'ਆਪ' ਦੀ ਵੱਡੀ ਮਾਝਾ ਰਣਨੀਤੀ: ਪਿੰਡਾਂ 'ਚ CM ਮਾਨ ਤੇ ਸ਼ਹਿਰਾਂ 'ਚ ਕੇਜਰੀਵਾਲ ਸੰਭਾਲਣਗੇ ਕਮਾਨ; 3 ਦਿਨਾਂ ਦੌਰੇ 'ਤੇ ਆਉਣਗੇ 'ਆਪ' ਸੁਪਰੀਮੋ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 27 ਜੂਨ ਨੂੰ ਮਾਝੇ ਦੇ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ। ਤਿੰਨ ਦਿਨਾਂ ਦੌਰਾਨ ਉਹ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਵਿਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਕੇਜਰੀਵਾਲ ਨੇ ਮਾਲਵੇ ਦੇ ਬਠਿੰਡਾ, ਲੁਧਿਆਣਾ ਅਤੇ ਦੁਆਬਾ ਦੇ ਮੋਹਾਲੀ ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਸੀ। ਬਠਿੰਡਾ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ।
Publish Date: Tue, 23 Jun 2026 08:59 AM (IST)
Updated Date: Tue, 23 Jun 2026 09:01 AM (IST)

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 27 ਜੂਨ ਨੂੰ ਮਾਝੇ ਦੇ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ। ਤਿੰਨ ਦਿਨਾਂ ਦੌਰਾਨ ਉਹ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਵਿਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਕੇਜਰੀਵਾਲ ਨੇ ਮਾਲਵੇ ਦੇ ਬਠਿੰਡਾ, ਲੁਧਿਆਣਾ ਅਤੇ ਦੁਆਬਾ ਦੇ ਮੋਹਾਲੀ ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਸੀ। ਬਠਿੰਡਾ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ।
ਜਾਣਕਾਰੀ ਅਨੁਸਾਰ ਕੇਜਰੀਵਾਲ ਮਾਝੇ ਦੇ ਤਿੰਨ ਦਿਨਾਂ ਦੌਰੇ ’ਤੇ 27 ਜੂਨ ਨੂੰ ਅੰਮ੍ਰਿਤਸਰ ਰਣਜੀਤ ਐਵਨਿਊ ਗਰਾਊਡ ਵਿਚ ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਉਸ ਤੋਂ ਬਾਅਦ 28 ਨੂੰ ਸਰਕਾਰੀ ਕਾਲਜ਼ ਗੁਰਦਾਸਪੁਰ ਅਤੇ 29 ਜੂਨ ਨੂੰ ਐੱਸ.ਐੱਲ. ਬਾਵਾ ਸਕੂਲ ਬਟਾਲਾ ਦੇ ਮੈਦਾਨ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿਚ ਹਿੱਸਾ ਲੈਣਗੇ।
ਕੇਜਰੀਵਾਲ ਨੇ ਪਿਛਲੇ ਦਿਨਾਂ ਦੌਰਾਨ ਨਵੰਬਰ ਮਹੀਨੇ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਦੀ ਭਵਿੱਖਬਾਣੀ ਕੀਤੀ ਸੀ, ਜਿਸ ਕਰਕੇ ਆਪ ਨੇ ਆਪਣੀਆਂ ਸਿਆਸੀ ਸਰਗਮੀਆਂ ਵਧਾ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਆਪ ਨੇ ਰਣਨੀਤੀ ਤਹਿਤ ਦਿਹਾਤੀ ਖ਼ੇਤਰ ਪਿੰਡਾਂ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੈ ਅਤੇ ਉਹ ਸੱਥ ਪ੍ਰੋਗਰਾਮ ਤਹਿਤ ਵੱਖ-ਵੱਖ ਹਲਕਿਆਂ ’ਚ ਪੁੱਜ ਰਹੇ ਹਨ। ਜਦਕਿ ਸ਼ਹਿਰੀ ਖਿੱਤੇ ਦੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਨੇ ਸੰਭਾਲੀ ਹੈ। ਪਿਛਲੇ ਦਿਨੀਂ ਨਗਰ ਨਿਗਮ ਬਠਿੰਡਾ ਅਤੇ ਮੋਹਾਲੀ ਦੇ ਮੇਅਰ ਚੁਣੇ ਜਾਣ ਬਾਅਦ ਉਹਨਾਂ ਦੋਵਾਂ ਸ਼ਹਿਰਾਂ ਵਿਚ ਰੋਡ ਸ਼ੋਅ ਕੱਢਿਆ ਸੀ। ਹੁਣ ਧਾਰਮਿਕ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਹੁਣ ਤੱਕ ਆਪ ਲੀਡਰਸ਼ਿਪ ਅਕਾਲੀ ਦਲ ’ਤੇ ਧਰਮ ਦੇ ਨਾਂ ’ਤੇ ਸਿਆਸਤ ਕਰਨ ਦਾ ਦੋਸ਼ ਲਾਉਂਦੀ ਆ ਰਹੀ ਹੈ। ਜਿਵੇਂ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਧਾਰਮਿਕ ਯਾਤਰਾਵਾਂ ਸ਼ੁਰੂ ਕੀਤੀਆਂ ਸਨ, ਉਸੇ ਤਰ੍ਹਾਂ ਆਪ ਸਰਕਾਰ ਵੱਲੋਂ ਵੀ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਹੋਇਆ ਹੈ।
ਆਪ ਨੇਤਾਵਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਬਾਰੇ ਦੁਬਿਧਾ ਬਰਕਰਾਰ
ਅਰਵਿੰਦ ਕੇਜਰੀਵਾਲ ਦਾ ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ 29 ਜੂਨ ਨੂੰ ਪੰਜ ਸਿੰਘ ਸਾਹਿਬਾਨ ਨੇ ਸਿੱਖ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਹੋਇਆ ਹੈ। ਮੰਤਰੀ ਅਤੇ ਆਪ ਦੇ ਵਿਧਾਇਕ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਗੇ ਜਾਂ ਨਹੀਂ ਇਸ ਨੂੰ ਲੈ ਕੇ ਦੁਬਿਧਾ ਬਰਕਰਾਰ ਹੈ, ਪਰ ਅਰਵਿੰਦ ਕੇਜਰੀਵਾਲ ਇਕ ਧਾਰਮਿਕ ਸਮਾਗਮ 'ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਹਨਾਂ ਸਮਾਗਮਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਜਣ ਦੇ ਕਿਆਸ ਵੀ ਲਾਏ ਜਾ ਰਹੇ ਹਨ।