- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਵਿਰੁੱਧ ਥਾਣਾ ਸਾਈਬਰ ਕ੍ਰਾਇਮ ਬਠਿੰਡਾ ਵਿਖੇ ਇਕ ਮਾਮਲਾ ਦਰਜ ਸੀ। ਇਸ ਕੇਸ ਵਿਚ ਸ਼ਿਕਾਇਤਕਰਤਾ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰਨ, ਉਸ ਦੀ ਅਦਾਲਤੀ ਜ਼ਮਾਨਤ ਕਰਵਾਉਣ ਵਿਚ ਮਦਦ ਕਰਨ ਅਤੇ ਦੂਜੀ ਧਿਰ ਨਾਲ ਸਮਝੌਤਾ ਕਰਵਾਉਣ ਦੇ ਬਦਲੇ ਏਐੱਸਆਈ ਸਤਰੂਪ ਸਿੰਘ ਅਤੇ ਰੀਡਰ ਗੁਰਚਰਨ ਸਿੰਘ ਇਕ ਲੱਖ ਰੁਪਏ ਦੀ ਨਾਜਾਇਜ਼ ਮੰਗ ਕਰ ਰਹੇ ਸਨ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਥਾਣਾ ਸਾਈਬਰ ਕ੍ਰਾਇਮ ਬਠਿੰਡਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਸਤਰੂਪ ਸਿੰਘ ਅਤੇ ਐੱਸਐੱਚਓ ਦੇ ਰੀਡਰ ਗੁਰਚਰਨ ਸਿੰਘ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰੀ ਨਾ ਪਾਉਣ ਬਦਲੇ ਮੰਗੀ ਸੀ ਵੱਢੀ :
ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਵਿਰੁੱਧ ਥਾਣਾ ਸਾਈਬਰ ਕ੍ਰਾਇਮ ਬਠਿੰਡਾ ਵਿਖੇ ਇਕ ਮਾਮਲਾ ਦਰਜ ਸੀ। ਇਸ ਕੇਸ ਵਿਚ ਸ਼ਿਕਾਇਤਕਰਤਾ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰਨ, ਉਸ ਦੀ ਅਦਾਲਤੀ ਜ਼ਮਾਨਤ ਕਰਵਾਉਣ ਵਿਚ ਮਦਦ ਕਰਨ ਅਤੇ ਦੂਜੀ ਧਿਰ ਨਾਲ ਸਮਝੌਤਾ ਕਰਵਾਉਣ ਦੇ ਬਦਲੇ ਏਐੱਸਆਈ ਸਤਰੂਪ ਸਿੰਘ ਅਤੇ ਰੀਡਰ ਗੁਰਚਰਨ ਸਿੰਘ ਇਕ ਲੱਖ ਰੁਪਏ ਦੀ ਨਾਜਾਇਜ਼ ਮੰਗ ਕਰ ਰਹੇ ਸਨ।
ਟਰੈਪ ਲਗਾ ਕੇ ਮੌਕੇ 'ਤੇ ਕੀਤੀ ਗ੍ਰਿਫ਼ਤਾਰੀ :
ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੇਣ ਦੀ ਬਜਾਏ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1 ਮੁਹਾਲੀ ਨਾਲ ਸੰਪਰਕ ਕੀਤਾ ਗਿਆ। ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਮੁਲਾਜ਼ਮਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ। ਮਿਥੀ ਯੋਜਨਾ ਅਨੁਸਾਰ ਜਿਵੇਂ ਹੀ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਇਕ ਲੱਖ ਰੁਪਏ ਦੀ ਰਕਮ ਫੜ੍ਹੀ, ਵਿਜੀਲੈਂਸ ਟੀਮ ਨੇ ਦੋਵਾਂ ਨੂੰ ਮੌਕੇ 'ਤੇ ਹੀ ਰੰਗੇ ਹੱਥੀਂ ਦਬੋਚ ਲਿਆ।
ਇਸ ਮਾਮਲੇ ਵਿਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਐੱਸਏਐੱਸ ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।