- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸੀਬੀਆਈ ਜਾਂਚ, ਪੀਜੀਆਈ ਚੰਡੀਗੜ੍ਹ ਵਿੱਚ ਡਾਕਟਰਾਂ ਦੇ ਬੋਰਡ ਤੋਂ ਮੁੜ ਪੋਸਟਮਾਰਟਮ ਅਤੇ ਪਰਿਵਾਰ ਦੀ ਸੁਰੱਖਿਆ ਮੰਗੀ ਹੈ। ਸ਼ਨਿਚਰਵਾਰ ਨੂੰ ਤੁਰੰਤ ਸੁਣਵਾਈ ਦੀ ਮੰਗ ’ਤੇ ਅਦਾਲਤ ਨੇ ਸੁਣਵਾਈ ਸੋਮਵਾਰ ਲਈ ਤੈਅ ਕੀਤੀ। ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਫਿਲਹਾਲ ਦਲਜੀਤ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਦਲਜੀਤ ਸਿੰਘ ਦੀ ਮੌਤ ਮਗਰੋਂ ਲਾਸ਼ ਲੈ ਕੇ ਧਰਨੇ ’ਚ ਜਾ ਰਹੇ ਪਰਿਵਾਰ ਤੇ ਪਿੰਡ ਵਾਸੀਆਂ ’ਤੇ ਪੁਲਿਸ ਲਾਠੀਚਾਰਜ ਦਾ ਦੋਸ਼ ਲੱਗਾ ਹੈ। ਪਟੀਸ਼ਨ ਮੁਤਾਬਕ ਪੁਲਿਸ ਨੇ ਲਾਸ਼ ਗੱਡੀ ਵਿੱਚੋਂ ਕੱਢ ਕੇ ਕਬਜ਼ੇ ’ਚ ਲੈ ਲਈ। ਤਿੰਨ ਦਿਨ ਬੀਤਣ ਮਗਰੋਂ ਵੀ ਪਰਿਵਾਰ ਨੂੰ ਲਾਸ਼ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸੀਬੀਆਈ ਜਾਂਚ, ਪੀਜੀਆਈ ਚੰਡੀਗੜ੍ਹ ਵਿੱਚ ਡਾਕਟਰਾਂ ਦੇ ਬੋਰਡ ਤੋਂ ਮੁੜ ਪੋਸਟਮਾਰਟਮ ਅਤੇ ਪਰਿਵਾਰ ਦੀ ਸੁਰੱਖਿਆ ਮੰਗੀ ਹੈ। ਸ਼ਨਿਚਰਵਾਰ ਨੂੰ ਤੁਰੰਤ ਸੁਣਵਾਈ ਦੀ ਮੰਗ ’ਤੇ ਅਦਾਲਤ ਨੇ ਸੁਣਵਾਈ ਸੋਮਵਾਰ ਲਈ ਤੈਅ ਕੀਤੀ। ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਫਿਲਹਾਲ ਦਲਜੀਤ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਪਟੀਸ਼ਨ ਅਨੁਸਾਰ ਦਲਜੀਤ ਦੀ 27 ਅਕਤੂਬਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ। ਪਰਿਵਾਰ, ਪੰਚਾਇਤ ਤੇ ਪਿੰਡ ਵਾਸੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਅਤੇ ਪੁਲਿਸ ਦੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਹੇ ਧਰਨੇ ’ਚ ਲਾਸ਼ ਲੈ ਕੇ ਜਾ ਰਹੇ ਸਨ। ਦੋਸ਼ ਹੈ ਕਿ ਰਾਮਦਿੱਤੇ ਵਾਲਾ ਚੌਕ ਵਿੱਚ ਪੁਲਿਸ ਨੇ ਰਸਤਾ ਰੋਕ ਕੇ ਲਾਠੀਚਾਰਜ ਕੀਤਾ। ਮੌਕੇ ’ਤੇ ਐੱਸਐੱਸਪੀ ਵੈਭਵ ਚੌਧਰੀ ਸਮੇਤ 100 ਤੋਂ ਵੱਧ ਪੁਲਿਸ ਮੁਲਾਜ਼ਮ ਸਨ। ਪਰਿਵਾਰਕ ਮੈਂਬਰਾਂ ਅਤੇ ਵੀਡੀਓ ਬਣਾ ਰਹੇ ਮੀਡੀਆ ਕਰਮੀਆਂ ਨਾਲ ਕੁੱਟਮਾਰ ਦੇ ਵੀ ਦੋਸ਼ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਲਾਸ਼ ਆਪਣੇ ਵਾਹਨ ਵਿੱਚ ਰੱਖ ਲਈ ਅਤੇ ਪਿਤਾ ਜਰਨੈਲ ਸਿੰਘ ’ਤੇ ਸਸਕਾਰ ਲਈ ਦਬਾਅ ਪਾਇਆ। ਦਲਜੀਤ ਦੀ ਪਤਨੀ ਪਰਮਜੀਤ ਕੌਰ ਅਤੇ ਨਾਬਾਲਗ ਪੁੱਤਰ ਅਰਮਾਨ ਸਿੰਘ ਨੂੰ ਥਾਣਾ ਸਿਟੀ-1 ਲਿਜਾ ਕੇ ਅੱਧੀ ਰਾਤ ਨੂੰ ਛੱਡਿਆ ਗਿਆ। ਪਟੀਸ਼ਨ ਵਿੱਚ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਤੇ ਵਿਭਾਗੀ ਕਾਰਵਾਈ, ਲਾਸ਼ ਪਰਿਵਾਰ ਨੂੰ ਸੌਂਪਣ ਅਤੇ ਮ੍ਰਿਤਕ ਦੀ ਮਰਿਆਦਾ ਤੇ ਧਾਰਮਿਕ ਰੀਤੀ ਅਨੁਸਾਰ ਸਸਕਾਰ ਦੇ ਅਧਿਕਾਰ ਦੀ ਰਾਖੀ ਦੀ ਮੰਗ ਕੀਤੀ ਗਈ ਹੈ।