ਅਕਾਲੀ ਦਲ ਦੇ ਤਿੱਖੇ ਸਵਾਲ: ਮੁੱਖ ਮੰਤਰੀ ਦੀ ਵਾਇਰਲ ਵੀਡੀਓ ਮਾਮਲੇ 'ਚ 'ਆਪ' ਸਰਕਾਰ ਅਧਿਕਾਰੀਆਂ 'ਤੇ ਪਾ ਰਹੀ ਹੈ ਦਬਾਅ: ਐਡਵੋਕੇਟ ਕਲੇਰ
ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਚੇਅਰਮੈਨ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ।
Publish Date: Tue, 16 Jun 2026 06:28 PM (IST)
Updated Date: Tue, 16 Jun 2026 06:31 PM (IST)
ਪੰਜਾਬੀ ਜਾਗਰਣ, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਚੇਅਰਮੈਨ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਐਡਵੋਕੇਟ ਕਲੇਰ ਨੇ ਇਸ ਪੂਰੇ ਮਾਮਲੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।
ਐਡਵੋਕੇਟ ਕਲੇਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੀਡੀਓ ਨੂੰ ਝੂਠੀ ਸਾਬਤ ਕਰਨ ਲਈ ਅਧਿਕਾਰੀਆਂ ’ਤੇ ਦਬਾਅ ਪਾ ਰਹੀ ਹੈ ਕਿ ਕਿਤੇ ਤੋਂ ਵੀ ਕੋਈ ਸਰਟੀਫਿਕੇਟ ਲੈ ਆਓ।
ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਾਂ ਜਨਵਰੀ ’ਚ ਹੀ ਤੁਹਾਡੇ ਕੋਲੋਂ ਦੋ ਲੈਬੋਰਟਰੀਆਂ ਦੇ ਨਾਮ ਮੰਗੇ ਸਨ, ਫਿਰ ਉਸ ਵੇਲੇ ਕਿਉਂ ਨਹੀਂ ਦਿੱਤੇ ਗਏ ਸਨ?
ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਬੁਲਗਾਰੀਆ ਦੀ ਰਿਪੋਰਟ ਮੁਤਾਬਕ ਵੀਡੀਓ ਸਹੀ ਹੈ ਪਰ ਉਸ ਵਿੱਚ ਭਗਵੰਤ ਮਾਨ ਨਹੀਂ ਹੈ।
ਦੂਜੇ ਪਾਸੇ ਜਿਸ ਵਿਅਕਤੀ ਨੇ ਲਾਈਵ ਹੋ ਕੇ ਵੀਡੀਓ ਭੇਜੀ ਸੀ, ਉਸ ਦੇ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਕਿ ਉਸ ਨੇ ਖੁਦ AI ਰਾਹੀਂ ਇਹ ਵੀਡੀਓ ਤਿਆਰ ਕੀਤੀ ਹੈ।
ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਖੁਦ ਸਮਝ ਨਹੀਂ ਆ ਰਿਹਾ ਹੈ ਕਿ ਕੀ ਕਰਨਾ ਕੀ ਹੈ? ਪਰ ਅਧਿਕਾਰੀ ਸਾਹਿਬਾਨ ਨੂੰ ਬੇਨਤੀ ਹੈ ਕਿ ਸਰਕਾਰ ਦੇ ਕਹਿਣ ’ਤੇ ਨਹੀਂ, ਸਗੋਂ ਸੰਵਿਧਾਨ ਅਤੇ ਕਾਨੂੰਨ ਦੇ ਮੁਤਾਬਕ ਕੰਮ ਕਰਨ।