‘ਆਪ’ ਵਿਧਾਇਕ ਦਾ ਪੁੱਤਰ ਬਣਿਆ ਮੁਹਾਲੀ ਦਾ ਮੇਅਰ
‘ਆਪ’ ਵਿਧਾਇਕ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਬਣਿਆ ਮੁਹਾਲੀ ਦਾ ਮੇਅਰ
Publish Date: Tue, 09 Jun 2026 06:35 PM (IST)
Updated Date: Wed, 10 Jun 2026 04:08 AM (IST)

* ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਵਿਧਾਇਕ ਧੜੇ ਦੇ ਬਣੇ, ਮੇਅਰ ਦੀ ਚੋਣ ਸਮੇਂ ਕੈਬਨਿਟ ਮੰਤਰੀ ਅਰੋੜਾ ਵੀ ਰਹੇ ਮੌਜੂਦ ਫੋਟੋ ਕੈਪਸ਼ਨ : ਮੁਹਾਲੀ ਦੇ ਚੁਣੇ ਗਏ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ ਅਤੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ। ਫੋਟੋ: ਸੰਜੇ ਘਡਿਆਲ। 13ਪੀ ਫੋਟੋ ਕੈਪਸ਼ਨ : ਮੁਹਾਲੀ ਦੇ ਨਵੇਂ ਮੇਅਰ ਸਰਬਜੀਤ ਸਿੰਘ ਸਮਾਣਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ। ਫੋਟੋ: ਸੰਜੇ ਘਡਿਆਲ। 14ਪੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨਗਰ ਨਿਗਮ ’ਤੇ ਮੰਗਲਵਾਰ ਨੂੰ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ ਚੁਣਿਆ ਗਿਆ ਹੈ। ਉਹ ਤੀਜੀ ਵਾਰ ਕੌਂਸਲਰ ਬਣੇ ਹਨ ਤੇ ਉਹ ਦੋਵੇਂ ਪਿਓ-ਪੁੱਤਰ ਜ਼ਮੀਨ ਨਾਲ ਜੁੜੇ ਹੋਏ ਅਤੇ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ। ਆਰ.ਪੀ. ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਤੇ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਇਹ ਦੋਵੇਂ ਵੀ ਵਿਧਾਇਕ ਧੜੇ ਨਾਲ ਸਬੰਧਤ ਹਨ। ਮੇਅਰ ਦੀ ਚੋਣ ਸਮੇਂ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਕੁਲਵੰਤ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਇੰਜੀ. ਪ੍ਰਭਜੋਤ ਕੌਰ ਤੇ ਡਵੀਜ਼ਨਲ ਕਮਿਸ਼ਨਰ ਮਨਵੇਸ ਸਿੰਘ ਸਿੱਧੂ, ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਵੀ ਮੌਜੂਦ ਸਨ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਸੁਰੱਖਿਆ ਪ੍ਰਬੰਧਾਂ ਦਾ ਜ਼ਿੰਮਾ ਸੰਭਾਲਿਆ ਹੋਇਆ ਸੀ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ 27 ਉਮੀਦਵਾਰ ਨਗਰ ਨਿਗਮ ਦੀ ਚੋਣ ਜਿੱਤੇ ਸਨ। ਹਾਲਾਂਕਿ ਉਨ੍ਹਾਂ ਨੂੰ ਪੂਰਾ ਬਹੁਮਤ ਸੀ ਪਰ ਸ਼ਹਿਰ ਦੇ ਵਿਕਾਸ ਦੇ ਮੁੱਦੇ ’ਤੇ ਕਾਂਗਰਸ ਦਾ ਕੌਂਸਲਰ ਅਮਨ ਪਾਸਵਨ ਬਲੌਂਗੀ ਸਮੇਤ ਭਾਜਪਾ ਦੇ ਤਿੰਨ ਕੌਂਸਲਰ ਗੁਰਪ੍ਰੀਤ ਕੌਰ ਉੱਭਾ, ਡਾ. ਕੁਲਦੀਪ ਸਿੰਘ ਬਿੱਟੂ ਬਲੌਂਗੀ ਅਤੇ ਬਿਮਲੇਸ਼ ਦੇਵੀ ਸਮੇਤ ਤਿੰਨ ਆਜ਼ਾਦ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਓਪਿੰਦਰਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਵੀ ਸਰਬਜੀਤ ਸਮਾਣਾ ਦਾ ਸਮਰਥਨ ਕੀਤਾ ਗਿਆ। ਮੇਅਰ ਦੇ ਅਹੁਦੇ ਲਈ ਸਰਬਜੀਤ ਸਿੰਘ ਸਮਾਣਾ ਦਾ ਨਾਂਅ ਗੁਰਮੀਤ ਕੌਰ ਨੇ ਪੇਸ਼ ਕੀਤਾ। ਜਿਸ ਦੀ ਤਾਇਦ ਰਮਨਪ੍ਰੀਤ ਕੌਰ ਕੁੰਬੜਾ ਨੇ ਕੀਤੀ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਅਰੁਣਾ ਸ਼ਰਮਾ ਵਿਸ਼ਸ਼ਟ ਨੇ ਆਰਪੀ ਸ਼ਰਮਾ ਦਾ ਨਾਂਅ ਪੇਸ਼ ਕੀਤਾ। ਜਿਸ ਦੀ ਨਸੀਬ ਸਿੰਘ ਸੰਧੂ ਨੇ ਤਾਇਦ ਕੀਤੀ। ਇੰਜ ਹੀ ਡਿਪਟੀ ਮੇਅਰ ਦੇ ਅਹੁਦੇ ਲਈ ਕਮਲਜੀਤ ਕੌਰ ਸੋਹਾਣਾ ਨੇ ਹਰਪਾਲ ਸਿੰਘ ਚੰਨਾ ਦਾ ਨਾਮ ਪੇਸ਼ ਕੀਤਾ। ਜਿਸ ਦੀ ਤਾਇਦ ਬਚਨ ਸਿੰਘ ਬੋਪਾਰਾਏ ਨੇ ਕੀਤੀ। ਕਾਂਗਰਸੀ ਕੌਂਸਲਰਾਂ ਨੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਦੀ ਅਗਵਾਈ ਹੇਠ ਮੇਅਰ ਦੀ ਚੋਣ ਦਾ ਬਾਈਕਾਟ ਕੀਤਾ। ਜਿਵੇਂ ਹੀ ਨਗਰ ਨਿਗਮ ਹਾਊਸ ’ਚੋਂ ਮੇਅਰ ਸਰਬਜੀਤ ਸਿੰਘ ਸਮਾਣਾ ਅਤੇ ਦੂਜੇ ਅਹੁਦੇਦਾਰਾਂ ਦੀ ਚੋਣ ਦੀ ਸੂਚਨਾ ਮਿਲੀ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਠੇ ਹੋਏ ‘ਆਪ’ ਆਗੂਆਂ ਅਤੇ ਵਲੰਟੀਅਰਾਂ ਨੇ ਜੈਕਾਰੇ ਛੱਡ ਕੇ ਜ਼ਸਨ ਮਨਾਉਣਾ ਸ਼ੁਰੂ ਕਰ ਦਿੱਤਾ। ਢੋਲ ਦੀ ਥਾਪ ’ਤੇ ਭੰਗੜਾ ਪਾਇਆ ਗਿਆ ਅਤੇ ਪੂਰਾ ਕੰਪਲੈਕਸ ‘ਆਪ’ ਵਲੰਟੀਅਰਾਂ ਦੇ ਜਸ਼ਨ ਨਾਲ ਗੂੰਜ ਉੱਠਿਆ ਅਤੇ ਦਫ਼ਤਰ ਅਤੇ ਉਨ੍ਹਾਂ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਚੋਣ ਮਗਰੋਂ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ ਅਤੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਨੇ ਇਕ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਜੇਤੂ ਰੈਲੀ ਕੱਢੀ ਅਤੇ ਗੁਰੂਘਰਾਂ ਵਿਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।