- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੱਸ਼ਟ ਹੈ ਕਿ ਪਾਰਟੀ ਹਰ ਸੀਟ ਨੂੰ ਜਿੱਤਣ ਦੇ ਮੰਤਵ ਨਾਲ ਆਪਣੀ ਚੋਣ ਰਣਨੀਤੀ ਵਿੱਚ ਵੱਖ-ਵੱਖ ਸਿਆਸੀ ਪਿਛੋਕੜ ਵਾਲੇ ਆਗੂਆਂ ਨੂੰ ਵੀ ਸ਼ਾਮਲ ਕਰ ਰਹੀ ਹੈ। ਇਸ ਸੂਚੀ ਵਿੱਚ ਫਗਵਾੜਾ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਮੁਕੇਰੀਆਂ ਤੋਂ ਪਵਨ ਕੁਮਾਰ ਟੀਨੂੰ ਅਤੇ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਦੇ ਨਾਂ ਖ਼ਾਸ ਤੌਰ ’ਤੇ ਚਰਚਾ ਵਿੱਚ ਹਨ। ਇਹ ਤਿੰਨੇ ਆਗੂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ ਹਨ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੀ 31 ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਪਾਰਟੀ ਨੇ ਆਪਣੇ ਰਵਾਇਤੀ ਸੰਗਠਨਾਤਮਕ ਆਗੂਆਂ ਦੇ ਨਾਲ-ਨਾਲ ਦੂਜੀਆਂ ਪਾਰਟੀਆਂ ਤੋਂ ਆਏ ਚਿਹਰਿਆਂ ’ਤੇ ਵੀ ਭਰੋਸਾ ਪ੍ਰਗਟਾਇਆ ਹੈ। ਸੂਚੀ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਸਰਗਰਮ ਰਹੇ ਕਈ ਆਗੂਆਂ ਨੂੰ ਥਾਂ ਮਿਲੀ ਹੈ। ਸਪੱਸ਼ਟ ਹੈ ਕਿ ਪਾਰਟੀ ਹਰ ਸੀਟ ਨੂੰ ਜਿੱਤਣ ਦੇ ਮੰਤਵ ਨਾਲ ਆਪਣੀ ਚੋਣ ਰਣਨੀਤੀ ਵਿੱਚ ਵੱਖ-ਵੱਖ ਸਿਆਸੀ ਪਿਛੋਕੜ ਵਾਲੇ ਆਗੂਆਂ ਨੂੰ ਵੀ ਸ਼ਾਮਲ ਕਰ ਰਹੀ ਹੈ। ਇਸ ਸੂਚੀ ਵਿੱਚ ਫਗਵਾੜਾ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਮੁਕੇਰੀਆਂ ਤੋਂ ਪਵਨ ਕੁਮਾਰ ਟੀਨੂੰ ਅਤੇ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਦੇ ਨਾਂ ਖ਼ਾਸ ਤੌਰ ’ਤੇ ਚਰਚਾ ਵਿੱਚ ਹਨ। ਇਹ ਤਿੰਨੇ ਆਗੂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ ਹਨ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ।
ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਰਹਿ ਚੁੱਕੇ ਹਨ। ਉਹ ਮਾਰਚ 2024 ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਕਾਂਗਰਸ ਵਿੱਚ ਰਹਿੰਦਿਆਂ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਰਹੇ। ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਸੀ। ਹੁਣ ਉਨ੍ਹਾਂ ਨੂੰ ਫਗਵਾੜਾ ਤੋਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਰਿਵਾਰਵਾਦ ਦਾ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇੱਕੋ ਪਰਿਵਾਰ ਵਿੱਚੋਂ ਦੋ ਸੀਟਾਂ ਦਿੱਤੀਆਂ ਹਨ। ਅੱਜ ਫਗਵਾੜਾ ਤੋਂ ਸੰਸਦ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਹੈ ਜਦੋਂ ਕਿ ਪਾਰਟੀ ਦੀ ਪਹਿਲੀ ਸੂਚੀ ਵਿੱਚ ਉਹਨਾਂ ਦੇ ਬੇਟੇ ਡਾ ਇੰਸ਼ਾਕ ਚੱਬੇਵਾਲ ਦਾ ਨਾਂ ਸੀ ਜਿਨ੍ਹਾਂ ਨੂੰ ਚੱਬੇਵਾਲ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸੇ ਤਰ੍ਹਾਂ ਪਵਨ ਕੁਮਾਰ ਟੀਨੂੰ ਦਾ ਸਿਆਸੀ ਸਫ਼ਰ ਵੀ ਕਈ ਪਾਰਟੀਆਂ ਨਾਲ ਜੁੜਿਆ ਰਿਹਾ ਹੈ। ਉਹ ਬਹੁਜਨ ਸਮਾਜ ਪਾਰਟੀ ਤੋਂ ਸਿਆਸਤ ਵਿੱਚ ਸਰਗਰਮ ਹੋਏ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ। ਅਕਾਲੀ ਦਲ ਵੱਲੋਂ ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹੇ ਟੀਨੂੰ ਅਪ੍ਰੈਲ 2024 ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਹੁਣ ਪਾਰਟੀ ਨੇ ਉਨ੍ਹਾਂ ਨੂੰ ਆਦਮਪੁਰ ਤੋਂ ਉਮੀਦਵਾਰ ਬਣਾਇਆ ਹੈ।
ਮਜੀਠਾ ਤੋਂ ਟਿਕਟ ਹਾਸਲ ਕਰਨ ਵਾਲੇ ਤਲਬੀਰ ਸਿੰਘ ਗਿੱਲ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਉਹ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ’ਤੇ ਅੰਮ੍ਰਿਤਸਰ ਦੱਖਣੀ ਤੋਂ ਚੋਣ ਲੜੇ ਸਨ। ਮਈ 2024 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਪਾਰਟੀ ਨੇ ਉਨ੍ਹਾਂ ਨੂੰ ਮਜੀਠਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਇਲਾਵਾ ਜਲੰਧਰ ਸੈਂਟਰਲ ਤੋਂ ਨਿਤਿਨ ਕੋਹਲੀ ਨੂੰ ਵੀ ਟਿਕਟ ਦਿੱਤੀ ਗਈ ਹੈ। ਉਹ ਮਈ 2025 ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਸੀ।