- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਤਫ਼ਾਕ ਦੇਖੋ ਕਿ 14 ਅਕਤੂਬਰ 2026 ਨੂੰ ਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਲੋਕ ਸੜਕਾਂ ’ਤੇ ਉਤਰ ਆਏ ਹਨ। ਝੋਟੇ ਦੇ ਕਤਲ ਕਾਰਨ ਜਿੱਥੇ ਅੱਜ ਭਾਜਪਾ ਨੇ ਸੂਬੇ ਵਿਚ ਰੋਸ ਪ੍ਰਦਰਸ਼ਨ ਕੀਤਾ, ਕਾਂਗਰਸ ਨੇ ਕੈਂਡਲ ਮਾਰਚ ਕੀਤਾ, ਉੱਥੇ ਵੱਡੀ ਗਿਣਤੀ ਵਿਚ ਲੋਕ ਝੋਟੇ ਦੇ ਸ਼ਹਿਰ ਮਾਨਸਾ ਪੁੱਜ ਗਏ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਇਹ ਇਤਫਾਕ ਹੈ ਜਾਂ ਫਿਰ ਸਮੇਂ ਦਾ ਗੇੜ੍ਹ। ਸੂਬੇ ਦੇ ਇਤਿਹਾਸ ਵਿਚ 14 ਅਕਤੂਬਰ ਦਾ ਦਿਨ ਕਾਲੇ ਅੱਖ਼ਰਾਂ ’ਚ ਦਰਜ ਹੋ ਗਿਆ ਹੈ। ਕਰੀਬ ਗਿਆਰਾਂ ਸਾਲ ਬਾਅਦ ਸੂਬੇ ’ਚ ਮੁੜ ਤਣਾਅ ਵਾਲੀ ਸਥਿਤੀ ਬਣੀ ਹੈ। ਦੋਵਾਂ ਵੇਲਿਆਂ ਦੇ ਤਣਾਅ ਅਤੇ ਲੋਕਾਂ ਦੇ ਸੜਕਾਂ ’ਤੇ ਆਉਣ ’ਚ ਕੋਈ ਬਹੁਤਾ ਅੰਤਰ ਨਹੀਂ ਹੈ। ਉਦੋਂ ਸੂਬੇ ਦੇ ਲੋਕ ਇਕ ਧਾਰਮਿਕ ਮਸਲੇ ਨੂੰ ਲੈ ਕੇ ਸੜਕਾਂ ’ਤੇ ਆਏ ਸਨ ਅਤੇ ਹੁਣ ਇਕ ਸਮਾਜਿਕ ਮਸਲੇ ਨੇ ਲੋਕਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੈ। ਗਿਆਰਾਂ ਸਾਲ ਪਹਿਲਾਂ ਤੱਤਕਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਹੁਣ ਆਪ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਹ ਜਾਗਿਆ ਹੈ। ਗਿਆਰਾਂ ਸਾਲਾਂ ਦੌਰਾਨ ਬਹੁਤ ਕੁੱਝ ਬਦਲ ਗਿਆ ਹੈ, ਜੇਕਰ ਕੁੱਝ ਨਹੀਂ ਬਦਲਿਆ ਉਹ ਹੈ ਪੁਲਿਸ ਦਾ ਰਵੱਈਆ ਤੇ ਪੁਲਿਸ ਦੇ ਕੰਮ ਕਰਨ ਦਾ ਤੌਰ ਤਰੀਕਾ। ਸੂਬੇ ਦੇ ਲੋਕ ਪੁਲਿਸ ਦੀ ਕਾਰਗੁਜ਼ਾਰੀ ਕਾਰਨ ਗੁੱਸੇ ਵਿਚ ਹਨ।
ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਇਤਿਹਾਸ ਵਿਚ 14 ਅਕਤੂਬਰ ਦੀ ਤਾਰੀਖ਼ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਨਾਲ ਜੁੜੀ ਹੋਈ ਹੈ। ਸਾਲ 2015 ਵਿਚ ਬੇਅਦਬੀ ਦੀਆਂ ਘਟਨਾਵਾ ਵਿਰੁੱਧ ਰੋਸ ਪ੍ਰਗਟ ਕਰ ਰਹੀ ਸੰਗਤ ’ਤੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀਬਾਰੀ, ਲਾਠੀਚਾਰਜ ਨਾਲ ਦੋ ਵਿਅਕਤੀਆਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਘਟਨਾ ਨਾਲ ਪੰਜਾਬ ਦੀ ਸਿਆਸਤ ’ਤੇ ਡੂੰਘਾ ਅਸਰ ਪਿਆ।
ਇਤਫ਼ਾਕ ਦੇਖੋ ਕਿ 14 ਅਕਤੂਬਰ 2026 ਨੂੰ ਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਲੋਕ ਸੜਕਾਂ ’ਤੇ ਉਤਰ ਆਏ ਹਨ। ਝੋਟੇ ਦੇ ਕਤਲ ਕਾਰਨ ਜਿੱਥੇ ਅੱਜ ਭਾਜਪਾ ਨੇ ਸੂਬੇ ਵਿਚ ਰੋਸ ਪ੍ਰਦਰਸ਼ਨ ਕੀਤਾ, ਕਾਂਗਰਸ ਨੇ ਕੈਂਡਲ ਮਾਰਚ ਕੀਤਾ, ਉੱਥੇ ਵੱਡੀ ਗਿਣਤੀ ਵਿਚ ਲੋਕ ਝੋਟੇ ਦੇ ਸ਼ਹਿਰ ਮਾਨਸਾ ਪੁੱਜ ਗਏ ਹਨ। ਸਰਕਾਰ ਅਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਲੋਕ ਪਰਵਿੰਦਰ ਝੋਟੇ ਨੂੰ ਨਿਆਂ ਦਿਵਾਉਣ ਲਈ ਇਕੱਤਰ ਹੋਏ ਹਨ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਦਬਾਅ ਕਾਰਨ ਪੁਲਿਸ ਪ੍ਰਸ਼ਾਸਨ ਨੇ ਜਿੱਥੇ ਕਥਿਤ ਦੋਸ਼ੀ ਵਿਅਕਤੀ ਦੀ ਦੁਕਾਨ ਤੇ ਘਰ ਨੂੰ ਤੋੜ੍ਹਿਆ ਹੈ ਉਥੇ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਨੂੰ ਅੱਗ ਲਾ ਦਿੱਤੀ ਹੈ।
ਕਾਨੂੰਨ ਵਿਵਸਥਾ ਬਾਰੇ ਖੜ੍ਹੇ ਹੋਏ ਸਵਾਲ
ਦੋਵਾਂ ਘਟਨਾਵਾਂ ਦਾ ਕਾਰਨ ਅਤੇ ਪਿਛੋਕੜ ਭਾਵੇਂ ਵੱਖੋ-ਵੱਖ ਹੈ, ਪਰ ਇਨ੍ਹਾਂ ਨਾਲ ਜੁੜਿਆ ਲੋਕ ਰੋਹ ਵੱਡਾ ਸਵਾਲ ਖੜ੍ਹਾ ਕਰਦਾ ਹੈ। ਸਵਾਲ ਪੈਦਾ ਹੁੰਦਾ ਹੈ ਕੀ ਪ੍ਰਬੰਧਕੀ ਤੰਤਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਤੇ ਲੋਕਾਂ ਦਾ ਭਰੋਸਾ ਟੁੱਟ ਰਿਹੈ ਹੈ ਜਾਂ ਫਿਰ ਲੋਕਾਂ ਦੀ ਬੇਚੈਨੀ ਵਧ ਰਹੀ ਹੈ। ਬਹਿਬਲ ਕਲਾਂ ਗੋਲੀਕਾਂਡ ਨੇ ਇਨਸਾਫ਼ ਦੀ ਮੰਗ ਨੂੰ ਲੰਬੇ ਸਮੇਂ ਤੱਕ ਜਿਊਂਦਾ ਰੱਖਿਆ ਗਿਆ। ਸਿਆਸੀ ਸ਼ਰੀਕਾਂ ਨੇ ਉਦੋਂ ਦੀ ਸਰਕਾਰ ’ਤੇ ਵੱਡੇ ਦੋਸ਼ ਲਾਏ ਅਤੇ ਲੋਕ ਰੋਹ ਨੇ ਤੱਤਕਾਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਹੁਣ ਝੋਟੇ ਦੇ ਕਤਲ ਨੇ ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲਿਆਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਾਰੇ ਨਵੇਂ ਸਵਾਲ ਖੜ੍ਹੇ ਕੀਤੇ ਹਨ।