- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੈਕਸੀ ਸੇਵਾ ਨੂੰ ਵੱਧ ਤੋਂ ਵੱਧ ਡਰਾਈਵਰਾਂ ਨਾਲ ਜੋੜਨ ਅਤੇ ਯਾਤਰੀਆਂ ਨੂੰ ਸਹਿਕਾਰੀ ਮਾਡਲ ’ਤੇ ਆਧਾਰਿਤ ਆਵਾਜਾਈ ਦਾ ਵਿਕਲਪ ਮੁਹੱਈਆ ਕਰਵਾਉਣ ’ਤੇ ਧਿਆਨ ਦਿੱਤਾ ਜਾਵੇਗਾ। ਚੰਡੀਗੜ੍ਹ ਵਿੱਚ ਸ਼ੁਰੂਆਤ ਨੂੰ ਪੰਜਾਬ ਵਿੱਚ ਵਿਸਥਾਰ ਲਈ ਇੱਕ ਮਹੱਤਵਪੂਰਨ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ ਚੰਡੀਗੜ੍ਹ ’ਚ ਸ਼ੁੱਕਰਵਾਰ ਨੂੰ ਭਾਰਤ ਟੈਕਸੀ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਕਾਰਤਾ ਵਿਭਾਗ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੇਂਦਰੀ ਸਹਿਕਾਰਤਾ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਵੀ ਮੌਜੂਦ ਰਹੇ।
ਭਾਰਤ ਟੈਕਸੀ ਦੀ ਚੰਡੀਗੜ੍ਹ ਵਿੱਚ ਸ਼ੁਰੂਆਤ ਤੋਂ ਬਾਅਦ ਹੁਣ ਇਸ ਸੇਵਾ ਨੂੰ ਪੰਜਾਬ ਦੇ ਹੋਰ ਪ੍ਰਮੁੱਖ ਸ਼ਹਿਰਾਂ ਤੱਕ ਪਹੁੰਚਾਉਣ ਦੀ ਤਿਆਰੀ ਹੈ। ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਭਾਰਤ ਟੈਕਸੀ ਦਾ ਵਿਸਥਾਰ ਕਰਨ ਦੀ ਯੋਜਨਾ ਹੈ। ਇਸ ਤਹਿਤ ਟੈਕਸੀ ਸੇਵਾ ਨੂੰ ਵੱਧ ਤੋਂ ਵੱਧ ਡਰਾਈਵਰਾਂ ਨਾਲ ਜੋੜਨ ਅਤੇ ਯਾਤਰੀਆਂ ਨੂੰ ਸਹਿਕਾਰੀ ਮਾਡਲ ’ਤੇ ਆਧਾਰਿਤ ਆਵਾਜਾਈ ਦਾ ਵਿਕਲਪ ਮੁਹੱਈਆ ਕਰਵਾਉਣ ’ਤੇ ਧਿਆਨ ਦਿੱਤਾ ਜਾਵੇਗਾ। ਚੰਡੀਗੜ੍ਹ ਵਿੱਚ ਸ਼ੁਰੂਆਤ ਨੂੰ ਪੰਜਾਬ ਵਿੱਚ ਵਿਸਥਾਰ ਲਈ ਇੱਕ ਮਹੱਤਵਪੂਰਨ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ।
ਸਮਾਗਮ ਦੌਰਾਨ ਭਾਰਤ ਟੈਕਸੀ ਦੇ ਸਹਿਕਾਰੀ ਮਾਡਲ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਆਡੀਓ-ਵਿਜ਼ੂਅਲ ਪੇਸ਼ਕਾਰੀ ਰਾਹੀਂ ਸੇਵਾ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ ਗਿਆ। ਡਰਾਈਵਰਾਂ ਨੂੰ ਪਲੇਟਫਾਰਮ ਦੇ ਮੈਂਬਰ ਅਤੇ ਹਿੱਸੇਦਾਰ ਵਜੋਂ ਜੋੜਨ ਦੀ ਪਹਿਲ ਨੂੰ ਦਰਸਾਉਂਦੇ ਹੋਏ ਪੰਜ ਡਰਾਈਵਰ-ਮੈਂਬਰਾਂ ਨੂੰ ਸ਼ੇਅਰ ਸਰਟੀਫਿਕੇਟ ਵੀ ਵੰਡੇ ਗਏ।
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਡਿਜੀਟਲ ਮਾਧਿਅਮ ਰਾਹੀਂ ਭਾਰਤ ਟੈਕਸੀ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਭਾਰਤ ਟੈਕਸੀ ਦੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲ ਸਹਿਕਾਰੀ ਮਾਲਕੀ, ਤਕਨੀਕੀ ਆਤਮਨਿਰਭਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਉਨ੍ਹਾਂ ਸੁਰੱਖਿਅਤ, ਕਿਫਾਇਤੀ ਅਤੇ ਭਰੋਸੇਯੋਗ ਆਵਾਜਾਈ ਦੇ ਨਾਲ ਪਾਰਦਰਸ਼ੀ ਪ੍ਰਬੰਧਨ, ਡਾਟਾ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ’ਤੇ ਵੀ ਜ਼ੋਰ ਦਿੱਤਾ।
ਕ੍ਰਿਸ਼ਨ ਪਾਲ ਗੁੱਜਰ ਨੇ ਕਿਹਾ ਕਿ ਸਹਿਕਾਰੀ ਮਾਡਲ ਤਹਿਤ ਡਰਾਈਵਰ ਸਿਰਫ਼ ਸੇਵਾ ਪ੍ਰਦਾਤਾ ਨਹੀਂ ਰਹਿਣਗੇ, ਸਗੋਂ ਪਲੇਟਫਾਰਮ ਦੇ ਮੈਂਬਰ ਅਤੇ ਹਿੱਸੇਦਾਰ ਵਜੋਂ ਇਸ ਦੇ ਲਾਭ ਵਿੱਚ ਭਾਗੀਦਾਰ ਹੋਣਗੇ। ਉਨ੍ਹਾਂ ਮੁਤਾਬਕ ਇਸ ਨਾਲ ਡਰਾਈਵਰਾਂ ਦੀ ਆਮਦਨ ਅਤੇ ਸਮਾਜਿਕ-ਆਰਥਿਕ ਸੁਰੱਖਿਆ ਨੂੰ ਮਜ਼ਬੂਤੀ ਮਿਲ ਸਕਦੀ ਹੈ।
ਮੁਰਲੀਧਰ ਮੋਹੋਲ ਨੇ ਦੱਸਿਆ ਕਿ ਦੇਸ਼ ਭਰ ਵਿੱਚ ਹੁਣ ਤੱਕ ਲਗਭਗ 10 ਲੱਖ ਡਰਾਈਵਰ ਭਾਰਤ ਟੈਕਸੀ ਨਾਲ ਰਜਿਸਟਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਤੋਂ ਸ਼ੁਰੂ ਕਰਕੇ ਹੋਰ ਸ਼ਹਿਰਾਂ ਤੱਕ ਇਸ ਸੇਵਾ ਦਾ ਵਿਸਥਾਰ ਆਉਣ ਵਾਲੇ ਮਹੀਨਿਆਂ ਵਿੱਚ ਕੀਤਾ ਜਾਵੇਗਾ। ਇਸ ਨਾਲ ਪੰਜਾਬ ਵਿੱਚ ਟੈਕਸੀ ਡਰਾਈਵਰਾਂ ਨੂੰ ਸਹਿਕਾਰੀ ਪਲੇਟਫਾਰਮ ਨਾਲ ਜੋੜਨ ਅਤੇ ਯਾਤਰੀਆਂ ਲਈ ਨਵਾਂ ਆਵਾਜਾਈ ਵਿਕਲਪ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਅੱਗੇ ਵਧੇਗਾ।