'ਪੰਜਾਬ 'ਚ ਬਣਾਉਣੀ ਹੈ NDA ਸਰਕਾਰ...', ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਚੰਡੀਗੜ੍ਹ ਤੋਂ ਅਮਿਤ ਸ਼ਾਹ ਦਾ ਵੱਡਾ ਸਿਆਸੀ ਸੰਦੇਸ਼
Amit Shah ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਹੀ ਪੰਜਾਬ ਦਾ ਜ਼ਿਕਰ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਚੋਣਾਂ ਹਨ ਅਤੇ ਇੱਥੇ ਐਨਡੀਏ ਦੀ ਸਰਕਾਰ ਬਣੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਅਤੇ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾਉਣ ਲਈ ਕਿਹਾ, ਜਿਸ ਨਾਲ ਪੰਡਾਲ ਗੂੰਜ ਉੱਠਿਆ।
Publish Date: Sun, 01 Nov 2026 04:13 PM (IST)
Updated Date: Sun, 01 Nov 2026 04:59 PM (IST)
ਕੈਲਾਸ਼ ਨਾਥ, ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਿਰੰਗਾ ਪਾਰਕ 'ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਪੰਜਾਬ ਅਤੇ ਪੰਜਾਬੀਆਂ ਨੂੰ ਵੱਡਾ ਸੰਦੇਸ਼ ਦਿੱਤਾ। 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਉਨ੍ਹਾਂ ਨੇ ਪੰਜਾਬ 'ਚ ਐਨਡੀਏ ਦੀ ਸਰਕਾਰ (NDA Government) ਬਣਾਉਣ ਦੀ ਗੱਲ ਕਹੀ। ਸ਼ਾਹ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਹੀ ਪੰਜਾਬ ਦਾ ਜ਼ਿਕਰ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਚੋਣਾਂ ਹਨ ਅਤੇ ਇੱਥੇ ਐਨਡੀਏ ਦੀ ਸਰਕਾਰ ਬਣੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਅਤੇ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾਉਣ ਲਈ ਕਿਹਾ, ਜਿਸ ਨਾਲ ਪੰਡਾਲ ਗੂੰਜ ਉੱਠਿਆ।
ਚੰਡੀਗੜ੍ਹ ਨੂੰ ਸਿੱਖ ਗੁਰੂਆਂ ਦੀ ਕਰਮਭੂਮੀ ਦੱਸਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਸਿਆਸਤ ਤੋਂ ਪ੍ਰੇਰਿਤ ਸੀ। ਅਜਿਹਾ ਕਤਲੇਆਮ ਦੇਸ਼ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਅਤੇ ਨਾ ਹੀ ਕਦੇ ਦੇਖੇਗਾ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਸ ਸਮੇਂ ਰਾਜੀਵ ਗਾਂਧੀ ਨੇ ਕਿਹਾ ਸੀ, 'ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ।'
ਉਨ੍ਹਾਂ ਕਿਹਾ ਕਿ 1 ਨਵੰਬਰ ਉਹ ਤਰੀਕ ਹੈ, ਜਦੋਂ ਸਿੱਖ ਕਤਲੇਆਮ ਹੋਇਆ ਸੀ ਅਤੇ ਇਸੇ ਦਿਨ ਦਿੱਲੀ 'ਚ ਰੈਲੀ ਰੱਖ ਕੇ ਰਾਹੁਲ ਗਾਂਧੀ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ।
ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਵੀ ਉਠਾਇਆ
ਅਮਿਤ ਸ਼ਾਹ ਨੇ ਪੰਜਾਬ ਦੇ ਸਭ ਤੋਂ ਗਰਮ ਮੁੱਦਿਆਂ 'ਚ ਸ਼ਾਮਲ ਨਸ਼ਿਆਂ ਦੇ ਮਾਮਲੇ ਨੂੰ ਵੀ ਤਰਜੀਹ ਦਿੱਤੀ। ਉਨ੍ਹਾਂ ਐਲਾਨ ਕੀਤਾ ਕਿ 31 ਦਸੰਬਰ 2029 ਤਕ ਪੰਜਾਬ ਸਮੇਤ ਪੂਰੇ ਦੇਸ਼ 'ਚੋਂ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ। ਭਾਜਪਾ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਧਾਰਾ 370, ਨਕਸਲਵਾਦ ਅਤੇ ਤਿੰਨ ਤਲਾਕ ਵਰਗੇ ਕਈ ਅਜਿਹੇ ਕੰਮ ਕੀਤੇ ਗਏ ਹਨ, ਜਿਨ੍ਹਾਂ ਨੂੰ ਕਦੇ ਅਸੰਭਵ ਮੰਨਿਆ ਜਾਂਦਾ ਸੀ।
ਐਨਡੀਏ 'ਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਦੇ ਸੰਕੇਤ
'ਐਨਡੀਏ ਗੱਠਜੋੜ ਦੀ ਸਰਕਾਰ' ਦਾ ਜ਼ਿਕਰ ਕਰਕੇ ਅਮਿਤ ਸ਼ਾਹ ਨੇ ਇਸ ਗੱਲ ਦੇ ਸੰਕੇਤ ਵੀ ਦੇ ਦਿੱਤੇ ਕਿ ਸ਼੍ਰੋਮਣੀ ਅਕਾਲੀ ਦਲ (SAD) ਦੀ ਐਨਡੀਏ 'ਚ ਵਾਪਸੀ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ 2020 'ਚ ਤਿੰਨ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਟੁੱਟ ਗਿਆ ਸੀ।