- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਇੱਕੋਂ ਮੁੱਦੇ ’ਤੇ ਦੋ ਮਾਪਦੰਡ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਮੰਗ ਰਹੇ ਸਨ ਪਰ ਉਹ ਪੰਜਾਬ ’ਚ ਪੇਪਰ ਲੀਕ ਮਾਮਲੇ ’ਚ ਚੁੱਪ ਬੈਠੇ ਹਨ ਤੇ ਉਨ੍ਹਾਂ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਅਸਤੀਫੇ ਨਹੀਂ ਲਏ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਦੋਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਅਧੀਨ ਵਿਭਾਗਾਂ ’ਚ ਪੇਪਰ ਲੀਕ ਦੀ ਉਸੇ ਤਰੀਕੇ ਜਵਾਬਦੇਹੀ ਚੁੱਕਣੀ ਚਾਹੀਦੀ ਹੈ, ਜਿਵੇਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ ਪੇਪਰ ਲੀਕ ’ਚ ਚੁੱਕੀ ਤੇ ਅਸਤੀਫ਼ਾ ਦਿੱਤਾ। ਇਥੇ ਜਾਰੀ ਕੀਤੇ ਇਕ ਬਿਆਨ ’ਚ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਧੋਖੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇੱਕੋਂ ਮੁੱਦੇ ’ਤੇ ਦੋ ਮਾਪਦੰਡ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਮੰਗ ਰਹੇ ਸਨ ਪਰ ਉਹ ਪੰਜਾਬ ’ਚ ਪੇਪਰ ਲੀਕ ਮਾਮਲੇ ’ਚ ਚੁੱਪ ਬੈਠੇ ਹਨ ਤੇ ਉਨ੍ਹਾਂ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਅਸਤੀਫੇ ਨਹੀਂ ਲਏ।
ਕਲੇਰ ਨੇ ਕਿਹਾ ਕਿ ਇਹ ਪਹਿਲੀਵਾਰ ਨਹੀਂ ਹੈ ਜਦੋਂ ‘ਆਪ’ ਨੇ ਮਾਮਲੇ ’ਤੇ ਦੋਗਲੇ ਮਿਆਰ ਅਪਣਾਏ ਹੋਣ। ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਸਰਕਾਰ ਨੇ ਦਾਗ਼ੀ ਮੰਤਰੀ ਹਟਾਉਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਹੁੰਦਿਆਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਆਉਂਦੇ ਦਿਨਾਂ ’ਚ ਇਹ ਮਾਮਲਾ ਲੋਕਾਂ ਤੱਕ ਲੈ ਕੇ ਜਾਵੇਗੀ ਤੇ ‘ਆਪ’ ਸਰਕਾਰ ਵੱਲੋਂ ਵਾਰ-ਵਾਰ ਪੇਪਰ ਲੀਕ ਕਰਨ ਕਾਰਨ ਇਕ ਪੀੜੀ ਦਾ ਭਵਿੱਖ ਖ਼ਤਰੇ ’ਚ ਪਾਉਣ ਨੂੰ ਬੇਨਕਾਬ ਕਰੇਗੀ।
ਪੰਜਾਬ ਅੰਦਰ ਪਿਛਲੇ ਚਾਰ ਸਾਲਾਂ ’ਚ ਛੇ ਪੇਪਰ ਹੋਏ ਲੀਕ
ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਚਾਰ ਸਾਲਾਂ ’ਚ ਛੇ ਪੇਪਰ ਲੀਕ ਹੋਏ ਹਨ ਜਿਸ ਕਾਰਨ ਪੰਜ ਲੱਖ ਵਿਦਿਆਰਥੀ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਬਜਾਏ ਸਬੰਧਤ ਮੰਤਰੀ ਨੂੰ ਜਵਾਬਦੇਹ ਠਹਿਰਾਉਣ ਦੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਸਾਰੇ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਝੂਠ ਬੋਲਿਆ ਕਿ ਪੰਜਾਬ ’ਚ ਇਸ ਸਰਕਾਰ ਦੇ ਰਾਜ ’ਚ ਕੋਈ ਪੇਪਰ ਲੀਕ ਨਹੀਂ ਹੋਇਆ। ਅਕਾਲੀ ਆਗੂ ਨੇ ਕਿਹਾ ਕਿ ਮਈ 2022 ਵਿਚ ਨਾਇਬ ਤਹਿਸੀਲਦਾਰ ਦਾ ਪੇਪਰ ਲੀਕ ਹੋਇਆ, ਜਿਸ ਕਾਰਨ 42000 ਉਮੀਦਵਾਰ ਪ੍ਰਭਾਵਤ ਹੋਏ। ਉਹਨਾਂ ਕਿਹਾ ਕਿ 2023 ਵਿਚ ਟੈਟ ਪ੍ਰੀਖਿਆ ਕਾਰਨ ਇਕ ਲੱਖ ਵਿਦਿਆਰਥੀ ਪ੍ਰਭਾਵਤ ਹੋਏ। ਇਸੇ ਤਰੀਕੇ 12ਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਲੀਕ ਹੋਇਆ ਤਾਂ 2.50 ਲੱਖ ਵਿਦਿਆਰਥੀ ਪ੍ਰਭਾਵਤ ਹੋਏ। ਉਨ੍ਹਾਂ ਕਿਹਾ ਕਿ ਜੂਨ 2024 ਵਿਚ ਏ ਡੀ ਓ ਦਾ ਪੇਪਰ ਲੀਕ ਹੋਇਆ ਤੇ ਦਸੰਬਰ 2025 ਵਿਚ ਐੱਸਐੱਸਐੱਸ ਬੋਰਡ ਵੱਲੋਂ ਲਏ ਪੇਪਰ ਲੀਕ ਹੋਏ ਤੇ ਹੁਣ ਫਾਰਮੇਸੀ ਅਫਸਰ ਦੇ ਪ੍ਰੀਖਿਆ ਪੇਪਰ ਲੀਕ ਹੋ ਗਏ ਹਨ।