- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲਚਸਪ ਗੱਲ ਹੈ ਕਿ ਪਾਰਟੀ ਨੇ ਇਕ ਦਰਜਨ ਹਲਕਿਆਂ ’ਚ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਸਿਆਸੀ ਹਲਕਿਆਂ ’ਚ ਇਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਆਮ ਆਦਮੀ ਪਾਰਟੀ ਨੇ ਡੇਢ ਦਰਜਨ ਹਲਕਿਆਂ ’ਚ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਦਿਲਚਸਪ ਗੱਲ ਹੈ ਕਿ ਪਾਰਟੀ ਨੇ ਇਕ ਦਰਜਨ ਹਲਕਿਆਂ ’ਚ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਸਿਆਸੀ ਹਲਕਿਆਂ ’ਚ ਇਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਸੱਤਾ ਦੇ ਗਲਿਆਰਿਆਂ ’ਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਨੇ ਸੂਬੇ ’ਚ ਸੱਤਾ ਵਿਰੋਧੀ ਲਹਿਰ ਨੂੰ ਸਮੇਟਣ ਲਈ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਵਿਧਾਇਕਾਂ ਦੀ ਥਾਂ ਹਲਕਾ ਇੰਚਾਰਜ਼ ਨਿਯੁਕਤ ਕੀਤੇ ਹਨ, ਜਿਸ ਕਰ ਕੇ ਵਿਧਾਇਕਾਂ ਦੀਆਂ ਆਗਾਮੀ ਚੋਣਾਂ ’ਚ ਟਿਕਟਾਂ ਕੱਟੇ ਜਾਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸੱਭ ਤੋਂ ਅਹਿਮ ਗੱਲ ਹੈ ਕਿ ਵੱਖ-ਵੱਖ ਹਲਕਿਆਂ ’ਚ ਵਿਧਾਇਕਾਂ ਦੀ ਥਾਂ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ’ਚ ਹਲਕਾ ਇੰਚਾਰਜ ਵਧੇਰੇ ਸਰਗਰਮੀ ਨਾਲ ਵਿਚਰ ਰਹੇ ਹਨ। ਸਰਕਾਰੀ ਅਧਿਕਾਰੀ ਵੀ ਵਿਧਾਇਕ ਦੀ ਬਜਾਏ ਹਲਕਾ ਇੰਚਾਰਜ ਨੂੰ ਵਧੇਰੇ ਤਵੱਜੋ ਦੇਣ ਲੱਗੇ ਹਨ, ਜਿਸ ਕਰ ਕੇ ਲੋਕ ਮਨਾਂ ’ਚ ਇਹ ਗੱਲ ਘਰ ਗਈ ਹੈ ਕਿ ਵਿਧਾਇਕ ਦੀ ਥਾਂ ਹਲਕਾ ਇੰਚਾਰਜ ਹੀ ਅਗਲੀਆਂ ਚੋਣਾਂ ’ਚ ਉਮੀਦਵਾਰ ਹੋਣਗੇ। ਹੁਣ ਤੱਕ ਦੇ ਸਿਆਸੀ ਇਤਿਹਾਸ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਆਪਣੇ ਹਲਕਾ ਇੰਚਾਰਜ ’ਤੇ ਹੀ ਦਾਅ ਖੇਡਿਆ ਹੈ।
ਸ੍ਰੀ ਚਮਕੌਰ ਸਾਹਿਬ ਹਲਕੇ ’ਚ ‘ਆਪ’ ਦੇ ਡਾ. ਚਰਨਜੀਤ ਸਿੰਘ ਵਿਧਾਇਕ ਹਨ ਤੇ ਪਾਰਟੀ ਨੇ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਗੜੀ ਨੂੰ ਹਲਕਾ ਇੰਚਾਰਜ ਲਗਾਇਆ ਹੈ। ਇਸੇ ਤਰ੍ਹਾਂ ਖਰੜ ਵਿਖੇ ਗਗਨ ਅਨਮੋਲ ਮਾਨ ਵਿਧਾਇਕ ਹਨ, ਜਿਨ੍ਹਾਂ ਨੂੰ ਕੁੱਝ ਮਹੀਨੇ ਪਹਿਲਾਂ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਇੱਥੇ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ। ਜਲੰਧਰ ਕੇਂਦਰੀ ਹਲਕੇ ’ਚ ਵਿਧਾਇਕ ਰਮਨ ਅਰੋੜਾ ਹਨ ਤੇ ਨਿਤਿਨ ਕੋਹਲੀ ਨੂੰ ਹਲਕੇ ਦੀ ਵਾਗਡੋਰ ਦਿੱਤੀ ਗਈ ਹੈ। ਸਨੌਰ ’ਚ ਹਰਮੀਤ ਸਿੰਘ ਪਠਾਨਮਾਜਰਾ ਦੀ ਥਾਂ ਰਣਜੋਧ ਸਿੰਘ, ਹਲਕਾ ਸਮਾਣਾ ’ਚ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੇ ਹਲਕੇ ’ਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਇਚਾਰਜ ਲਗਾਇਆ ਗਿਆ ਹੈ। ਪੱਟੀ ਹਲਕੇ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ (ਕੈਬਨਿਟ ਮੰਤਰੀ) ਜੇਲ੍ਹ ’ਚ ਹਨ ਤੇ ਇੱਥੇ ਜਸਕੰਵਰ ਸਿੰਘ ਜੱਸਾ ਤੇ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਹੋਣ ਦੇ ਬਾਵਜੂਦ ਸਾਬਕਾ ਪੀ.ਸੀ.ਐੱਸ ਅਧਿਕਾਰੀ ਗੋਪਾਲ ਸਿੰਘ ਸੰਧੂ ਤੇ ਅੰਮ੍ਰਿਤਸਰ (ਉਤਰੀ) ਤੋਂ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਥਾਂ ਕਰਮਜੀਤ ਸਿੰਘ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਉਤਰੀ ਤੋਂ ਦਿਨੇਸ਼ ਢੱਲ ਨੇ 2022 ਦੀਆਂ ਚੋਣਾਂ ਲੜੀਆਂ ਸਨ ਤੇ ਹਾਰ ਗਏ ਸਨ ਅਤੇ ਪਾਰਟੀ ਨੇ ਉਨ੍ਹਾਂ ’ਤੇ ਵਿਨੀਤ ਧੀਰ, ਆਦਮਪੁਰ (ਰਾਖਵਾਂ) ਹਲਕੇ ਤੋਂ ਜੀਤ ਲਾਲ ਭੱਟੀ ਦੀ ਥਾਂ ਸਾਬਕਾ ਵਿਧਾਇਕ ਪਵਨ ਟੀਨੂੰ, ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ, ਜੋ ਪਾਰਟੀ ਦੇ ਜਨਰਲ ਸਕੱਤਰ ਵੀ ਸਨ, ਦੀ ਥਾਂ ਗੁਰਇਕਬਾਲ ਸਿੰਘ ਮਾਹਲ, ਫਿਲੌਰ ਤੋਂ ਪ੍ਰੇਮ ਕੁਮਾਰ ਦੀ ਥਾਂ ਹਰਜੋਤ ਕੌਰ, ਪਠਾਨਕੋਟ ਤੋਂ ਵਿਭੂਤੀ ਸ਼ਰਮਾ ਦੀ ਥਾਂ ਰੋਹਿਤ ਸਿਆਲ, ਮਜੀਠਾ ਹਲਕੇ ’ਚ ਸੁਖਿੰਦਰਰਾਜ ਸਿੰਘ ਮਜੀਠੀਆ ਦੀ ਥਾਂ ਤਲਵੀਰ ਸਿੰਘ ਗਿੱਲ, ਫਗਵਾੜਾ (ਰਾਖਵਾਂ) ਜੋਗਿੰਦਰ ਸਿੰਘ ਮਾਨ ਦੀ ਥਾਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਕਪੂਰਥਲਾ ’ਚ ਪਹਿਲਾਂ ਮੰਜੂ ਰਾਣਾ, ਫਿਰ ਗੁਰਸ਼ਰਨ ਸਿੰਘ ਨੂੰ ਹਲਕਾ ਇੰਚਾਰਜ ਲਾਇਆ ਸੀ ਪਰ ਹੁਣ ਕਰਮਜੀਤ ਸਿੰਘ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਹਲਕੇ ’ਚ ਲਲਿਤ ਮੋਹਨ ਦੀ ਥਾਂ ਜਸਪ੍ਰੀਤ ਸਿੰਘ ਰੋਬੀ ਕੰਗ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਕੁੱਝ ਹੋਰ ਹਲਕੇ ਹਨ, ਜਿੱਥੇ ਪਾਰਟੀ ਨੇ ਹਲਕਾ ਇੰਚਾਰਜ ਬਦਲ ਦਿੱਤੇ ਹਨ।