- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਹੁਣ ਤੱਕ ਦੋ ਸੂਚੀਆਂ ਜਾਰੀ ਕਰ ਚੁੱਕੀ ਹੈ। ਪਹਿਲੀ ਸੂਚੀ 31 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ, ਜਿਸ ’ਚ 40 ਨਾਂ ਸਨ। ਦੂਜੀ ਸੂਚੀ 12 ਨਵੰਬਰ ਨੂੰ ਆਈ, ਜਿਸ ’ਚ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਦੋਵਾਂ ਸੂਚੀਆਂ ’ਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਥਾਂ ਮਿਲੀ ਹੈ, ਪਰ ਮੰਤਰੀਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ (ਆਪ) ਨੇ 117 ’ਚੋਂ 71 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਕੇ ਚੋਣ ਤਿਆਰੀਆਂ ’ਚ ਦੂਜੀਆਂ ਪਾਰਟੀਆਂ ਤੋਂ ਬੜ੍ਹਤ ਬਣਾ ਲਈ ਹੈ। ਹਾਲਾਂਕਿ, ਪਾਰਟੀ ਨੇ ਕੈਬਨਿਟ ਮੰਤਰੀਆਂ ਦੀਆਂ ਸੀਟਾਂ ਬਾਰੇ ਅਜੇ ਭੇਤ ਬਰਕਰਾਰ ਰੱਖਿਆ ਹੈ। ਦੂਜੇ ਪਾਸੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਅਜੇ ਬਾਕੀ ਹੈ। ਕਾਂਗਰਸ ਉਮੀਦਵਾਰਾਂ ਬਾਰੇ ਸਰਵੇ ਰਿਪੋਰਟ ਤਿਆਰ ਕਰ ਰਹੀ ਹੈ, ਜਦਕਿ ਸੰਭਾਵੀ ਗਠਜੋੜ ਕਾਰਨ ਭਾਜਪਾ ਤੇ ਅਕਾਲੀ ਦਲ ਦੀਆਂ ਸੂਚੀਆਂ ਵੀ ਲਟਕੀਆਂ ਹੋਈਆਂ ਹਨ।
ਆਮ ਆਦਮੀ ਪਾਰਟੀ ਹੁਣ ਤੱਕ ਦੋ ਸੂਚੀਆਂ ਜਾਰੀ ਕਰ ਚੁੱਕੀ ਹੈ। ਪਹਿਲੀ ਸੂਚੀ 31 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ, ਜਿਸ ’ਚ 40 ਨਾਂ ਸਨ। ਦੂਜੀ ਸੂਚੀ 12 ਨਵੰਬਰ ਨੂੰ ਆਈ, ਜਿਸ ’ਚ 31 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਦੋਵਾਂ ਸੂਚੀਆਂ ’ਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਥਾਂ ਮਿਲੀ ਹੈ, ਪਰ ਮੰਤਰੀਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਪਾਰਟੀ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਸਰਵੇ ਰਿਪੋਰਟਾਂ ਦੇ ਆਧਾਰ ’ਤੇ ਫ਼ੈਸਲਾ ਲੈਣਾ ਚਾਹੁੰਦੀ ਹੈ। ਦੂਜੀ ਸੂਚੀ ’ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪਾਰਟੀ ਸੂਤਰਾਂ ਮੁਤਾਬਕ ਲੀਡਰਸ਼ਿਪ ਨੇ ਰਣਨੀਤੀ ਬਣਾਈ ਹੈ ਕਿ ਮੰਤਰੀਆਂ ਦੇ ਨਾਵਾਂ ਦਾ ਐਲਾਨ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਤੀਜੀ ਅਤੇ ਚੌਥੀ ਸੂਚੀ ’ਚ ਕੀਤਾ ਜਾਵੇਗਾ। ਇਸ ਪਿੱਛੇ ਇਕ ਕਾਰਨ ਦੂਜੀਆਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਚੋਣ ਮੈਦਾਨ ’ਚ ਉਤਰਨ ਦੀ ਉਡੀਕ ਕਰਨਾ ਵੀ ਦੱਸਿਆ ਜਾ ਰਿਹਾ ਹੈ। ਸੰਭਾਵਨਾ ਹੈ ਕਿ ‘ਆਪ’ ਆਪਣੇ ਕੱਦਾਵਰ ਮੰਤਰੀਆਂ ਨੂੰ ਵਿਰੋਧੀ ਪਾਰਟੀਆਂ ਦੇ ਦਿੱਗਜ ਆਗੂਆਂ ਦੇ ਮੁਕਾਬਲੇ ਉਤਾਰ ਕੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕਰੇ। ਇਸ ਤੋਂ ਇਲਾਵਾ ਮਾਲਵਾ ਖੇਤਰ ਦੇ ਤਿੰਨ ਮੰਤਰੀਆਂ ਦੇ ਹਲਕੇ ਬਦਲਣ ’ਤੇ ਵੀ ਵਿਚਾਰ ਹੋ ਰਿਹਾ ਹੈ। ਹਾਲਾਂਕਿ, ਜ਼ਿਆਦਾਤਰ ਮੰਤਰੀ ਆਪਣੇ ਮੌਜੂਦਾ ਹਲਕੇ ਛੱਡਣ ਦੇ ਹੱਕ ’ਚ ਨਹੀਂ ਹਨ। ਪਾਰਟੀ ਖੇਤਰਵਾਰ ਸੰਤੁਲਨ ਬਣਾਉਣ ਅਤੇ ਵੱਧ ਜ਼ਿਲ੍ਹਿਆਂ ’ਚ ਆਪਣੇ ਵੱਡੇ ਚਿਹਰੇ ਉਤਾਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ।
ਸਰਵੇ ਰਿਪੋਰਟ ਤੇ ਪਾਰਟੀ ’ਚ ਸਰਗਰਮੀ ਦੇ ਆਧਾਰ ’ਤੇ ਤੈਅ ਹੋ ਰਹੀਆਂ ਟਿਕਟਾਂ : ਮਾਨ
ਮੰਤਰੀਆਂ ਦੀਆਂ ਟਿਕਟਾਂ ਅਤੇ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ਬਾਰੇ ਪੁੱਛਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਉਮੀਦਵਾਰਾਂ ਦਾ ਫ਼ੈਸਲਾ ਸਰਵੇ ਰਿਪੋਰਟਾਂ ਅਤੇ ਪਾਰਟੀ ’ਚ ਉਨ੍ਹਾਂ ਦੀ ਸਰਗਰਮੀ ਦੇ ਆਧਾਰ ’ਤੇ ਕਰ ਰਹੀ ਹੈ। ਇਸ ਬਾਰੇ ਵਿਚਾਰ-ਵਟਾਂਦਰਾ ਜਾਰੀ ਹੈ ਅਤੇ ਜਲਦੀ ਹੀ ਮੰਤਰੀਆਂ ਦੇ ਨਾਂ ਵੀ ਸੂਚੀ ’ਚ ਆ ਜਾਣਗੇ।
ਖੁੱਡੀਆਂ ਦੀ ਟਿਕਟ ਬਾਰੇ ਮਾਨ ਨੇ ਕਿਹਾ ਕਿ ਪਾਰਟੀ ਤੈਅ ਕਰਦੀ ਹੈ ਕਿ ਕਿਸੇ ਆਗੂ ਨੂੰ ਚੋਣ ਲੜਾਉਣਾ ਹੈ ਜਾਂ ਸੰਗਠਨ ’ਚ ਜ਼ਿੰਮੇਵਾਰੀ ਦੇਣੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮ ’ਤੇ ਉਨ੍ਹਾਂ ਨੇ ਪਹਿਲਾਂ ਜਲਾਲਾਬਾਦ ਅਤੇ ਫਿਰ ਧੂਰੀ ਤੋਂ ਚੋਣ ਲੜੀ ਸੀ। ਹੁਣ ਵੀ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਪਾਰਟੀ ਨੇ ਖੁੱਡੀਆਂ ਨੂੰ ਕੋਈ ਹੋਰ ਜ਼ਿੰਮੇਵਾਰੀ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਇਹ ਠੀਕ ਹੈ।
ਕੁਝ ਹਲਕਿਆਂ ’ਚ ਟਿਕਟਾਂ ਦੇ ਐਲਾਨ ਤੋਂ ਬਾਅਦ ਆਗੂਆਂ ਦੀ ਨਾਰਾਜ਼ਗੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਵਰਕਰ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਰਟੀ ਕੋਈ ਵੀ ਫ਼ੈਸਲਾ ਕਈ ਪੱਧਰਾਂ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਲੈਂਦੀ ਹੈ।