ਪੰਜਾਬੀ ਛਾ ਗਏ ਓਏ! ਬ੍ਰਿਟਿਸ਼ ਕੋਲੰਬੀਆ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਨੇ ਰਚਿਆ ਇਤਿਹਾਸ, 15 ਪੰਜਾਬੀ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ
ਨਵੀਆਂ ਬਣੀਆਂ ਪਾਰਟੀਆਂ ਸੈਂਟਰ ਬੀਸੀ ਤੇ ਵੰਨ ਬੀਸੀ ਨੂੰ ਕੋਈ ਵੀ ਸੀਟ ਹਾਸਲ ਨਾ ਹੋ ਸਕੀ। ਖ਼ਾਸ ਗੱਲ ਇਹ ਰਹੀ ਇਨ੍ਹਾਂ ਚੋਣਾਂ ’ਚ ਭਾਰਤੀ ਮੂਲ ਦੇ 16 ਉਮੀਦਵਾਰ ਜਿੱਤੇ ਹਨ ਜਿਨ੍ਹਾਂ ’ਚੋਂ 15 ਪੰਜਾਬੀ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰੀਮੀਅਰ ਤੇ ਐੱਨਡੀਪੀ ਆਗੂ ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਅਚਨਚੇਤ ਚੋਣਾਂ ਕਰਵਾਉਣ ਦਾ ਖਮਿਆਜ਼ਾ ਪੂਰੀ ਪਾਰਟੀ ਨੂੰ ਭੁਗਤਣਾ ਪਿਆ। ਬੀਸੀ ਕੰਜ਼ਰਵੇਟਿਵ ਪਾਰਟੀ ਨੇ ਜਿਥੇ ਸੂਬੇ ਭਰ ’ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉੱਥੇ ਸਰੀ ਦੀਆਂ ਸਾਰੀਆਂ 10 ਸੀਟਾਂ ਜਿੱਤ ਕੇ ਐਨਡੀਪੀ ਦਾ ਇਥੋਂ ਪੂਰਾ ਸਫਾਇਆ ਕਰ ਦਿੱਤਾ।
Publish Date: Mon, 26 Oct 2026 10:27 AM (IST)
Updated Date: Mon, 26 Oct 2026 10:29 AM (IST)
ਨਿਰਮਲ ਸਿੰਘ ਮਾਨਸ਼ਾਹੀਆ, ਪੰਜਾਬੀ ਜਾਗਰਣ ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੀਆਂ ਸਮੇਂ ਤੋਂ ਪਹਿਲਾਂ ਹੋਈਆਂ ਸੂਬਾਈ ਚੋਣਾਂ ’ਚ ਇਤਿਹਾਸਕ ਫੇਰਬਦਲ ਹੋ ਗਿਆ ਹੈ। ਕੰਜ਼ਰਵੇਟਿਵ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤ੍ਰਿਮ ਆਗੂ ਲੋਰਨ ਡੋਅਰਕਸਨ ਦੀ ਅਗਵਾਈ ਹੇਠ ਸਰਕਾਰ ਬਣਾਉਣ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਨੇ 93 ਮੈਂਬਰੀ ਵਿਧਾਨ ਸਭਾ ’ਚ 64 ਸੀਟਾਂ ਜਿੱਤ ਕੇ ਪੂਰਨ ਬਹੁਮਤ ਪ੍ਰਾਪਤ ਕਰ ਲਿਆ। ਬਹੁਮਤ ਸਰਕਾਰ ਬਣਾਉਣ ਲਈ 47 ਸੀਟਾਂ ਦੀ ਲੋੜ ਹੁੰਦੀ ਹੈ। ਐੱਨਡੀਪੀ 27 ਸੀਟਾਂ ’ਤੇ ਸੀਮਤ ਹੋ ਗਈ। ਗ੍ਰੀਨ ਪਾਰਟੀ ਨੂੰ ਦੋ ਸੀਟਾਂ ਮਿਲੀਆਂ। ਨਵੀਆਂ ਬਣੀਆਂ ਪਾਰਟੀਆਂ ਸੈਂਟਰ ਬੀਸੀ ਤੇ ਵੰਨ ਬੀਸੀ ਨੂੰ ਕੋਈ ਵੀ ਸੀਟ ਹਾਸਲ ਨਾ ਹੋ ਸਕੀ। ਖ਼ਾਸ ਗੱਲ ਇਹ ਰਹੀ ਇਨ੍ਹਾਂ ਚੋਣਾਂ ’ਚ ਭਾਰਤੀ ਮੂਲ ਦੇ 16 ਉਮੀਦਵਾਰ ਜਿੱਤੇ ਹਨ ਜਿਨ੍ਹਾਂ ’ਚੋਂ 15 ਪੰਜਾਬੀ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰੀਮੀਅਰ ਤੇ ਐੱਨਡੀਪੀ ਆਗੂ ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਅਚਨਚੇਤ ਚੋਣਾਂ ਕਰਵਾਉਣ ਦਾ ਖਮਿਆਜ਼ਾ ਪੂਰੀ ਪਾਰਟੀ ਨੂੰ ਭੁਗਤਣਾ ਪਿਆ। ਬੀਸੀ ਕੰਜ਼ਰਵੇਟਿਵ ਪਾਰਟੀ ਨੇ ਜਿਥੇ ਸੂਬੇ ਭਰ ’ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉੱਥੇ ਸਰੀ ਦੀਆਂ ਸਾਰੀਆਂ 10 ਸੀਟਾਂ ਜਿੱਤ ਕੇ ਐਨਡੀਪੀ ਦਾ ਇਥੋਂ ਪੂਰਾ ਸਫਾਇਆ ਕਰ ਦਿੱਤਾ।
ਕੰਜ਼ਰਵੇਟਿਵ ਦੀ ਜਿੱਤ ਨਾਲ ਬ੍ਰਿਟਿਸ਼ ਕੋਲੰਬੀਆ ਨੇ ਲਗਭਗ ਇਕ ਸਦੀ ’ਚ ਪਹਿਲੀ ਵਾਰ ਕੰਜ਼ਰਵੇਟਿਵ ਬਹੁਮਤ ਵਾਲੀ ਸਰਕਾਰ ਚੁਣੀ ਹੈ। ਇਹ ਉਹੀ ਕੰਜ਼ਰਵੇਟਿਵ ਪਾਰਟੀ ਹੈ ਜੋ ਕੁਝ ਸਮਾਂ ਪਹਿਲਾਂ ਅੰਦਰੂਨੀ ਲੜਾਈ ਦਾ ਸ਼ਿਕਾਰ ਸੀ ਤੇ ਭਾਰੀ ਵਿਰੋਧ ਕਾਰਨ ਪਾਰਟੀ ਆਗੂ ਨੂੰ ਅਸਤੀਫ਼ਾ ਦੇਣਾ ਪਿਆ ਸੀ। ਪਾਰਟੀ ਵੱਲੋਂ ਲੌਰਨ ਡੌਰਕਸਨ ਨੂੰ ਅੰਤਰਿਮ ਆਗੂ ਬਣਾਇਆ ਗਿਆ ਸੀ। ਪ੍ਰੀਮੀਅਰ ਡੇਵਿਡ ਈਬੀ ਨੇ ਵਿਰੋਧੀ ਧਿਰ ਦੇ ਬਿਖਰੀ ਹੋਣ ਦਾ ਲਾਭ ਲੈਣ ਦੇ ਲਾਲਚ ’ਚ ਅਚਨਚੇਤ ਚੋਣਾਂ ਦਾ ਐਲਾਨ ਕਰ ਦਿੱਤਾ। ਚੋਣਾਂ ਦਾ ਐਲਾਨ ਹੁੰਦਿਆਂ ਬਿਖਰੀ ਹੋਈ ਕੰਜ਼ਰਵੇਟਿਵ ਇਕੱਠੀ ਹੋ ਗਈ ਤੇ ਲੌਰਨ ਡੌਰਕਸਨ ਦੀ ਯੋਗ ਅਗਵਾਈ ਨੇ ਜਿੱਥੇ ਲੋਕਾਂ ਦਾ ਭਰੋਸਾ ਜਿੱਤਣ ’ਚ ਕਾਮਯਾਬ ਹੋ ਗਈ ਉੱਥੇ ਸੂਬੇ ਦੇ ਲੋਕਾਂ ਨੇ ਵੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਨਵੀਂ ਸਰਕਾਰ ਬਣਾਉਣ ਦੇ ਕਾਬਲ ਬਣਾ ਦਿੱਤਾ। ਹੁਣ ਅੰਤ੍ਰਿਮ ਲੀਡਰ ਲੌਰਨ ਡੌਰਕਸਨ ਸੂਬੇ ਦੇ ਨਵੇਂ ਪ੍ਰੀਮੀਅਰ ਹੋਣਗੇ। ਲੌਰਨ ਡੌਰਕਸਨ ਜੋ ਪੇਸ਼ੇ ਵਜੋਂ ਪੱਤਰਕਾਰ ਰਹੇ ਹਨ, 2020 ’ਚ ਪਹਿਲੀ ਵਾਰ ਕੈਰੀਬੂ ਤੋਂ ਵਿਧਾਇਕ ਬਣੇ ਸਨ ਤੇ ਹੁਣ ਉਹ ਇਸੇ ਹਲਕੇ ਤੋਂ ਤੀਸਰੀ ਵਾਰ ਜਿੱਤੇ ਹਨ।
ਇਸੇ ਦੌਰਾਨ ਡੇਵਿਡ ਐਬੀ ਨੇ ਪਾਰਟੀ ਦੀ ਹਾਰ ਲਈ ਇਖ਼ਲਾਕੀ ਜਿੰਮੇਵਾਰੀ ਲੈਂਦਿਆਂ ਐੱਨਡੀਪੀ ਦੇ ਨੇਤਾ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸਮੇਂ ਤੋਂ ਦੋ ਸਾਲ ਪਹਿਲਾਂ ਐਲਾਨੀ ਗਈ ਚੋਣ ਦੇ ਨਤੀਜੇ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਨਹੀ ਸੀ। ਉਨ੍ਹਾਂ ਭਰੇ ਮਨ ਨਾਲ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਨਵਾਂ ਆਗੂ ਚੁਣਨ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਡੇਵਿਡ ਈਬੀ ਨੇ ਅਮਰੀਕਾ ਨਾਲ ਵਪਾਰਕ ਜੰਗ ਦੇ ਬਹਾਨੇ ਇਕ ਮਜ਼ਬੂਤ ਫਤਵੇ ਲਈ ਸਨੈਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।
ਸਰੀ ਦੀਆਂ ਸਾਰੀਆਂ 10 ਸੀਟਾਂ ਤੋਂ ਕੰਜ਼ਰਵੇਟਿਵ ਉਮੀਦਵਾਰ ਜੇਤੂ ਕੰਜ਼ਰਵੇਟਿਵ ਪਾਰਟੀ ਦੀ ਚੱਲੀ ਬਲਿਊ ਲਹਿਰ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲਿਆ। ਖਾਸ ਗੱਲ ਇਹ ਰਹੀ ਕਿ ਸੂਬੇ ਦੀ ਸਿਆਸਤ ’ਚ ਸਰੀ ਦੀਆਂ 10 ਸੀਟਾਂ ਦਾ ਹਮੇਸ਼ਾ ਮਹੱਤਵਪੂਰਨ ਰੋਲ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਸਰੀ ਤੋਂ ਸਾਰੇ ਉਮੀਦਵਾਰਾਂ ਨੇ ਐੱਨਡੀਪੀ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੰਦਿਆਂ ਜਿੱਤ ਹਾਸਲ ਕੀਤੀ। ਲੰਬੇ ਸਮੇਂ ਤੋਂ ਐੱਨਡੀਪੀ ਦਾ ਗੜ੍ਹ ਰਹੇ ਸਰੀ ਨਿਊਟਨ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਕੰਜ਼ਰਵੇਟਿਵ ਉਮੀਦਵਾਰ ਹਰਜ ਧਾਲੀਵਾਲ ਜੇਤੂ ਰਹੇ। ਉਨ੍ਹਾਂ ਐੱਨਡੀਪੀ ਦੀ ਉਮੀਦਵਾਰ ਜੈਸੀ ਸੁੰਨੜ ਨੂੰ ਹਰਾ ਦਿੱਤਾ।
ਇਨ੍ਹਾਂ ਚੋਣਾਂ ’ਚ 50 ਦੇ ਕਰੀਬ ਦੱਖਣੀ ਏਸ਼ੀਆਈ ਮੂਲ ਦੇ ਲੋਕ ਚੋਣਾਂ ’ਚ ਖੜ੍ਹੇ ਸਨ। ਜਿਨ੍ਹਾਂ ’ਚੋਂ 16 ਜਿੱਤੇ। ਇਨ੍ਹਾਂ ’ਚ ਵੀ 15 ਪੰਜਾਬੀ ਮੂਲ ਦੇ ਸਨ। 16ਵਾਂ ਉਮੀਦਵਾਰ ਵੀ ਭਾਰਤੀ ਮੂਲ ਦਾ ਸੀ। ਜਿਹੜੇ ਪੰਜਾਬੀ ਉਮੀਦਵਾਰ ਜਿੱਤੇ ਉਨ੍ਹਾਂ ’ਚ ਐੱਨਡੀਪੀ ਵੱਲੋਂ ਰੋਹਿਣੀ ਅਰੋੜਾ (ਬਰਨਬੀ ਈਸਟ) ਰਾਜ ਚੌਹਾਨ (ਬਰਨਬੀ–ਨਿਊ ਵੈਸਟਮਿੰਸਟਰ) ਨਿੱਕੀ ਸ਼ਰਮਾ (ਵੈਨਕੂਵਰ–ਹੇਸਟਿੰਗਜ਼) ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਮੋਨਿਕਾ ਮੋਹਨ (ਡੈਲਟਾ ਨੌਰਥ), ਪਵਨੀਤ ਸਿੰਘ (ਕੇਲੋਨਾ–ਲੇਕ ਕੰਟਰੀ–ਕੋਲਡਸਟ੍ਰੀਮ), ਹਰਮਨ ਭੰਗੂ (ਲੈਂਗਲੀ–ਐਬਟਸਫੋਰਡ), ਜੋਡੀ ਤੂਰ (ਲੈਂਗਲੀ–ਵਿਲੋਬਰੁੱਕ), ਸਟੀਵ ਕੂਨਰ (ਰਿਚਮੰਡ–ਕੁਈਨਜ਼ਬਰੋ), ਜ਼ੀਸ਼ਾਨ ਵਾਲਾ (ਸਰੀ ਸਿਟੀ ਸੈਂਟਰ), ਮਨਦੀਪ ਸਿੰਘ ਧਾਲੀਵਾਲ (ਸਰੀ ਨੌਰਥ), ਗੈਰੀ ਪੁਰੇਵਾਲ (ਸਰੀ–ਫਲੀਟਵੁੱਡ), ਗੈਰੀ ਥਿੰਦ (ਸਰੀ–ਗਿਲਡਫੋਰਡ), ਜੈਸੀ ਸਹੋਤਾ (ਸਰੀ–ਸਰਪੈਂਟਾਈਨ ਰਿਵਰ), ਦੀਪ ਸੰਧੂ (ਵੈਨਕੂਵਰ–ਫਰੇਜ਼ਰਵਿਊ) ਤੇ ਹਰਜੀਤ ਤਾਲੀਵਾਲ( ਹਲਕੇ ਦੀ ਪੁਸ਼ਟੀ ਨਹੀਂ ਹੋ ਸਕੀ) ਸ਼ਾਮਲ ਹਨ।