- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਲੀ ਦੀਆਂ ਤਿਆਰੀਆਂ ਲਈ ਪਾਰਟੀ ਪੱਧਰ ’ਤੇ ਲਗਾਤਾਰ ਬੈਠਕਾਂ ਹੋ ਰਹੀਆਂ ਹਨ। ਮੰਤਰੀਆਂ ਤੇ ਵਿਧਾਇਕਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹਾ ਤੇ ਹਲਕਾ ਪੱਧਰ ਦੇ ਆਗੂਆਂ ਨੂੰ ਵੀ ਵਰਕਰਾਂ ਅਤੇ ਸਮਰਥਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਰਮਨਜੀਤ ਸਿੰਘ ਮਣਕੂ, ਜਾਗਰਣ, ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 26 ਨਵੰਬਰ ਨੂੰ ਮੋਗਾ ’ਚ ਹੋਣ ਵਾਲੀ ਸਥਾਪਨਾ ਦਿਵਸ ਰੈਲੀ ਨੂੰ ਆਪਣੀ ਸਿਆਸੀ ਤਾਕਤ ਦਿਖਾਉਣ ਦਾ ਮੌਕਾ ਬਣਾਇਆ ਹੈ। ਰੈਲੀ ਦੀਆਂ ਤਿਆਰੀਆਂ ਲਈ ਸਰਕਾਰ ਤੇ ਸੰਗਠਨ ਨੇ ਪੂਰੀ ਤਾਕਤ ਲਾ ਦਿੱਤੀ ਹੈ। ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਆਪੋ-ਆਪਣੇ ਪ੍ਰਭਾਵ ਵਾਲੇ ਖੇਤਰਾਂ ਤੋਂ ਵੱਧ ਤੋਂ ਵੱਧ ਲੋਕ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਰੈਲੀ ਦੀਆਂ ਤਿਆਰੀਆਂ ਲਈ ਪਾਰਟੀ ਪੱਧਰ ’ਤੇ ਲਗਾਤਾਰ ਬੈਠਕਾਂ ਹੋ ਰਹੀਆਂ ਹਨ। ਮੰਤਰੀਆਂ ਤੇ ਵਿਧਾਇਕਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹਾ ਤੇ ਹਲਕਾ ਪੱਧਰ ਦੇ ਆਗੂਆਂ ਨੂੰ ਵੀ ਵਰਕਰਾਂ ਅਤੇ ਸਮਰਥਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਪਾਰਟੀ ਦੀ ਯੋਜਨਾ ਪੰਜਾਬ ਦੇ ਸਾਰੇ ਖੇਤਰਾਂ ਤੋਂ ਲੋਕਾਂ ਨੂੰ ਰੈਲੀ ’ਚ ਲਿਆਉਣ ਦੀ ਹੈ। ਇਸ ਲਈ ਆਵਾਜਾਈ, ਪਾਰਕਿੰਗ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਰੈਲੀ ਲਈ ਕਰੀਬ 116 ਏਕੜ ਥਾਂ ’ਚ ਪ੍ਰਬੰਧ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਕਾਰਨ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਇਸ ਨੂੰ ਸਿਰਫ਼ ਸਥਾਪਨਾ ਦਿਵਸ ਦਾ ਸਮਾਗਮ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਦੀ ਸਰਗਰਮੀ ਅਤੇ ਸਰਕਾਰ ਦੇ ਕੰਮਕਾਜ ਨੂੰ ਲੋਕਾਂ ਸਾਹਮਣੇ ਰੱਖਣ ਦੇ ਮੌਕੇ ਵਜੋਂ ਦੇਖ ਰਹੀ ਹੈ।
ਰੈਲੀ ਤੋਂ ਬਾਅਦ ਤੀਜੀ ਸੂਚੀ ’ਤੇ ਨਜ਼ਰ
ਪਾਰਟੀ ਦੀ ਉਮੀਦਵਾਰਾਂ ਦੀ ਤੀਜੀ ਸੂਚੀ ਵੀ ਇਸ ਰੈਲੀ ਨਾਲ ਜੁੜਿਆ ਅਹਿਮ ਸਿਆਸੀ ਪੱਖ ਹੈ। ‘ਆਪ’ ਹੁਣ ਤੱਕ ਦੋ ਸੂਚੀਆਂ ’ਚ 71 ਉਮੀਦਵਾਰਾਂ ਦੇ ਨਾਂ ਐਲਾਨ ਚੁੱਕੀ ਹੈ। ਪਹਿਲੀ ਸੂਚੀ ’ਚ 40 ਅਤੇ ਦੂਜੀ ’ਚ 31 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਸੀ। ਹੁਣ ਤੀਜੀ ਸੂਚੀ ਨੂੰ ਲੈ ਕੇ ਪਾਰਟੀ ਅੰਦਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸੰਭਾਵਨਾ ਹੈ ਕਿ ਇਹ ਸੂਚੀ ਮੋਗਾ ਰੈਲੀ ਤੋਂ ਬਾਅਦ ਜਾਰੀ ਕੀਤੀ ਜਾ ਸਕਦੀ ਹੈ।
ਤੀਜੀ ਸੂਚੀ ’ਚ ਨਵੇਂ ਚਿਹਰਿਆਂ ਦੇ ਨਾਲ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਬਾਰੇ ਵੀ ਫ਼ੈਸਲਾ ਹੋ ਸਕਦਾ ਹੈ। ਪਾਰਟੀ ਲੀਡਰਸ਼ਿਪ ਵਿਧਾਇਕਾਂ ਦੇ ਕੰਮਕਾਜ, ਹਲਕੇ ’ਚ ਪਕੜ, ਲੋਕਾਂ ਵਿਚਾਲੇ ਛਵੀ ਅਤੇ ਸੰਗਠਨ ਨਾਲ ਤਾਲਮੇਲ ਦੇ ਆਧਾਰ ’ਤੇ ਉਨ੍ਹਾਂ ਦਾ ਮੁਲਾਂਕਣ ਕਰ ਰਹੀ ਹੈ। ਜਿਨ੍ਹਾਂ ਵਿਧਾਇਕਾਂ ਬਾਰੇ ਫੀਡਬੈਕ ਤਸੱਲੀਬਖ਼ਸ਼ ਨਹੀਂ ਹੈ, ਉਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਪਾਰਟੀ ਪਹਿਲਾਂ ਹੀ ਉਮੀਦਵਾਰਾਂ ਦੀ ਚੋਣ ’ਚ ਸਰਵੇਖਣ ਅਤੇ ਜਿੱਤਣ ਦੀ ਸਮਰੱਥਾ ਨੂੰ ਤਰਜੀਹ ਦੇਣ ਦੇ ਸੰਕੇਤ ਦੇ ਚੁੱਕੀ ਹੈ। ਇਸ ਲਈ ਰੈਲੀ ’ਚ ਇਕੱਠੀ ਹੋਣ ਵਾਲੀ ਭੀੜ ਦੇ ਨਾਲ-ਨਾਲ ਇਸ ਤੋਂ ਬਾਅਦ ਉਮੀਦਵਾਰਾਂ ਬਾਰੇ ਹੋਣ ਵਾਲੇ ਫ਼ੈਸਲਿਆਂ ’ਤੇ ਵੀ ਨਜ਼ਰ ਰਹੇਗੀ।