- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਟੀਮ ਅਜਿਹੇ ਕੰਟੈਂਟ ਕ੍ਰਿਏਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ, ਜੋ ਕਲਿੱਕਬੇਟ ਲਈ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਜ਼ਰੂਰੀ ਹੈ, ਕਿਉਂਕਿ ਅਜਿਹੀਆਂ ਗੱਲਾਂ ਦਾ ਅਸਲ ਲੋਕਾਂ, ਉਨ੍ਹਾਂ ਦੀ ਸਾਖ ਅਤੇ ਪਰਿਵਾਰਾਂ ’ਤੇ ਅਸਰ ਪੈਂਦਾ ਹੈ

ਰੋਹਿਤ ਕੁਮਾਰ, ਚੰਡੀਗੜ੍ਹ : ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ਸਮਰੀਨ ਕੌਰ ਦਾ ਨਾਂ ਯੂਟਿਊਬਰ ਆਸ਼ੀਸ਼ ਚੰਚਲਾਨੀ ਨਾਲ ਜੋੜ ਕੇ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਸ ’ਤੇ ਸਮਰੀਨ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੀ ਆਸ਼ੀਸ਼ ਚੰਚਲਾਨੀ ਨਾਲ ਕੋਈ ਗੱਲਬਾਤ ਨਹੀਂ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁੰਮਰਾਹਕੁੰਨ ਕਹਾਣੀਆਂ ਬਣਾ ਕੇ ਵਿਊਜ਼ ਹਾਸਲ ਕਰਨ ਵਾਲੇ ਕੰਟੈਂਟ ਕ੍ਰਿਏਟਰਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਸਮਰੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸਟੋਰੀ ਵਿੱਚ ਲਿਖਿਆ ਕਿ ਇੰਟਰਨੈੱਟ ਇੱਕ ਅਜੀਬ ਥਾਂ ਹੈ, ਜੋ ਕਦੇ ਮਨੋਰੰਜਕ ਤੇ ਕਦੇ ਨਿਰਾਸ਼ਾਜਨਕ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉੱਠਦਿਆਂ ਹੀ ਉਨ੍ਹਾਂ ਨੂੰ ਇੱਕ ਅਜਿਹੇ ਯੂਟਿਊਬਰ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਦੀਆਂ ਰੀਲ ਐਡਿਟਾਂ ਦੇਖਣ ਨੂੰ ਮਿਲੀਆਂ, ਜਿਸ ਨਾਲ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਕੰਮ ਕੀਤਾ ਸੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਨਾ ਤਾਂ ਉਨ੍ਹਾਂ ਦੀ ਉਸ ਯੂਟਿਊਬਰ ਨਾਲ ਕੋਈ ਗੱਲਬਾਤ ਹੋਈ ਹੈ ਅਤੇ ਨਾ ਹੀ ਦੋਵਾਂ ਨੇ ਇਕੱਠਿਆਂ ਕੋਈ ਕੰਟੈਂਟ ਬਣਾਇਆ ਹੈ। ਇਸ ਦੇ ਬਾਵਜੂਦ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕਰ ਕੇ ਨਵੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ।
ਪੌਡਕਾਸਟ ਵਿੱਚ ਜਿਸ ਲੜਕੀ ਦਾ ਜ਼ਿਕਰ, ਉਹ ਮੈਂ ਨਹੀਂ
ਸਮਰੀਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਉਹ ਲੜਕੀ ਨਹੀਂ ਹਨ, ਜਿਸ ਦਾ ਜ਼ਿਕਰ ਕੁਝ ਪੌਡਕਾਸਟਾਂ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ ਉਹ ਇਸ ਬਾਰੇ ਕਈ ਵਾਰ ਸਥਿਤੀ ਸਪੱਸ਼ਟ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਨਾਂ ਅਜਿਹੀਆਂ ਚਰਚਾਵਾਂ ਵਿੱਚ ਘਸੀਟਿਆ ਜਾ ਰਿਹਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਮੁਤਾਬਕ ਪੁਰਾਣੀਆਂ ਤਸਵੀਰਾਂ ਨੂੰ ਸੰਦਰਭ ਤੋਂ ਹਟਾ ਕੇ ਪੇਸ਼ ਕਰਨਾ ਅਤੇ ਗੁੰਮਰਾਹਕੁੰਨ ਐਡਿਟਾਂ ਰਾਹੀਂ ਗ਼ਲਤ ਕਹਾਣੀਆਂ ਬਣਾਉਣਾ ਗ਼ੈਰ-ਜ਼ਿੰਮੇਵਾਰਾਨਾ ਅਤੇ ਅਪਮਾਨਜਨਕ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਟੀਮ ਅਜਿਹੇ ਕੰਟੈਂਟ ਕ੍ਰਿਏਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ, ਜੋ ਕਲਿੱਕਬੇਟ ਲਈ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਜ਼ਰੂਰੀ ਹੈ, ਕਿਉਂਕਿ ਅਜਿਹੀਆਂ ਗੱਲਾਂ ਦਾ ਅਸਲ ਲੋਕਾਂ, ਉਨ੍ਹਾਂ ਦੀ ਸਾਖ ਅਤੇ ਪਰਿਵਾਰਾਂ ’ਤੇ ਅਸਰ ਪੈਂਦਾ ਹੈ।
11 ਨਵੰਬਰ ਨੂੰ ਅਰਸ਼ਦੀਪ ਨਾਲ ਕੀਤੀ ਸੀ ਮੰਗਣੀ
ਸਮਰੀਨ ਦਾ ਇਹ ਬਿਆਨ ਅਰਸ਼ਦੀਪ ਸਿੰਘ ਨਾਲ ਮੰਗਣੀ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ। ਦੋਵਾਂ ਨੇ 11 ਨਵੰਬਰ 2026 ਨੂੰ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰ ਕੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਅਰਸ਼ਦੀਪ ਨੇ ਨਿਊਜ਼ੀਲੈਂਡ ਵਿੱਚ ਝੀਲ ਕਿਨਾਰੇ ਬਣੇ ਲੱਕੜ ਦੇ ਡੈੱਕ ’ਤੇ ਗੋਡਿਆਂ ਭਾਰ ਬੈਠ ਕੇ ਸਮਰੀਨ ਨੂੰ ਅੰਗੂਠੀ ਪਹਿਨਾਈ ਸੀ। ਸਮਰੀਨ ਨੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਇਸ ਰਿਸ਼ਤੇ ਦਾ ਅਧਿਕਾਰਤ ਐਲਾਨ ਕੀਤਾ ਸੀ।
ਅਪ੍ਰੈਲ ਵਿੱਚ ਸ਼ੁਰੂ ਹੋਈ ਸੀ ਰਿਸ਼ਤੇ ਦੀ ਚਰਚਾ
ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਅਪ੍ਰੈਲ 2026 ਵਿੱਚ ਸ਼ੁਰੂ ਹੋਈਆਂ ਸਨ। ਉਸ ਸਮੇਂ ਅਰਸ਼ਦੀਪ ਨੇ ਸਨੈਪਚੈਟ ’ਤੇ ਇੱਕ ਲੜਕੀ ਦਾ ਹੱਥ ਫੜੇ ਹੋਏ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਵਿੱਚ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ, ਪਰ ਪ੍ਰਸ਼ੰਸਕਾਂ ਨੇ ਹੱਥ ’ਤੇ ਬਣੇ ਟੈਟੂ ਅਤੇ ਨੇਲ ਆਰਟ ਦੀ ਤੁਲਨਾ ਸਮਰੀਨ ਦੀਆਂ ਤਸਵੀਰਾਂ ਨਾਲ ਕੀਤੀ ਸੀ।
ਇਸ ਤੋਂ ਬਾਅਦ ਆਈਪੀਐੱਲ ਦੌਰਾਨ ਸਮਰੀਨ ਕਈ ਵਾਰ ਪੰਜਾਬ ਕਿੰਗਜ਼ ਦੇ ਮੈਚ ਦੇਖਣ ਪਹੁੰਚੀ। ਉਨ੍ਹਾਂ ਨੂੰ ਨਿਊ ਚੰਡੀਗੜ੍ਹ ਅਤੇ ਮੁੰਬਈ ਦੇ ਸਟੇਡੀਅਮ ਵਿੱਚ ਅਰਸ਼ਦੀਪ ਦਾ ਹੌਸਲਾ ਵਧਾਉਂਦੇ ਦੇਖਿਆ ਗਿਆ।
ਮਈ ਵਿੱਚ ਧਰਮਸ਼ਾਲਾ ਵਿੱਚ ਦੋਵਾਂ ਦੇ ਹੱਥਾਂ ਵਿੱਚ ਹੱਥ ਪਾ ਕੇ ਘੁੰਮਣ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸੇ ਦੌਰਾਨ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਵੀ ਇਕੱਠਿਆਂ ਦੇਖਿਆ ਗਿਆ। ਜੂਨ ਵਿੱਚ ਦੋਵੇਂ ਪੰਜਾਬ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ।
ਇਸ ਤੋਂ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਨੂੰ ਅਨਫਾਲੋ ਕਰਨ ਦੀਆਂ ਚਰਚਾਵਾਂ ਵਿਚਾਲੇ ਬ੍ਰੇਕਅੱਪ ਦੀਆਂ ਅਫ਼ਵਾਹਾਂ ਵੀ ਫੈਲੀਆਂ ਸਨ, ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ। ਬਾਅਦ ਵਿੱਚ ਅਰਸ਼ਦੀਪ ਨੇ ਸਮਰੀਨ ਨਾਲ ਤਸਵੀਰਾਂ ਸਾਂਝੀਆਂ ਕਰ ਕੇ 'ਮਾਈ ਪਰਸਨ' ਲਿਖਿਆ ਸੀ। ਹੁਣ ਮੰਗਣੀ ਤੋਂ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਹੈ।