- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਦੌਰਾਨ ਸਰਕਾਰੀ ਬੱਸਾਂ ਦੀ ਮੁਰੰਮਤ ਲਈ ਸਪੇਅਰ ਪਾਰਟਸ ਤੱਕ ਨਹੀਂ ਖ਼ਰੀਦੇ ਗਏ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪਾਂ ’ਚ ਵੱਡੀ ਗਿਣਤੀ ’ਚ ਖ਼ਰਾਬ ਬੱਸਾਂ ਖੜ੍ਹੀਆਂ ਰਹੀਆਂ, ਜਦਕਿ ਦੂਜੇ ਪਾਸੇ ਨਿੱਜੀ ਬੱਸ ਆਪ੍ਰੇਟਰਾਂ ਦਾ ਕਾਰੋਬਾਰ ਵਧਦਾ ਗਿਆ। ਉਨ੍ਹਾਂ ਇਸ ਨੂੰ ਸਰਕਾਰੀ ਟਰਾਂਸਪੋਰਟ ਵਿਵਸਥਾ ਨੂੰ ਕਮਜ਼ੋਰ ਕਰਨ ਅਤੇ ਨਿੱਜੀ ਆਪ੍ਰੇਟਰਾਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਮਾਡਲ ਦੱਸਿਆ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਤੇ ਦੋਸ਼ ਲਾਇਆ ਹੈ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਨੂੰ ਹੁਲਾਰਾ ਮਿਲਿਆ। ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉਸ ਸਮੇਂ ਇਨ੍ਹਾਂ ਕਾਰੋਬਾਰਾਂ ’ਤੇ ਚੋਣਵੇਂ ਲੋਕਾਂ ਦਾ ਦਬਦਬਾ ਕਾਇਮ ਕੀਤਾ ਗਿਆ ਅਤੇ ਸਰਕਾਰੀ ਵਿਵਸਥਾਵਾਂ ਨੂੰ ਕਮਜ਼ੋਰ ਕਰ ਕੇ ਨਿੱਜੀ ਕਾਰੋਬਾਰੀਆਂ ਨੂੰ ਲਾਭ ਪਹੁੰਚਾਇਆ ਗਿਆ। ਪੰਨੂ ਨੇ ਕਿਹਾ ਕਿ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ, ਪਰ ਉਸ ਦੌਰ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਉਨ੍ਹਾਂ ਇਕ ਵੀਡੀਓ ਦਿਖਾਉਂਦਿਆਂ ਇਹ ਵੀ ਦੋਸ਼ ਲਾਇਆ ਕਿ ਸੁਖਬੀਰ ਬਾਦਲ ਇਕ ਕਾਰੋਬਾਰੀ ਤੋਂ ਮੁਫ਼ਤ ਸ਼ਰਾਬ ਮੰਗਦੇ ਸੁਣਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਦੌਰਾਨ ਸਰਕਾਰੀ ਬੱਸਾਂ ਦੀ ਮੁਰੰਮਤ ਲਈ ਸਪੇਅਰ ਪਾਰਟਸ ਤੱਕ ਨਹੀਂ ਖ਼ਰੀਦੇ ਗਏ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪਾਂ ’ਚ ਵੱਡੀ ਗਿਣਤੀ ’ਚ ਖ਼ਰਾਬ ਬੱਸਾਂ ਖੜ੍ਹੀਆਂ ਰਹੀਆਂ, ਜਦਕਿ ਦੂਜੇ ਪਾਸੇ ਨਿੱਜੀ ਬੱਸ ਆਪ੍ਰੇਟਰਾਂ ਦਾ ਕਾਰੋਬਾਰ ਵਧਦਾ ਗਿਆ। ਉਨ੍ਹਾਂ ਇਸ ਨੂੰ ਸਰਕਾਰੀ ਟਰਾਂਸਪੋਰਟ ਵਿਵਸਥਾ ਨੂੰ ਕਮਜ਼ੋਰ ਕਰਨ ਅਤੇ ਨਿੱਜੀ ਆਪ੍ਰੇਟਰਾਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਮਾਡਲ ਦੱਸਿਆ।
ਕੇਬਲ ਕਾਰੋਬਾਰ ਬਾਰੇ ਪੰਨੂ ਨੇ ਕਿਹਾ ਕਿ ਇਕ ਤਾਕਤਵਰ ਕਾਰੋਬਾਰੀ ਪਰਿਵਾਰ ਦਾ ਇਸ ’ਤੇ ਕੰਟਰੋਲ ਸੀ ਅਤੇ ਸੁਤੰਤਰ ਨਿਊਜ਼ ਚੈਨਲਾਂ ਨੂੰ ਪੰਜਾਬ ’ਚ ਕੰਮ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਸ਼ਰਾਬ ਦੇ ਕਾਰੋਬਾਰ ’ਚ ਐੱਲ-1 ਅਤੇ ਐੱਲ-2 ਲਾਇਸੈਂਸ ਪ੍ਰਣਾਲੀ ਅਤੇ ਪਰਚੀ ਸਿਸਟਮ ਰਾਹੀਂ ਚੋਣਵੇਂ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਾਹਰਲੇ ਕਾਰੋਬਾਰੀਆਂ ਲਈ ਇਸ ਖੇਤਰ ’ਚ ਦਾਖ਼ਲਾ ਮੁਸ਼ਕਲ ਬਣਾਇਆ ਗਿਆ ਸੀ।
ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਕਾਰੋਬਾਰ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨੁਕਸਾਨ ਪਹੁੰਚਾਇਆ। ਹਰਸਿਮਰਤ ਕੌਰ ਬਾਦਲ ਵੱਲੋਂ ਔਰਤਾਂ ਨੂੰ ਨਸ਼ਾ ਤਸਕਰਾਂ ਦੀ ਪਛਾਣ ਕਰਨ ਦੀ ਅਪੀਲ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਪਹਿਲਾਂ ਆਪਣੇ ਕਰੀਬੀਆਂ ਅਤੇ ਨਸ਼ਿਆਂ ਨਾਲ ਜੁੜੇ ਵਿਵਾਦਾਂ ’ਚ ਸਾਹਮਣੇ ਆਏ ਨਾਵਾਂ ਬਾਰੇ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਬਾਦਲ ਪਿੰਡ ’ਚ 2021 ਦੌਰਾਨ ਨਕਲੀ ਸ਼ਰਾਬ ਬਣਾਉਣ ਵਾਲੇ ਸਾਮਾਨ ਦੀ ਬਰਾਮਦਗੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ’ਤੇ ਪੁਲਿਸ ਕਾਰਵਾਈ ਨੂੰ ਲੈ ਕੇ ਵੀ ਅਕਾਲੀ ਲੀਡਰਸ਼ਿਪ ਤੋਂ ਜਵਾਬ ਮੰਗਿਆ।
ਚੰਨੀ ਦੀ ਸਾਈਕਲ ਯਾਤਰਾ ’ਤੇ ਵੀ ਕੱਸਿਆ ਤਨਜ਼
ਪੰਨੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਉੱਤੇ ਤਨਜ਼ ਕੱਸਦਿਆਂ ਕਿਹਾ ਕਿ ਕਰੋੜਾਂ ਦੀਆਂ ਗੱਡੀਆਂ ’ਚ ਘੁੰਮਣ ਵਾਲੇ ਚੰਨੀ ਦਾ ਸਾਈਕਲ ’ਤੇ ਸਵਾਰ ਹੋ ਕੇ ਨੌਜਵਾਨਾਂ ਨੂੰ ਬਚਾਉਣ ਨਿਕਲਣਾ ਸਿਆਸੀ ਡਰਾਮਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਸ਼ਾਸਨਕਾਲ ਦਾ ਹਿਸਾਬ ਦੇਣਾ ਚਾਹੀਦਾ ਹੈ।