ਮੰਤਰੀਆਂ ਦੇ ਸਰਕਾਰੀ ਬੰਗਲਿਆਂ 'ਤੇ ਨਾਜਾਇਜ਼ ਕਬਜ਼ੇ ਦਾ ਦੋਸ਼, ਜਾਖੜ ਬੋਲੇ- 'ਜਾਗੋ ! ਪੰਜਾਬ ਦੇ ਸਿਆਸਤਦਾਨੋ, ਤੁਹਾਡੇ ਘਰ 'ਚ ਚੋਰ ਵੜ ਆਏ ਹਨ'
Sunil Jakhar ਨੇ ਕਿਹਾ ਕਿ ਇਹ ਸਿਰਫ਼ ਸਰਕਾਰੀ ਬੰਗਲਿਆਂ ਦਾ ਮਾਮਲਾ ਨਹੀਂ ਹੈ, ਸਗੋਂ ਪੰਜਾਬ ਦੇ ਅਧਿਕਾਰਾਂ ਅਤੇ ਸਰਕਾਰੀ ਜਾਇਦਾਦ ਨਾਲ ਜੁੜਿਆ ਸਵਾਲ ਹੈ। ਉਨ੍ਹਾਂ ਪੰਜਾਬ ਦੇ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅੱਜ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਆਵਾਜ਼ ਨਾ ਚੁੱਕੀ ਗਈ ਤਾਂ ਆਉਣ ਵਾਲੇ ਸਮੇਂ 'ਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
Publish Date: Tue, 29 Sep 2026 03:03 PM (IST)
Updated Date: Tue, 29 Sep 2026 03:09 PM (IST)
ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ 'ਤੇ ਪੰਜਾਬ ਦੇ ਸਰਕਾਰੀ ਸਰੋਤਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਜਾਖੜ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਲੋਕਾਂ ਨੂੰ ਪੰਜਾਬ 'ਚ ਲੈ ਕੇ ਆਈ ਤੇ ਉਨ੍ਹਾਂ ਨੂੰ ਪੰਜਾਬ ਦੇ ਮੰਤਰੀਆਂ ਲਈ ਅਲਾਟ ਸਰਕਾਰੀ ਬੰਗਲਿਆਂ 'ਤੇ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਕਰਵਾਇਆ ਗਿਆ। ਉਨ੍ਹਾਂ ਪੰਜਾਬ ਦੇ ਸਿਆਸੀ ਆਗੂਆਂ ਨੂੰ ਇਸ ਮਾਮਲੇ 'ਤੇ ਆਵਾਜ਼ ਚੁੱਕਣ ਤੇ ਸਰਕਾਰੀ ਜਾਇਦਾਦਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਦਿਖਾਉਣ ਲਈ ਕਿਹਾ।
ਜਾਖੜ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਦਲਾਂ ਤੇ ਆਗੂਆਂ ਨੂੰ ਹੁਣ ਜਾਗਣਾ ਹੋਵੇਗਾ। ਉਨ੍ਹਾਂ ਸਵਾਲ ਉਠਾਇਆ ਕਿ ਆਖ਼ਰ ਸਰਕਾਰੀ ਬੰਗਲਿਆਂ ਦੀ ਵਰਤੋਂ ਕੌਣ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਰਿਹਾਇਸ਼ਾਂ ਕਿਸ ਆਧਾਰ 'ਤੇ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਰਿਹਾਇਸ਼ ਕਿਸੇ ਸਿਆਸੀ ਦਲ ਦੇ ਵਰਕਰਾਂ ਜਾਂ ਬਾਹਰੋਂ ਲਿਆਂਦੇ ਗਏ ਲੋਕਾਂ ਲਈ ਨਹੀਂ ਹਨ। ਇਨ੍ਹਾਂ ਦੀ ਅਲਾਟਮੈਂਟ ਨਿਰਧਾਰਤ ਨਿਯਮਾਂ ਤਹਿਤ ਹੀ ਹੋਣੀ ਚਾਹੀਦੀ ਹੈ।
ਜਾਖੜ ਨੇ ਕਿਹਾ ਕਿ ਇਹ ਸਿਰਫ਼ ਸਰਕਾਰੀ ਬੰਗਲਿਆਂ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੇ ਅਧਿਕਾਰਾਂ ਤੇ ਸਰਕਾਰੀ ਜਾਇਦਾਦ ਨਾਲ ਜੁੜਿਆ ਸਵਾਲ ਹੈ। ਉਨ੍ਹਾਂ ਪੰਜਾਬ ਦੇ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅੱਜ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਆਵਾਜ਼ ਨਾ ਚੁੱਕੀ ਗਈ ਤਾਂ ਆਉਣ ਵਾਲੇ ਸਮੇਂ 'ਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਹ ਲੋਕ ਮੰਚਾਂ 'ਤੇ ਚੜ੍ਹ ਕੇ ਸਿਆਸੀ ਗਤੀਵਿਧੀਆਂ 'ਚ ਹਿੱਸਾ ਲੈਣਗੇ, ਉਦੋਂ ਵੀ ਸਵਾਲ ਉਠਾਇਆ ਜਾਵੇਗਾ ਕਿ ਉਨ੍ਹਾਂ ਨੂੰ ਪੰਜਾਬ 'ਚ ਕਿਸ ਆਧਾਰ 'ਤੇ ਲਿਆਂਦਾ ਗਿਆ ਅਤੇ ਸਰਕਾਰੀ ਸਹੂਲਤਾਂ ਕਿਸ ਨਿਯਮ ਤਹਿਤ ਦਿੱਤੀਆਂ ਗਈਆਂ। ਜਾਖੜ ਨੇ ਕਿਹਾ, 'ਜਾਗੋ ਪੰਜਾਬ ਦੇ ਸਿਆਸਤਦਾਨ, ਤੁਹਾਡੇ ਘਰ 'ਚ ਚੋਰ ਵੜ ਆਏ ਹਨ।'
ਭਾਜਪਾ ਆਗੂ ਨੇ ਮੰਗ ਕੀਤੀ ਕਿ ਸਰਕਾਰੀ ਬੰਗਲਿਆਂ ਦੀ ਅਲਾਟਮੈਂਟ ਅਤੇ ਉਨ੍ਹਾਂ ਦੀ ਵਰਤੋਂ ਦਾ ਪੂਰਾ ਰਿਕਾਰਡ ਜਨਤਕ ਕੀਤਾ ਜਾਵੇ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਕਿਹੜੇ ਲੋਕਾਂ ਨੂੰ ਕਿਹੜੀਆਂ ਸਰਕਾਰੀ ਰਿਹਾਇਸ਼ਾਂ ਅਲਾਟ ਕੀਤੀਆਂ ਗਈਆਂ ਅਤੇ ਇਸ ਲਈ ਕਿਹੜੇ ਨਿਯਮ ਅਪਣਾਏ ਗਏ।
ਜਾਖੜ ਨੇ ਕਿਹਾ ਕਿ ਜੇ ਕਿਸੇ ਪੱਧਰ 'ਤੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰੀ ਜਾਇਦਾਦ ਦੀ ਵਰਤੋਂ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਸਿਆਸੀ ਦਲ ਨੂੰ ਇਸ ਦੀ ਮਨਮਾਨੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।