ਖੇਤੀਬਾੜੀ ਵਿਭਾਗ ਵੱਲੋਂ ਫ਼ਸਲਾਂ ਸਬੰਧੀ ਅਹਿਮ ਨੁਕਤੇ ਸਾਂਝੇ
ਖੇਤੀਬਾੜੀ ਵਿਭਾਗ ਵੱਲੋਂ ਫ਼ਸਲਾਂ ਸਬੰਧੀ ਅਹਿਮ ਨੁਕਤੇ ਸਾਂਝੇ
Publish Date: Mon, 22 Jun 2026 07:06 PM (IST)
Updated Date: Tue, 23 Jun 2026 04:07 AM (IST)

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਅਫ਼ਸਰ ਡਾ. ਬੂਟਾ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਫ਼ਸਲਾਂ ਦੀ ਦੇਖਭਾਲ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ ਗਏ। ਇਸ ਦੌਰੇ ਦੌਰਾਨ ਟੀਮ ਵੱਲੋਂ ਪਿੰਡ ਪਰਾਗਪੁਰ ਦੇ ਅਗਾਂਹਵਧੂ ਕਿਸਾਨ ਗੁਰਜਿੰਦਰ ਸਿੰਘ ਦੇ ਖੇਤ ਵਿਚ ਲਗਾਈ ਗਈ ਝੋਨੇ ਦੀ ਪਨੀਰੀ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਮਾਹਰਾਂ ਨੇ ਦੱਸਿਆ ਕਿ ਝੋਨੇ ਦੇ ਖੇਤਾਂ ਵਿਚ ਬੂਟਿਆਂ ਦੇ ਛੋਟੇ-ਵੱਡੇ ਰਹਿਣ ਯਾਨੀ ਮਧਰੇਪਣ ਦੀ ਸਮੱਸਿਆ ਇਕ ਵਾਇਰਸ ਕਾਰਨ ਹੁੰਦੀ ਹੈ, ਜੋ ਕਿ ਸਿਰਫ਼ ਚਿੱਟੇ/ਕਾਲੇ ਤੇਲੇ ਰਾਹੀਂ ਫ਼ੈਲਦਾ ਹੈ। ਵਾਇਰਸ ਦੇ ਪ੍ਰਭਾਵ ਕਾਰਨ ਬੂਟੇ ਮਧਰੇ ਰਹਿ ਜਾਂਦੇ ਹਨ। ਇਸ ਬਿਮਾਰੀ ਦੇ ਮੁੱਖ ਲੱਛਣ ਇਹ ਹਨ ਕਿ ਬੂਟਿਆਂ ਦੇ ਪੱਤੇ ਤਿੱਖੀ ਨੋਕ ਵਾਲੇ ਹੋ ਜਾਂਦੇ ਹਨ, ਜੋ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੁੰਦੇ ਅਤੇ ਪੌਦੇ ਦੀ ਲੰਬਾਈ ਦਾ ਵਾਧਾ ਸਪਸ਼ਟ ਤੌਰ ਤੇ ਰੁਕ ਜਾਂਦਾ ਹੈ। ਟੀਮ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਇਸ ਸਮੱਸਿਆ ਨੂੰ ਪਨੀਰੀ ਦੇ ਸਟੇਜ ਤੇ ਹੀ ਸੁਚੇਤ ਰਹਿ ਕੇ ਰੋਕਿਆ ਜਾ ਸਕਦਾ ਹੈ। ਇਸ ਦੇ ਬਚਾਅ ਲਈ ਕਿਸਾਨ ਵੀਰ ਪਨੀਰੀ ਉੱਪਰ ਉਸੀਨ 80 ਗ੍ਰਾਮ ਪ੍ਰਤੀ ਏਕੜ, ਜਾਂ ਆਰਕੈਸਟਰਾ 10 ਐੱਮਸੀ 400 ਐੱਮਐੱਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਦੌਰੇ ਦੌਰਾਨ ਮੌਜੂਦ ਖੇਤੀਬਾੜੀ ਵਿਸਥਾਰ ਅਫ਼ਸਰ ਸ਼੍ਰੀਮਤੀ ਸੁਖਜੀਤ ਕੌਰ ਅਤੇ ਸ਼੍ਰੀਮਤੀ ਗੁਰਵਿੰਦਰ ਕੌਰ ਨੇ ਕਿਸਾਨਾਂ ਨੂੰ ਮੌਜੂਦਾ ਸਮੇਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਪਾਣੀ ਨੂੰ ਇਕ ਵਾਰ ਸੁਕਾ ਕੇ ਦੁਬਾਰਾ ਲਗਾਉਣ ਨਾਲ ਜਿੱਥੇ ਪਾਣੀ ਦੀ ਵੱਡੀ ਬਚਤ ਹੁੰਦੀ ਹੈ, ਉੱਥੇ ਹੀ ਇਹ ਤਰੀਕਾ ਫ਼ਸਲ ਦੇ ਵਧੀਆ ਵਾਧੇ ਲਈ ਵੀ ਬੇਹੱਦ ਕਾਰਾਗਰ ਸਾਬਤ ਹੁੰਦਾ ਹੈ। ਖੇਤੀਬਾੜੀ ਅਫ਼ਸਰਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਨੀਰੀ ਨੂੰ ਮੁੱਖ ਖੇਤਾਂ ਵਿਚ ਲਗਾਉਣ ਤੋਂ ਬਾਅਦ ਵੀ ਆਪਣੇ ਖੇਤਾਂ ਦਾ ਲਗਾਤਾਰ ਮੁਆਇਨਾ ਕੀਤਾ ਜਾਵੇ। ਜੇਕਰ ਕਿਸੇ ਵੀ ਖੇਤ ਵਿਚ ਉਪਰੋਕਤ ਦੱਸੇ ਗਏ ਵਾਇਰਸ ਜਾਂ ਬਿਮਾਰੀ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਕਿਸਾਨ ਤੁਰੰਤ ਖੇਤੀਬਾੜੀ ਦਫ਼ਤਰ ਡੇਰਾਬੱਸੀ ਵਿਖੇ ਸੰਪਰਕ ਕਰਕੇ ਮਾਹਰਾਂ ਦੀ ਰਾਏ ਲੈ ਸਕਦੇ ਹਨ।