- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਨੇ ਕਿਹਾ ਕਿ ਜਿਸ ਵੀ ਪਾਰਟੀ ਦੇ ਵਿਚਾਰ ਅਕਾਲੀ ਦਲ ਨਾਲ ਮਿਲਦੇ ਹੋਣਗੇ ਤੇ ਜੋ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਦਾ ਆਪਣਾ ਏਜੰਡਾ ਸਾਂਝਾ ਕਰੇਗੀ, ਉਸ ਨਾਲ ਗੱਠਜੋੜ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਗੱਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਹਨ।

ਰਮਨਜੀਤ ਸਿੰਘ ਮਣਕੂ, ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਗੱਠਜੋੜ ਨੂੰ ਲੈ ਕੇ ਖੁੱਲ੍ਹ ਕੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਸਾਰੇ ਬਦਲ ਖੁੱਲ੍ਹੇ ਹਨ। ਅਕਾਲੀ ਦਲ ਲਈ ਪੰਜਾਬ ਤੇ ਪੰਜਾਬ ਦੇ ਲੋਕ ਤਰਜੀਹ ਹਨ ਤੇ ਇਸੇ ਨੂੰ ਕੇਂਦਰ ’ਚ ਰੱਖ ਕੇ ਗੱਠਜੋੜ ਦਾ ਫ਼ੈਸਲਾ ਲਿਆ ਜਾਵੇਗਾ। ਸੁਖਬੀਰ ਬਾਦਲ ਨੇ ਬੀਤੇ ਦਿਨ ਇਕ ਮੀਡੀਆ ਪਲੇਟਫਾਰਮ ’ਤੇ ਚਰਚਾ ਦੌਰਾਨ ਇਹ ਗੱਲ ਕਹੀ।
ਸੁਖਬੀਰ ਨੇ ਕਿਹਾ ਕਿ ਜਿਸ ਵੀ ਪਾਰਟੀ ਦੇ ਵਿਚਾਰ ਅਕਾਲੀ ਦਲ ਨਾਲ ਮਿਲਦੇ ਹੋਣਗੇ ਤੇ ਜੋ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਦਾ ਆਪਣਾ ਏਜੰਡਾ ਸਾਂਝਾ ਕਰੇਗੀ, ਉਸ ਨਾਲ ਗੱਠਜੋੜ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਗੱਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਿਅਦ ਕਿਸੇ ਵੀ ਹਾਲਤ ’ਚ ਸਿੱਖਾਂ ਵਿਰੁੱਧ ਦੰਗਿਆਂ ’ਚ ਸ਼ਾਮਲ ਰਹੀ ਕਾਂਗਰਸ ਤੇ ਮੌਜੂਦਾ ਸਮੇਂ ਪੰਜਾਬ ’ਚ ਸੱਤਾ ’ਚ ਕਾਬਜ਼ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ।
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ’ਚ ਭਾਜਪਾ ਤੇ ਸ਼ਿਅਦ ਦੇ ਰਿਸ਼ਤਿਆਂ ’ਚ ਜੰਮੀ ਬਰਫ਼ ਪਿਘਲਣ ਤੇ ਦੋਵਾਂ ਵਿਚਾਲੇ ਮੁੜ ਗੱਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ਚਰਚਾਵਾਂ ਨੂੰ ਉਸ ਸਮੇਂ ਬਲ ਮਿਲਿਆ ਸੀ, ਜਦੋਂ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਾਸ਼ਣ ’ਚ ਗੱਠਜੋੜ ਦੇ ਸੰਕੇਤ ਦਿੱਤੇ ਸਨ। ਹਾਲਾਂਕਿ, ਭਾਜਪਾ ਦੇ ਕਈ ਆਗੂ ਲਗਾਤਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਗੱਲ ਕਰਦੇ ਰਹੇ ਹਨ। ਪਰ ਹਾਲ ਹੀ ’ਚ ਪੰਜਾਬ ’ਚ ਭਾਜਪਾ ਵੱਲੋਂ ਕੱਢੀਆਂ ਗਈਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਜਲੰਧਰ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਦੌਰਾਨ ਵੀ ਸ਼ਿਅਦ ਨਾਲ ਗੱਠਜੋੜ ਦੇ ਸੰਕੇਤ ਮਿਲੇ ਸਨ। ਸ਼ਾਹ ਨੇ ਆਪਣੇ ਭਾਸ਼ਣ ’ਚ ਜਿੱਥੇ ਹੋਰ ਵਿਰੋਧੀ ਪਾਰਟੀਆਂ ’ਤੇ ਤਨਜ਼ ਕੱਸਿਆ, ਉੱਥੇ ਹੀ ਪੂਰੇ ਭਾਸ਼ਣ ਦੌਰਾਨ ਅਕਾਲੀ ਦਲ ਬਾਰੇ ਚੁੱਪ ਬਣਾਈ ਰੱਖੀ। ਇਸ ਤੋਂ ਬਾਅਦ ਭਾਜਪਾ ਤੇ ਸ਼ਿਅਦ ਵਿਚਾਲੇ ਮੁੜ ਗੱਠਜੋੜ ਲਈ ਅੰਦਰੂਨੀ ਤੌਰ ’ਤੇ ਤਿਆਰੀਆਂ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਸਨ।
ਹੁਣ ਭਾਵੇਂ ਸੁਖਬੀਰ ਬਾਦਲ ਨੇ ਕਿਸੇ ਪਾਰਟੀ ਦਾ ਨਾਂ ਲੈ ਕੇ ਗੱਠਜੋੜ ਦਾ ਐਲਾਨ ਨਹੀਂ ਕੀਤਾ, ਪਰ ਇਹ ਸਭ ਨੂੰ ਪਤਾ ਹੈ ਕਿ ਸ਼ਿਅਦ ਕੋਲ ਗੱਠਜੋੜ ਲਈ ਭਾਜਪਾ ਤੇ ਬਸਪਾ ਹੀ ਬਦਲ ਮੌਜੂਦ ਹਨ। ਸ਼ਿਅਦ (ਮਾਨ), ਸ਼ਿਅਦ (ਪੁਨਰ-ਸੁਰਜੀਤ) ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਇਸ ਸੂਚੀ ’ਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਪਾਰਟੀਆਂ ਵੀ ਉਸੇ ਪੰਥਕ ਪਿੱਚ ’ਤੇ ਸਿਆਸਤ ਕਰਦੀਆਂ ਹਨ, ਜਿਸ ’ਤੇ ਅਕਾਲੀ ਦਲ (ਬਾਦਲ) ਸਿਆਸਤ ਕਰਦਾ ਹੈ। ਬਹੁਜਨ ਸਮਾਜ ਪਾਰਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਹ ਸ਼ਿਅਦ ਨਾਲ ਗੱਠਜੋੜ ਨਹੀਂ ਕਰੇਗੀ।