- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਰਾਗ ਢਾਂਡਾ ਨੇ ਮੁਹਾਲੀ ਦੇ ਫਲੈਟ ਨੰਬਰ 103 ਨਾਲ ਸਬੰਧਤ ਇਕ ਵੀਡੀਓ ਵੀ ਦਿਖਾਈ। ਵੀਡੀਓ 'ਚ ਇਕ ਪੱਤਰਕਾਰ ਸੁਰੱਖਿਆ ਗਾਰਡ ਦੇ ਨਾਲ ਫਲੈਟ ਤਕ ਪਹੁੰਚਦਾ ਦਿਖਾਈ ਦਿੰਦਾ ਹੈ। ਗਾਰਡ ਵੀਡੀਓ 'ਚ ਕਹਿੰਦਾ ਹੈ ਕਿ ਉਸ ਨੇ ਰਾਘਵ ਚੱਢਾ ਨੂੰ ਕਦੇ ਇਥੇ ਨਹੀਂ ਦੇਖਿਆ। ਫਲੈਟ ਦੇ ਅੰਦਰ ਵੀ ਜ਼ਿਆਦਾ ਸਾਮਾਨ ਦਿਖਾਈ ਨਹੀਂ ਦਿੰਦਾ ਅਤੇ ਕਮਰਿਆਂ ਦੀ ਹਾਲਤ ਵੀ ਠੀਕ ਨਹੀਂ ਦੱਸੀ ਗਈ।

ਰੋਹਿਤ ਕੁਮਾਰ, ਚੰਡੀਗੜ੍ਹ : ਰਾਜ ਸਭਾ ਮੈਂਬਰ ਤੇ ਭਾਜਪਾ ਆਗੂ ਰਾਘਵ ਚੱਢਾ ਦੀ ਪੰਜਾਬ 'ਚ ਵੋਟਰ ਪਛਾਣ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕਈ ਸਵਾਲ ਖੜ੍ਹੇ ਕੀਤੇ। ‘ਆਪ’ ਆਗੂ ਅਨੁਰਾਗ ਢਾਂਡਾ ਨੇ ਦੋਸ਼ ਲਾਇਆ ਕਿ ਮੁਹਾਲੀ ਦੇ ਜਿਸ ਫਲੈਟ ਨੰਬਰ 103 ਨੂੰ ਰਾਘਵ ਚੱਢਾ ਦਾ ਪਤਾ ਦੱਸਿਆ ਜਾ ਰਿਹਾ ਹੈ, ਉੱਥੇ ਹੁਣ ਕੋਈ ਨਹੀਂ ਰਹਿੰਦਾ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ 30 ਅਗਸਤ ਤਕ ਦਿੱਲੀ ਦੀ ਡਰਾਫਟ ਵੋਟਰ ਸੂਚੀ ਵਿਚ ਚੱਢਾ ਦਾ ਨਾਂ ਨਹੀਂ ਸੀ ਤਾਂ ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਕਿਸ ਪ੍ਰਕਿਰਿਆ ਤਹਿਤ ਜੋੜਿਆ ਗਿਆ ਤੇ ਨਿਰਧਾਰਤ ਫਾਰਮ ਭਰੇ ਬਿਨਾਂ ਨਾਮ ਕਿਵੇਂ ਸ਼ਾਮਲ ਹੋ ਗਿਆ। ਢਾਂਡਾ ਨੇ ਦੋਸ਼ ਲਾਇਆ ਕਿ ਰਾਘਵ ਚੱਢਾ ਨੇ ਬੈਕਡੇਟ 'ਚ ਦਿੱਲੀ 'ਚ ਆਪਣੀ ਵੋਟ ਬਣਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਭਾਜਪਾ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਕਿਸੇ ਦੀ ਵੀ ਵੋਟ ਕਟਵਾ ਸਕਦੀ ਹੈ। ‘ਆਪ’ ਆਗੂ ਨੇ ਚੋਣ ਕਮਿਸ਼ਨ ਤੋਂ ਵੋਟਰ ਸੂਚੀ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਰੱਖਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ।
ਅਨੁਰਾਗ ਢਾਂਡਾ ਨੇ ਮੁਹਾਲੀ ਦੇ ਫਲੈਟ ਨੰਬਰ 103 ਨਾਲ ਸਬੰਧਤ ਇਕ ਵੀਡੀਓ ਵੀ ਦਿਖਾਈ। ਵੀਡੀਓ 'ਚ ਇਕ ਪੱਤਰਕਾਰ ਸੁਰੱਖਿਆ ਗਾਰਡ ਦੇ ਨਾਲ ਫਲੈਟ ਤਕ ਪਹੁੰਚਦਾ ਦਿਖਾਈ ਦਿੰਦਾ ਹੈ। ਗਾਰਡ ਵੀਡੀਓ 'ਚ ਕਹਿੰਦਾ ਹੈ ਕਿ ਉਸ ਨੇ ਰਾਘਵ ਚੱਢਾ ਨੂੰ ਕਦੇ ਇਥੇ ਨਹੀਂ ਦੇਖਿਆ। ਫਲੈਟ ਦੇ ਅੰਦਰ ਵੀ ਜ਼ਿਆਦਾ ਸਾਮਾਨ ਦਿਖਾਈ ਨਹੀਂ ਦਿੰਦਾ ਅਤੇ ਕਮਰਿਆਂ ਦੀ ਹਾਲਤ ਵੀ ਠੀਕ ਨਹੀਂ ਦੱਸੀ ਗਈ।
ਢਾਂਡਾ ਨੇ ਕਿਹਾ ਕਿ ਜਦੋਂ ਸਬੰਧਤ ਪਤੇ ’ਤੇ ਰਾਘਵ ਚੱਢਾ ਦੇ ਰਹਿਣ ਦੇ ਸਬੂਤ ਨਹੀਂ ਮਿਲ ਰਹੇ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਉਨ੍ਹਾਂ ਨੇ ਪੰਜਾਬ 'ਚ ਵੋਟਰ ਵਜੋਂ ਆਪਣਾ ਨਾਮ ਕਿਸ ਆਧਾਰ ’ਤੇ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਇਕ ਸਮੇਂ ਦੋ ਥਾਵਾਂ ’ਤੇ ਨਹੀਂ ਹੋ ਸਕਦੀ।
‘ਆਪ’ ਆਗੂ ਨੇ ਦਾਅਵਾ ਕੀਤਾ ਕਿ 31 ਅਗਸਤ ਨੂੰ ਦਿੱਲੀ ਦੀ ਡਰਾਫਟ ਵੋਟਰ ਸੂਚੀ ਜਾਰੀ ਹੋਈ ਸੀ। ਇਸ ਵਿਚ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੀ ਸੂਚੀ ਵਿਚ ਰਾਘਵ ਚੱਢਾ ਦਾ ਨਾਮ ਨਹੀਂ ਸੀ। ਢਾਂਡਾ ਨੇ ਸਵਾਲ ਕੀਤਾ ਕਿ ਜੇਕਰ ਬਾਅਦ 'ਚ ਉਨ੍ਹਾਂ ਦਾ ਨਾਮ ਦਿੱਲੀ ਦੀ ਵੋਟਰ ਸੂਚੀ ਵਿਚ ਸ਼ਾਮਲ ਹੋਇਆ ਹੈ ਤਾਂ ਇਸ ਲਈ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਹੋਈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਜੇਕਰ ਰਾਘਵ ਚੱਢਾ ਪੰਜਾਬ 'ਚ SIR ਤਹਿਤ ਆਪਣੇ ਵੋਟਰ ਅਧਿਕਾਰ ਦਾ ਦਾਅਵਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਆਮ ਨਿਵਾਸ ਕਿੱਥੇ ਹੈ। ਢਾਂਡਾ ਨੇ ਦੋਸ਼ ਲਾਇਆ ਕਿ ਵੋਟਰ ਸੂਚੀ ਵਿਚ ਨਾਮ ਜੋੜਨ ਅਤੇ ਹਟਾਉਣ ਦੀ ਪ੍ਰਕਿਰਿਆ ਵਿਚ ਮਨਮਾਨੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਗਹਿਰੇ ਪੁਨਰ-ਨਿਰੀਖਣ (SIR) ਤੋਂ ਬਾਅਦ ਜਾਰੀ ਪੰਜਾਬ ਦੀ ਡਰਾਫਟ ਵੋਟਰ ਸੂਚੀ 'ਚ ਰਾਘਵ ਚੱਢਾ ਦਾ ਨਾਂ ‘ਪਰਮਾਨੈਂਟਲੀ ਸ਼ਿਫਟਡ’ ਦਰਜ ਹੋਇਆ ਹੈ। ਚੱਢਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਕਿਹਾ ਸੀ ਕਿ ਉਹ ਪੰਜਾਬ ਤੋਂ ਮੌਜੂਦਾ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਦਾ ਵੋਟਰ ਪਛਾਣ ਪੱਤਰ ਮੁਹਾਲੀ ਵਿਚ ਰਜਿਸਟਰਡ ਹੈ। ਉਨ੍ਹਾਂ ਕਿਹਾ ਸੀ ਕਿ ਅੰਤਿਮ ਵੋਟਰ ਸੂਚੀ ਅਜੇ ਜਾਰੀ ਨਹੀਂ ਹੋਈ ਹੈ ਅਤੇ ਉਹ ਨਿਰਧਾਰਤ ਪ੍ਰਕਿਰਿਆ ਤਹਿਤ ਇਤਰਾਜ਼ ਦਰਜ ਕਰਵਾ ਰਹੇ ਹਨ।
ਚੋਣ ਅਧਿਕਾਰੀਆਂ ਮੁਤਾਬਕ ਚੱਢਾ ਦੀ ਵੋਟ ਕਿਸੇ ਅਧਿਕਾਰੀ ਨੇ ਮਨਮਾਨੇ ਢੰਗ ਨਾਲ ਨਹੀਂ ਕੱਟੀ ਹੈ। SIR ਦੌਰਾਨ ਤਸਦੀਕ ਪ੍ਰਕਿਰਿਆ ਵਿਚ ਉਨ੍ਹਾਂ ਦਾ ਨਾਮ ‘ਪਰਮਾਨੈਂਟਲੀ ਸ਼ਿਫਟਡ’ ਵਜੋਂ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਸਬੰਧਤ ਦਸਤਾਵੇਜ਼ ’ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਬੂਥ ਲੈਵਲ ਏਜੰਟ ਦੇ ਦਸਤਖ਼ਤ ਵੀ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਡਰਾਫਟ ਸੂਚੀ ਹੈ, ਇਸ ਲਈ ਸਥਿਤੀ ਅੰਤਿਮ ਨਹੀਂ ਹੈ। ਦਾਅਵਾ-ਇਤਰਾਜ਼ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਅੰਤਿਮ ਵੋਟਰ ਸੂਚੀ ਵਿਚ ਸਥਿਤੀ ਸਪੱਸ਼ਟ ਹੋਵੇਗੀ।
ਧਿਆਨ ਰਹੇ ਕਿ ਰਾਘਵ ਚੱਢਾ ਸਾਲ 2022 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਾਜ ਸਭਾ ਮੈਂਬਰ ਚੁਣੇ ਗਏ ਸਨ। ਅਪ੍ਰੈਲ 2026 'ਚ ਉਹ ਭਾਜਪਾ 'ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਪੰਜਾਬ ਵਿਚ ਉਨ੍ਹਾਂ ਦੀ ਸਿਆਸੀ ਭੂਮਿਕਾ ਨੂੰ ਲੈ ਕੇ ਲਗਾਤਾਰ ਚਰਚਾ ਰਹੀ ਹੈ। ਹੁਣ SIR ਤੋਂ ਬਾਅਦ ਮੁਹਾਲੀ ਦੀ ਵੋਟਰ ਸੂਚੀ 'ਚ ਉਨ੍ਹਾਂ ਦਾ ਨਾਂ ‘ਸ਼ਿਫਟਡ’ ਦਰਜ ਹੋਣ ਨਾਲ ‘ਆਪ’ ਅਤੇ ਭਾਜਪਾ ਵਿਚਾਲੇ ਨਵਾਂ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ।