੇਤਾ ਜੀ ਦਾ ਪਾਰਾ ਚੜ੍ਹ ਗਿਆ। ਨੇਤਾ ਜੀ ਪ੍ਰੈੱਸ ਕਾਨਫਰੰਸ ਸ਼ੁਰੂ ਕਰਨ ਦੀ ਬਜਾਏ ਕੰਨ ਨੂੰ ਫੋਨ ਲਾ ਕੇ ਬਾਹਰ ਨਿਕਲ ਗਏ ਅਤੇ ਕਾਨਫਰੰਸ ਦਾ ਪ੍ਰਬੰਧ ਕਰਨ ਵਾਲਿਆਂ ਦੀ ਚੰਗੀ ਕਲਾਸ ਲਗਾਈ। ਹੋਇਆ ਇੰਜ ਕਿ ਪਹਿਲਾਂ ਖਾਸ ਆਗੂ ਦੀ ਪੀਸੀ ਦਾ ਸਮਾਂ ਬਦਲ ਦਿੱਤਾ ਗਿਆ ਅਤੇ ਉਸ ਤੋਂ ਪਹਿਲਾ ਇਕ ਹੋਰ ਆਗੂ ਨੇ ਉਹੀ ਮੁੱਦੇ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਦਿੱਤਾ, ਜਿਸ ’ਤੇ ਖਾਸ ਆਗੂ ਨੇ ਗੱਲ ਕਰਨੀ ਸੀ। ਬੱਸ ਫਿਰ ਕੀ ਸੀ! ਜਦੋਂ ਨੇਤਾ ਜੀ ਆ ਕੇ ਕੁਰਸੀ ’ਤੇ ਬੈਠੇ ਤਾਂ ਪਹਿਲਾਂ ਹੀ ਤਪੇ ਬੈਠੇ ਇਕ ਪੱਤਰਕਾਰ ਨੇ ਖਾਸ ਆਗੂ ਨੂੰ ਕਿਹਾ ਕਿ ਇਸ ਮੁੱਦੇ ’ਤੇ ਤਾਂ ਉਹ ਬੋਲ ਗਏ ਹਨ। ਬੱਸ ਫਿਰ ਚੜ੍ਹ ਗਿਆ ਨੇਤਾ ਜੀ ਦਾ ਪਾਰਾ ਅਤੇ ਪੀਸੀ ਕਰਨ ਤੋਂ ਪਹਿਲਾਂ ਬਾਹਰ ਜਾ ਕੇ ਫੋਨ ’ਤੇ ਚੰਗੀ ਰੇਲ ਬਣਾਈ ਤੇ ਆਪਣਾ ਗੁੱਸਾ ਠੰਢਾ ਕੀਤਾ ਅਤੇ ਫੇਰ ‘ਮਰਦੀ ਨੇ ਅੱਕ ਚੱਬਿਆ’ ਵਾਲੀ ਕਹਾਵਤ ਵਾਂਗ ਨੇਤਾ ਜੀ ਉਹੀ ਮੁੱਦੇ ’ਤੇ ਪ੍ਰੈੱਸ ਕਾਨਫਰੰਸ ਕਰਨ ਲੱਗ ਪਏ।
-ਚੁੱਕੀ ਹੋਈ ਲੰਬੜਾਂ ਦੀ
ਪੰਜਾਬੀ ਦੀ ਕਹਾਵਤ ਹੈ ਕਿ ‘ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ’। ਕਈ ਵਾਰ ਅਜਿਹਾ ਵਰਤਾਰਾ ਵਾਪਰ ਜਾਂਦਾ ਹੈ ਕਿ ਕੀਤਾ ਕਰਾਇਆ ਬੰਦੇ ਨੂੰ ਉਲਟਾ ਪੈ ਜਾਂਦਾ। ਬੀਤੇ ਦਿਨ ਇਕ ਵਿਧਾਇਕਾ ਵਿਰੋਧੀਆਂ ਨੂੰ ਘੇਰਦੀ-ਘੇਰਦੀ ਖੁਦ ਨਿਸ਼ਾਨੇ ’ਤੇ ਆ ਗਈ। ਹੋਇਆ ਇੰਜ ਕਿ ਵਿਰੋਧੀ ਪਾਰਟੀ ਦੇ ਕੁਝ ਵਿਧਾਇਕ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਤੈਅ ਰਣਨੀਤੀ ਤਹਿਤ ਵਿਧਾਇਕਾ ਵੀ ਪੁੱਜ ਗਏ ਅਤੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ। ਪੀਸੀ ਵਿਚ ਖਲਲ ਪੈ ਗਿਆ। ਬੱਸ ਫਿਰ ਕੀ ਇਕ ਸੀਨੀਅਰ ਪੱਤਰਕਾਰ ਨੇ ਬੀਬੀ ਜੀ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ। ਸੰਗਰੂਰ ਜ਼ਿਲ੍ਹੇ ’ਚ ਜੰਮੇ-ਪਲੇ ਪੱਤਰਕਾਰ ਨੇ ਵਿਧਾਇਕਾ ਨੂੰ ਖਰੀਆ-ਖਰੀਆਂ ਸੁਣਾਈਆਂ। ਅੰਦਰਲੀ ਗੱਲ ਹੈ ਕਿ ਵਿਧਾਇਕਾ ਵੀ ਅਜਿਹਾ ਵਰਤਾਰਾ ਕਰਨ ਦੀ ਇਛੁੱਕ ਨਹੀਂ ਸੀ, ਪਰ ਉੱਪਰੋਂ ਆਈਆਂ ਹਦਾਇਤਾਂ ’ਤੇ ਪਹਿਰਾ ਦੇਣ ਦੇ ਚੱਕਰ ਵਿਚ ਉਹ ਆਪਣੀ ਫਜੀਹਤ ਕਰਵਾ ਗਈ।
- ਖਹਿਰਾ ਬਿਨਾਂ ਬੋਲੇ, ਜਿੱਤ ਗਏ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਬੇਬਾਕੀ ਨਾਲ ਮੁੱਦਿਆ ’ਤੇ ਬੋਲਦੇ ਹਨ ਅਤੇ ਸਰਕਾਰ ਨੂੰ ਨਿਡਰ ਹੋ ਕੇ ਘੇਰਦੇ ਹਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਦੀ ਪੂਰੀ ਕਾਰਵਾਈ ਲਈ ਉਸ ਨੂੰ ਮੁਅੱਤਲ ਕਰ ਦਿੱਤਾ। ਦੂਜੇ ਦਿਨ ਜਦੋਂ ਖਹਿਰਾ ਆਪਣੇ ਸਾਥੀ ਵਿਧਾਇਕਾਂ ਨਾਲ ਵਿਧਾਨ ਸਭਾ ਪੁੱਜੇ ਤਾਂ ਮਾਰਸ਼ਲਾਂ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਬੱਸ ਫਿਰ ਕੀ ਸੀ ਬਣ ਗਿਆ ਮੁੱਦਾ ਤੇ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਅਤੇ ਸਪੀਕਰ ’ਤੇ ਤਵਾ ਧਰ ਲਿਆ, ਉੱਚੀ ਸੁਰ ਵਿਚ ਸਰਕਾਰ ਦੇ ਪੋਤੜੇ ਫਰੋਲ ਦਿੱਤੇ। ਵਿਰੋਧੀਆਂ ਨੂੰ ਡੀ-ਰੇਲ ਕਰਨ ਲਈ ਤੈਅ ਰਣਨੀਤੀ ਤਹਿਤ ਖਾਸ ਪਾਰਟੀ ਦੇ ਖਾਸ ਬੰਦੇ ਜਦੋਂ ਚੱਲਦੀ ਪੀਸੀ ਵਿਚ ਅੱਗੇ ਆਏ ਤਾਂ ਖਹਿਰਾ ਨੇ ਇਕ ਮਹਿਲਾ ਵਿਧਾਇਕ ਦੇ ਅਜਿਹੇ ਪਾਜ ਉਧੇੜੇ ਕਿ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਅੰਦਰਲੀ ਗੱਲ ਇਹ ਹੈ ਕਿ ਸਦਨ ਵਿਚ ਬੋਲਿਆ ਹਰੇਕ ਸ਼ਬਦ ਕਾਰਵਾਈ ਦਾ ਹਿੱਸਾ ਬਣ ਜਾਂਦਾ। ਅੰਦਰਲੀ ਗੱਲ ਹੈ ਕਿ ਖਹਿਰਾ ਵਿਧਾਨ ਸਭਾ ਵਿਚ ਬਿਨਾਂ ਬੋਲੇ ਵੀ ਲੋਕ ਕਚਹਿਰੀ ਵਿਚ ਜਿੱਤ ਗਏ।
- ਮੈਂ ਮੰਤਰੀ ਹਾਂ
ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਨ ਲਈ ਹੁਕਮਰਾਨ ਧਿਰ ਨੇ ਖਾਸ ਰਣਨੀਤੀ ਬਣਾਈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਇਕ ਖਾਸ ਆਗੂ ਨੇ ਵਿਧਾਇਕਾਂ ਵਾਂਗ ਇਕ ਮੰਤਰੀ ਜੀ ਨੂੰ ਵੀ ਬਾਹਰ ਆ ਕੇ ਵਿਰੋਧੀਆਂ ਨੂੰ ਘੇਰਨ ਲਈ ਇਸ਼ਾਰਾ ਕੀਤਾ ਤਾਂ ਅੱਗੋਂ ਮੰਤਰੀ ਜੀ ਨੂੰ ਗੁੱਸਾ ਆ ਗਿਆ। ਕਹਿੰਦੇ ਮੰਤਰੀ ਜੀ ਨੇ ਸਪਸ਼ਟ ਜਵਾਬ ਦੇ ਦਿੱਤਾ ਕਿ ਉਹ ਮੰਤਰੀ ਹੈ, ਉਹਨਾਂ ਦਾ ਰੁਤਬਾ ਹੈ। ਅੰਦਰਲੀ ਗੱਲ ਹੈ ਕਿ ਮੰਤਰੀ ਜੀ ਨੂੰ ਪਤਾ ਹੈ ਕਿ ਜੇਕਰ ਬਾਹਰ ਮੀਡੀਆ ਸਾਹਮਣੇ ਵਿਰੋਧੀਆਂ ਨਾਲ ਪੰਗਾ ਪੈ ਗਿਆ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ ਅਤੇ ਉਸ ਦੀ ਟਿਕਟ ਤਾਂ ਪੱਕੀ ਹੀ ਹੈ।