ਸਿਵਲ ਹਸਪਤਾਲ 'ਚ ਹੰਗਾਮਾ: ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਪਖ਼ਾਨੇ ’ਚ ਡਿੱਗਿਆ ਨੌਜਵਾਨ, ਹੋਇਆ ਬੇਹੋਸ਼
ਸਿਵਲ ਹਸਪਤਾਲ ਖਰੜ ਵਿਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਨੌਜਵਾਨ ਖੁੱਲ੍ਹੇ ਆਮ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਤੋਂ ਬਾਅਦ ਸਿਵਲ ਹਸਪਤਾਲ ਦੇ ਹੀ ਪਖ਼ਾਨੇ ਦੇ ਵਿਚ ਬੇਸੁੱਧ ਹੋ ਕੇ ਡਿੱਗ ਪਿਆ।
Publish Date: Fri, 26 Jun 2026 11:48 AM (IST)
Updated Date: Fri, 26 Jun 2026 11:51 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ। ਸਿਵਲ ਹਸਪਤਾਲ ਖਰੜ ਵਿਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਨੌਜਵਾਨ ਖੁੱਲ੍ਹੇ ਆਮ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਤੋਂ ਬਾਅਦ ਸਿਵਲ ਹਸਪਤਾਲ ਦੇ ਹੀ ਪਖ਼ਾਨੇ ਦੇ ਵਿਚ ਬੇਸੁੱਧ ਹੋ ਕੇ ਡਿੱਗ ਪਿਆ।
ਇਸ ਘਟਨਾ ਦਾ ਹਸਪਤਾਲ ਸਟਾਫ਼ ਨੂੰ ਉਦੋਂ ਪਤਾ ਚੱਲਿਆ ਜਦੋਂ ਕਿ ਇਕ ਪਖ਼ਾਨੇ ਦਾ ਦਰਵਾਜ਼ਾ ਕਾਫ਼ੀ ਦੇਰ ਬੰਦ ਰਿਹਾ ਅਤੇ ਸਟਾਫ਼ ਮੈਂਬਰਾਂ ਵੱਲੋਂ ਬਾਰ-ਬਾਰ ਦਰਵਾਜ਼ਾ ਖੜਕਾਇਆ ਗਿਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ ਫਿਰ ਇਕ ਵਿਅਕਤੀ ਵੱਲੋਂ ਪਖ਼ਾਨੇ ਦੇ ਅੰਦਰ ਵੜ ਕੇ ਕੁੰਡੀ ਖੋਲ੍ਹੀ ਗਈ ਅਤੇ ਜਦੋਂ ਦੇਖਿਆ ਤਾਂ ਇਕ ਨੌਜਵਾਨ ਪਖ਼ਾਨੇ ਵਿਚ ਬੇਸੁੱਧ ਹੋਇਆ ਪਿਆ ਸੀ।
ਜਿਸ ਨੂੰ ਕੇ ਤੁਰੰਤ ਬਾਹਰ ਲਿਜਾਇਆ ਗਿਆ ਅਤੇ ਉਸ ਦੌਰਾਨ ਨੌਜਵਾਨ ਇੰਨੇ ਨਸ਼ੇ ਵਿਚ ਸੀ ਕਿ ਉਸ ਤੋਂ ਆਪਣੇ ਪੈਰਾਂ ’ਤੇ ਖੜ੍ਹਿਆ ਵੀ ਨਹੀਂ ਸੀ ਹੋਇਆ ਜਾ ਰਿਹਾ। ਅਜਿਹੀ ਹੀ ਇਕ ਘਟਨਾ ਪਿਛਲੇ ਦਿਨਾਂ ਦੇ ਦੌਰਾਨ ਵੀ ਵਾਪਰੀ ਜਦੋਂ ਇਕ ਵਿਅਕਤੀ ਹਸਪਤਾਲ ਦੇ ਅੰਦਰ ਨਸ਼ੇ ਦੀ ਹਾਲਤ ’ਚ ਮਿਲਿਆ ਸੀ।
ਇਨ੍ਹਾਂ ਦੋਵਾਂ ਘਟਨਾਵਾਂ ਨੂੰ ਜੋੜਦਿਆਂ ਹੋਇਆਂ ਐਡਵੋਕੇਟ ਅਭਿਸ਼ੇਕ ਮਲਹੋਤਰਾ ਏਪੀਐੱਸ ਛਿੱਬਰ ਅਤੇ ਹੋਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਿਹਤ ਵਿਭਾਗ ਅਤੇ ਸਿਹਤ ਨਿਰਦੇਸ਼ਕ ਅਤੇ ਪੰਜਾਬ ਰਾਜ ਮਾਨ ਅਧਿਕਾਰ ਆਯੋਗ ਨੂੰ ਸ਼ਿਕਾਇਤ ਦਿੱਤੀ ਗਈ ਕਿ ਐੱਸਐੱਮਓ ਖਰੜ ਡਾ. ਰਾਜੇਸ਼ ਕੁਮਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਵੱਲੋਂ ਹਸਪਤਾਲ ਵਿਚ ਪ੍ਰਸ਼ਾਸਨ ਕਾਇਮ ਨਹੀਂ ਰੱਖਿਆ ਜਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਦੇ ਵਿਚ ਸੁਰੱਖਿਆ ਕਰਮੀ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਕਿ ਅੱਗੋਂ ਅਜਿਹੀ ਘਟਨਾ ਨਾ ਵਾਪਰੇ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਹਸਪਤਾਲ ਦੇ ਵਿਚ ਸੀਸੀਟੀਵੀ ਕੈਮਰਿਆਂ ਦਾ ਪੁਖ਼ਤਾ ਪ੍ਰਬੰਧ ਹੈ ਅਤੇ ਹਮੇਸ਼ਾ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਕੋਈ ਵੀ ਮੈਡੀਕਲ ਟੀਮ ਆ ਕੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਚੈੱਕ ਕਰ ਸਕਦੀ ਹੈ ਕਿਉਂਕਿ ਕੋਈ ਵੀ ਖਾਮੀ ਉਨ੍ਹਾਂ ਵੱਲੋਂ ਨਹੀਂ ਰੱਖੀ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਾਖ ਅਤੇ ਹਸਪਤਾਲ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰ ਵੱਲੋਂ ਮੌਜੂਦ ਮਰੀਜ਼ਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਕਈ ਤਰ੍ਹਾਂ ਦੇ ਲੋਕ ਆਉਂਦੇ ਹਨ, ਜਿਨ੍ਹਾਂ ਦੇ ਚਿਹਰਿਆਂ ਤੋਂ ਬਿਲਕੁਲ ਵੀ ਭਾਂਤ ਨਹੀਂ ਹੁੰਦਾ ਕਿ ਉਹ ਨਸ਼ੇ ਵਿਚ ਹਨ। ਅਜਿਹੇ ਮੌਕੇ ਐੱਸਐੱਮਓ ਖਰੜ ਦੀ ਕਾਰਗੁਜ਼ਾਰੀ ਉੱਪਰ ਲਗਾਏ ਗਏ ਸਵਾਲੀਆ ਚਿੰਨ੍ਹ ਬੇਬੁਨਿਆਦ ਹਨ ਕਿਉਂਕਿ ਸਥਾਨਕ ਇਲਾਕੇ ਦੇ ਵੱਡੀ ਗਿਣਤੀ ਦੇ ਮਰੀਜ਼ਾਂ ਦੀ ਮੰਗ ਤੋਂ ਬਾਅਦ ਹੀ ਐੱਸਐੱਮਓ ਖਰੜ ਨੂੰ ਮੁੜ ਤੋਂ ਸਿਵਲ ਹਸਪਤਾਲ ਖਰੜ ਵਿਖੇ ਤੈਨਾਤ ਕੀਤਾ ਗਿਆ ਸੀ।
ਮਰੀਜ਼ਾਂ ਨੇ ਕਿਹਾ ਕਿ ਡਾ. ਰਜੇਸ਼ ਨਾ ਕੇਵਲ ਇਕ ਸੂਝਵਾਨ, ਤਜਰਬੇਕਾਰ ਡਾਕਟਰ ਹਨ, ਬਲਕਿ ਇਕ ਚੰਗੇ ਇਨਸਾਨ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ, ਸੋ ਉਨ੍ਹਾਂ ਦੀ ਦੇਖਰੇਖ ਹੇਠਾਂ ਖਰੜ ਹਸਪਤਾਲ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।