ਬੌਸ ਹੋਵੇ ਤਾਂ MK ਭਾਟੀਆ ਵਰਗਾ! ਦੀਵਾਲੀ 'ਤੇ ਮੁਲਾਜ਼ਮਾਂ ਨੂੰ ਤੋਹਫ਼ੇ 'ਚ ਦੇਣਗੇ ਮਹਿੰਗੀਆਂ ਕਾਰਾਂ, ਗੁਜਰਾਤ ਦੇ ਹੀਰਾ ਕਾਰੋਬਾਰੀ ਵਾਂਗ ਹੋ ਰਹੀ ਚਰਚਾ
MK Bathia ਦੀ ਇਸ ਪਹਿਲ ਨੂੰ ਦੀਵਾਲੀ 'ਤੇ ਤੋਹਫ਼ੇ ਦੇਣ ਦੀ ਪਰੰਪਰਾ ਨੂੰ ਸਿਰਫ਼ ਇਨਾਮ ਵੰਡਣ ਤੱਕ ਸੀਮਤ ਨਾ ਰੱਖ ਕੇ ਮੁਲਾਜ਼ਮਾਂ ਦੇ ਸਨਮਾਨ ਅਤੇ ਭਾਗੀਦਾਰੀ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ।
Publish Date: Sun, 25 Oct 2026 01:35 PM (IST)
Updated Date: Sun, 25 Oct 2026 02:13 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਦੀਵਾਲੀ 'ਤੇ ਸਿਰਫ਼ ਮਠਿਆਈ ਤੇ ਬੋਨਸ ਹੀ ਨਹੀਂ, ਸਗੋਂ ਤੋਹਫ਼ੇ 'ਚ ਕਾਰਾਂ ਦੇਣ ਦਾ ਦੌਰ ਵੀ ਆ ਗਿਆ ਹੈ। ਗੁਜਰਾਤ ਦੇ ਮਸ਼ਹੂਰ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਵਾਂਗ ਚੰਡੀਗੜ੍ਹ ਦੇ ਫਾਰਮਾ ਕਾਰੋਬਾਰੀ ਵੀ ਆਪਣੇ ਇਸੇ ਅੰਦਾਜ਼ ਕਾਰਨ ਚਰਚਾ 'ਚ ਹਨ।
ਪਿਛਲੇ ਕੁਝ ਸਾਲਾਂ ਤੋਂ ਦੀਵਾਲੀ 'ਤੇ ਕਾਰਾਂ ਤੋਹਫ਼ੇ 'ਚ ਦੇਣ ਵਾਲੇ ਐੱਮਕੇ ਭਾਟੀਆ ਗਰੁੱਪ ਨੇ ਇਸ ਵਾਰ ਨਵਾਂ ਤਜਰਬਾ ਕੀਤਾ ਹੈ। ਇਸ ਤਹਿਤ ਕਾਰ ਮਿਲਣ ਦਾ ਮੌਕਾ ਸਿਰਫ਼ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਨਿਰਧਾਰਤ ਯੋਗਤਾ ਪੂਰੀ ਕਰਨ ਵਾਲੇ ਗਾਰਡ ਤੋਂ ਲੈ ਕੇ ਅਧਿਕਾਰੀ ਤਕ ਨੂੰ ਲੱਕੀ ਡਰਾਅ ਰਾਹੀਂ ਕਾਰ ਜਿੱਤਣ ਦਾ ਮੌਕਾ ਮਿਲੇਗਾ।
ਇਸ ਪਹਿਲ ਤਹਿਤ ਗਰੁੱਪ ਦੀਆਂ ਕੰਪਨੀਆਂ 'ਚ ਘੱਟੋ-ਘੱਟ 18 ਮਹੀਨਿਆਂ ਤੋਂ ਕੰਮ ਕਰ ਰਹੇ ਯੋਗ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਨਾਂ ਲੱਕੀ ਡਰਾਅ 'ਚ ਸ਼ਾਮਲ ਕੀਤੇ ਜਾਣਗੇ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ ਨੂੰ ਕਾਰ ਦੇਣ ਦੀ ਪੁਰਾਣੀ ਪਰੰਪਰਾ ਵੀ ਜਾਰੀ ਰਹੇਗੀ।
ਇਸ ਪਹਿਲ ਦਾ ਸੰਦੇਸ਼ ਹੈ ਕਿ ਕੰਪਨੀ ਦੀ ਤਰੱਕੀ 'ਚ ਹਰ ਮੁਲਾਜ਼ਮ ਦਾ ਯੋਗਦਾਨ ਮਾਇਨੇ ਰੱਖਦਾ ਹੈ। ਜਿੱਥੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਕੀਤਾ ਜਾਵੇਗਾ, ਉੱਥੇ ਹੀ ਲੱਕੀ ਡਰਾਅ ਹੋਰ ਯੋਗ ਮੁਲਾਜ਼ਮਾਂ ਨੂੰ ਵੀ ਇਹ ਖ਼ਾਸ ਤੋਹਫ਼ਾ ਜਿੱਤਣ ਦਾ ਮੌਕਾ ਦੇਵੇਗਾ।
ਐੱਮਕੇ ਭਾਟੀਆ ਦੀ ਇਸ ਪਹਿਲ ਨੂੰ ਦੀਵਾਲੀ 'ਤੇ ਤੋਹਫ਼ੇ ਦੇਣ ਦੀ ਪਰੰਪਰਾ ਨੂੰ ਸਿਰਫ਼ ਇਨਾਮ ਵੰਡਣ ਤੱਕ ਸੀਮਤ ਨਾ ਰੱਖ ਕੇ ਮੁਲਾਜ਼ਮਾਂ ਦੇ ਸਨਮਾਨ ਅਤੇ ਭਾਗੀਦਾਰੀ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ।
ਕੌਣ ਹਨ ਐੱਮਕੇ ਭਾਟੀਆ?
ਐੱਮਕੇ ਭਾਟੀਆ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਮੁਜ਼ੱਫਰਨਗਰ 'ਚ ਮੈਡੀਕਲ ਸਟੋਰ ਚਲਾਉਂਦੇ ਸਨ। ਸਾਲ 2002 'ਚ ਕਾਰੋਬਾਰ 'ਚ ਘਾਟਾ ਪੈਣ ਕਾਰਨ ਉਹ ਦੀਵਾਲੀਆ ਹੋਣ ਦੀ ਕਗਾਰ 'ਤੇ ਪਹੁੰਚ ਗਏ ਸਨ। ਉਸ ਸਮੇਂ ਉਨ੍ਹਾਂ ਸਿਰ ਕਰੋੜਾਂ ਰੁਪਏ ਦਾ ਕਰਜ਼ਾ ਸੀ।
ਸਾਲ 2015 'ਚ ਉਹ ਚੰਡੀਗੜ੍ਹ ਆਏ ਅਤੇ ਇੱਥੇ ਦਵਾਈ ਬਣਾਉਣ ਵਾਲੀ ਕੰਪਨੀ ਦੀ ਸ਼ੁਰੂਆਤ ਕੀਤੀ। ਹੁਣ ਉਨ੍ਹਾਂ ਦੀਆਂ MITS Healthcare Private Limited ਸਮੇਤ 12 ਕੰਪਨੀਆਂ ਚੱਲ ਰਹੀਆਂ ਹਨ।