- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਧਰ, ਸੋਸ਼ਲ ਮੀਡੀਆ ’ਤੇ ਵਿਧਾਇਕਾ ਦੀ ਸ਼ਬਦਾਵਲੀ, ਡਾਕਟਰਾਂ ਵਿਚਾਲੇ ਸਿਆਸੀ ਖਿੱਚੋਤਾਣ ਅਤੇ ਇੱਕ ਵੱਡੇ ਆਗੂ ਦੇ ਸਾਂਢੂ ਨੂੰ ਲੈ ਕੇ ਖ਼ਬਰ ਦੇ ਸਿਰਲੇਖ ਵਿੱਚ ਹੋਈ ਤਬਦੀਲੀ ਵੀ ਚਰਚਾ ਛੇੜ ਰਹੀ ਹੈ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਇਨ੍ਹੀਂ ਦਿਨੀਂ ਕਈ ਦਿਲਚਸਪ ਕਿੱਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਿਤੇ ਸੱਤਾ ਦੇ ਬਦਲਦੇ ਰੰਗਾਂ ਨੇ ਆਗੂਆਂ ਦੇ ਦਰਵਾਜ਼ਿਆਂ ਦੀ ਰੌਣਕ ਬਦਲ ਦਿੱਤੀ ਹੈ, ਕਿਤੇ ਮੰਡੀਆਂ ਵਿੱਚ ਭੰਗੜੇ ਦੀਆਂ ਵੀਡੀਓਜ਼ ’ਤੇ ਸਵਾਲ ਉੱਠ ਰਹੇ ਹਨ। ਉੱਧਰ, ਸੋਸ਼ਲ ਮੀਡੀਆ ’ਤੇ ਵਿਧਾਇਕਾ ਦੀ ਸ਼ਬਦਾਵਲੀ, ਡਾਕਟਰਾਂ ਵਿਚਾਲੇ ਸਿਆਸੀ ਖਿੱਚੋਤਾਣ ਅਤੇ ਇੱਕ ਵੱਡੇ ਆਗੂ ਦੇ ਸਾਂਢੂ ਨੂੰ ਲੈ ਕੇ ਖ਼ਬਰ ਦੇ ਸਿਰਲੇਖ ਵਿੱਚ ਹੋਈ ਤਬਦੀਲੀ ਵੀ ਚਰਚਾ ਛੇੜ ਰਹੀ ਹੈ।
ਸਮੇਂ ਦਾ ਗੇੜ
'ਹੋਣ ਚੜ੍ਹਦੇ ਸੂਰਜ ਨੂੰ ਸਲਾਮਾਂ ਡੁੱਬਦੇ ਨੂੰ ਕੌਣ ਪੁੱਛਦਾ'- ਸੱਤਾ ’ਚ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ। ਸੱਤਾ ਬਦਲਣ ਨਾਲ ਰਾਤੋ-ਰਾਤ ਸਭ ਕੁਝ ਬਦਲ ਜਾਂਦੈ। ਐੱਮ.ਐੱਲ.ਏ. ਹੋਸਟਲ ’ਚ ਕੌਰਨਰ ਵਾਲੇ ਫਲੈਟ ’ਚ ਕੁੱਝ ਦਿਨ ਪਹਿਲਾਂ ਤੱਕ ਜਿੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਅੱਜ ਉਸ ਫਲੈਟ ਦੇ ਦਰਵਾਜ਼ੇ ਬੰਦ ਰਹਿੰਦੇ ਹਨ। ਜਦਕਿ ਇਸ ਦੇ ਉਲਟ ਜਿਸ ਫਲੈਟ ਦੇ ਦਰਵਾਜ਼ੇ ਕਦੇ-ਕਦੇ ਖੁੱਲ੍ਹਦੇ ਸਨ, ਉੱਥੇ ਰੌਣਕਾਂ ਲੱਗ ਗਈਆਂ। ਪੁਲਿਸ ਦਾ ਪਹਿਰਾ, ਵੱਡੀਆਂ ਗੱਡੀਆਂ ਤੇ ਮਿਲਣ ਵਾਲਿਆਂ ਦਾ ਸਵੇਰੇ ਹੀ ਤਾਂਤਾ ਲੱਗਣ ਲੱਗਿਆ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਦੋਵਾਂ ਫਲੈਟਾਂ ਦਰਮਿਆਨ ਭਾਵੇਂ ਸਿਰਫ਼ ਦੋ ਫਲੈਟਾਂ ਦਾ ਅੰਤਰ ਹੈ, ਪਰ ਸਮੇਂ ਦਾ ਗੇੜ੍ਹ ਹੈ ਕਿ ਅੱਜਕੱਲ੍ਹ ਬੱਲੇ-ਬੱਲੇ ਹੋਈ ਪਈ ਹੈ।
ਮੰਡੀਆਂ ’ਚ ਭੰਗੜਾ
ਖਾਸ ਪਾਰਟੀ ਦੇ ਖਾਸ ਬੰਦਿਆਂ ਦੀਆਂ ਖਾਸ ਗੱਲ੍ਹਾਂ ਹਨ। ਪਾਰਟੀ ਦੇ ਖਾਸ ਬੰਦੇ ਕਈ ਵਾਰ ਅਜਿਹੀਆਂ ਰੀਲ੍ਹਾਂ, ਵੀਡੀਓ ਬਣਾ ਕੇ ਚਲਾ ਦਿੰਦੇ ਹਨ, ਜਿਹੜੀਆਂ ਜ਼ਮੀਨੀ ਹਕੀਕਤ ਨਾਲ ਬਿਲਕੁਲ ਮੇਲ਼ ਨਹੀਂ ਖਾਂਦੀਆਂ। ਝੋਨੇ ਦਾ ਸੀਜ਼ਨ ਚੱਲ ਰਿਹਾ ਕਿ ਮੰਡੀਆਂ ਵਿਚ ਭੰਗੜਾ ਪੈਂਦੇ ਦੀਆਂ ਤਸਵੀਰਾਂ, ਵੀਡੀਓ ਚੈਨਲਾਂ ’ਤੇ ਚੱਲਦੀਆਂ ਹਨ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਤੰਜ ਕਸਦਿਆ ਕਿਹਾ ਕਿ 'ਮੈਂ ਵੀ ਲੰਬਾਂ ਸਮਾਂ ਫੂਡ ਸਪਲਾਈ ਵਿਭਾਗ ’ਚ ਰਿਹਾਂ, ਕਈ ਖਰੀਦ ਸੀਜ਼ਨ ਦੇਖੇ-ਮੰਡੀਆਂ ਵਿਚ ਵੀ ਗਿਆਂ -ਹਮੇਸ਼ਾ ਆੜ੍ਹਤੀ, ਕਿਸਾਨਾਂ ਅਤੇ ਤੋਲਿਆਂ (ਮਜ਼ਦੂਰਾਂ) ’ਚ ਤੂੰ-ਤੂੰ, ਮੈਂ-ਮੈਂ, ਲੜਾਈ ਹੁੰਦੀ ਦੇਖੀ ਐ, ਮੰਡੀਆਂ ’ਚ ਭੰਗੜਾ ਤਾਂ ਪਹਿਲੀ ਵਾਰ ਦੇਖਿਆ।'
ਵਿਧਾਇਕਾ ਦੀ ਚਰਚਾ
ਸੋਸ਼ਲ ਮੀਡੀਆ ’ਤੇ ਇਕ ਵਿਧਾਇਕਾ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ। ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ਵਿਚ ਰਹਿਣ ਵਾਲੀ ਵਿਧਾਇਕਾ ਅੱਜਕੱਲ੍ਹ ਲਿੰਗ-ਪੁਲਿੰਗ ਦੇ ਚੱਕਰ ’ਚ ਸੋਸ਼ਲ ਮੀਡੀਆ ਵਿਚ ਛਾਈ ਹੋਈ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਖਾਸ ਪਾਰਟੀ ਵੱਲੋਂ ਬਿਰਤਾਂਤ ਸਿਰਜਣ ਲਈ ਇਕ ਮੈਸੇਜ ਭੇਜਿਆ ਜਾਂਦਾ ਅਤੇ ਇਹ ਸੁਨੇਹਾ ਪਾਰਟੀ ਆਗੂਆਂ, ਵਿਧਾਇਕਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲ ’ਤੇ ਸ਼ੇਅਰ ਕਰਨ ਲਈ ਕਿਹਾ ਜਾਂਦਾ ਹੈ। ਇਨ੍ਹੀਂ ਦਿਨੀਂ ਦੇਸ਼ ਵਿਚ ਇਕ ਅੰਦੋਲਨ ਚੱਲ ਰਿਹਾ ਹੈ ਤਾਂ ਪਾਰਟੀ ਮੁਖੀ ਨੇ ਜੋ ਲਿਖਿਆ ਉਹ ਸੁਨੇਹਾ ਹੇਠਾਂ ਤੱਕ ਭੇਜ ਦਿੱਤਾ ਗਿਆ। ਚਰਚਾ ਹੈ ਕਿ ਇਸ ਵਿਧਾਇਕਾ ਨੇ ਉਪਰੋ ਆਇਆ ਮੈਸੇਜ ਜਿਉਂ ਦਾ ਤਿਉਂ ਸ਼ੇਅਰ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਲੋਕ ਕੁਮੈਂਟ ਕਰ ਕੇ ਵਿਧਾਇਕਾ ਨੂੰ ਪੁਲਿੰਗ ਬਦਲਣ ਭਾਵ ਇਕ ਔਰਤ ਹੋਣ ਦੇ ਨਾਤੇ ਸ਼ਬਦਾਵਲੀ ਲਿਖਣ ਦੀ ਸਲਾਹ ਦੇ ਰਹੇ ਹਨ।
ਡਾਕਟਰ ਆਹਮੋ ਸਾਹਮਣੇ
ਸਿਆਸੀ ਹਲਕਿਆਂ ’ਚ ਡਾਕਟਰ ਅਜਕੱਲ੍ਹ ਕਾਫ਼ੀ ਚਰਚਾ ਵਿਚ ਹਨ। ਪਹਿਲਾਂ ਕੋਠੀ ਦੇ ਮਾਮਲੇ ਵਿਚ ਇਕ ਡਾਕਟਰ ਬਿਨਾਂ ਕਾਰਨ ਘੜੀਸਿਆ ਗਿਆ ਅਤੇ ਇਕ ਹੋਰ ਸਿਆਸੀ ਡਾਕਟਰ ਆਪਣੇ ਵਿਰੋਧੀ ਡਾਕਟਰ ਨੂੰ ਸੀਪ ਲਾਉਂਦਾ-ਲਾਉਂਦਾ ਉਲਟਾ ਘਿਰ ਗਿਆ ਹੈ। ਰਾਜਸੀ ਹਲਕਿਆਂ ਵਿਚ ਚਰਚਾ ਹੈ ਕਿ ਸਿਆਸੀ ਡਾਕਟਰ ਨੇ ਇਕ ਡਾਕਟਰ ਦੀ ਬਦਲੀ ਕਰਵਾ ਦਿੱਤੀ। ਵਿਧਾਨ ਸਭਾ ਵਿਚ ਦੂਜੀ ਪਾਰਟੀ ਦੇ ਇਕ ਹੋਰ ਡਾਕਟਰ ਨੇ ਬਦਲੀ ਦਾ ਮੁੱਦਾ ਚੁੱਕ ਲਿਆ ਤਾਂ ਵੱਡੇ ਡਾਕਟਰ ਸਾਹਿਬ ਨੇ ਬਦਲੀ ਰੱਦ ਕਰਨ ਦਾ ਭਰੋਸਾ ਦਿੰਦਿਆਂ ਡਾਕਟਰ ਦੀਆਂ ਸਿਫ਼ਤਾਂ ਦੇ ਪੁਲ਼ ਬੰਨਦੇ ਹੋਏ ਕਿਹਾ ਕਿ ਇਸ ਡਾਕਟਰ ਕਾਰਨ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਗਈ ਅਤੇ ਹਸਪਤਾਲ ਮੁਨਾਫ਼ੇ ਵਿਚ ਆ ਗਿਆ। ਇਹ ਗੱਲ ਸਿਆਸੀ ਡਾਕਟਰ ਨੂੰ ਚੁੱਭ ਗਈ ਤੇ ਉਸ ਨੇ ਵੱਡੀ ਕੋਠੀਓਂ ਫੋਨ ਕਰਵਾ ਕੇ ਬਦਲੀ ਨਾ ਹੋਣ ਦਿੱਤੀ। ਇਕ ਡਾਕਟਰ ਕਾਰਨ ਤਿੰਨ ਡਾਕਟਰਾਂ ਦੀ ਪਰੇਸ਼ਾਨੀ ਵਧ ਗਈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਡਾਕਟਰ ਦੀ ਬਦਲੀ ਨਾ ਹੋਈ ਤਾਂ ਉਸ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਅਤੇ ਖੇਤਰੀ ਪਾਰਟੀ ਨੇ ਹਲਕਾ ਇੰਚਾਰਜ ਵੀ ਲਾ ਦਿੱਤਾ। ਚਰਚਾ ਹੈ ਕਿ ਰਾਜਸੀ ਡਾਕਟਰ ਹੁਣ ਹਲਕੇ ਵਿਚ ਨਵਾਂ ਸਿਆਸੀ ਸ਼ਰੀਕ ਜੰਮਣ ਕਾਰਨ ਕਾਫ਼ੀ ਪ੍ਰੇਸ਼ਾਨ ਹੈ।
ਬਈ ਸਾਂਢੂ ਹਟਾਓ
ਸਿਆਸੀ ਹਲਕਿਆਂ ਵਿਚ ਸਾਂਢੂ ਦੀ ਖੂਬ ਚਰਚਾ ਹੈ। ਕਹਿੰਦੇ ਇਕ ਜਾਂਚ ਏਜੰਸੀ ਨੇ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ। ਇਸ ਦੀ ਭਿਣਕ ਲੱਗਣ ’ਤੇ ਇਕ ਵੈਬਸਾਈਟ ਨੇ ਇਕ ਵੱਡੇ ਰਾਜਸੀ ਆਗੂ ਦਾ ਸਾਂਢੂ ਹੋਣ ਦਾ ਹਵਾਲਾ ਦਿੰਦਿਆਂ ਖ਼ਬਰ ਚਲਾ ਦਿੱਤੀ। ਬੱਸ! ਫਿਰ ਕੀ ਸੀ ਕਿ ਸਬੰਧਤ ਅਦਾਰੇ ਨੂੰ ਫੋਨ ਕਰ ਕੇ ਸਾਂਢੂ ਸ਼ਬਦ ਹਟਾਉਣ ਦਾ ਹੁਕਮ ਚਾੜ੍ਹ ਦਿੱਤਾ ਗਿਆ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਸਾਂਢੂ ਦੇ ਹਵਾਲੇ ਨਾਲ ਇਕ ਦਮ ਵਾਇਰਲ ਹੋਣ ਵਾਲੀ ਖ਼ਬਰ ਦਾ ਜਿਉਂ ਹੀ ਹੈਡਿੰਗ ਬਦਲਿਆ ਤਾਂ ਜਿਵੇਂ ਸ਼ੇਅਰ ਡਿੱਗਦਾ ਉਵੇਂ ਖ਼ਬਰ ਧੜੰਮ ਕਰ ਕੇ ਡਿੱਗ ਗਈ।