- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਭਾਲ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਭਵਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਇਨਫਰਾਸਟਰੱਕਚਰ ਡਿਵੈਲਪਮੈਂਟ ਬੋਰਡ (ਪੀਆਈਡੀਬੀ) ਨੇ ਇਹ ਪ੍ਰੋਜੈਕਟ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੇ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਤਬਾਦਲੇ (ਡੀਬੀਐਫਓਟੀ) ਮਾਡਲ ਤਹਿਤ ਇੰਡਸ ਸੁਪਰ ਸਪੈਸ਼ਲਿਟੀ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਨੂੰ ਸੌਂਪਿਆ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਦੋਆਬੇ ਦੇ ਲੋਕਾਂ ਨੂੰ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਹੁਣ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਹਸਪਤਾਲਾਂ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਨਵਾਂਸ਼ਹਿਰ ’ਚ ਮੈਡੀਕਲ ਕਾਲਜ ਦੇ ਨਾਲ 30 ਬਿਸਤਰਿਆਂ ਵਾਲਾ ਅਤਿ-ਆਧੁਨਿਕ ਸੁਪਰ ਸਪੈਸ਼ਲਿਟੀ ਕਾਰਡਿਅਕ ਕੇਅਰ ਸੈਂਟਰ ਸਥਾਪਤ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ 160 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਲਈ ਲੈਟਰ ਆਫ ਇੰਟੈਂਟ (ਐੱਲਓਆਈ) ਜਾਰੀ ਕਰ ਦਿੱਤਾ ਹੈ। ਇਸ ਨਾਲ ਨਵਾਂਸ਼ਹਿਰ ਦੇ ਨਾਲ-ਨਾਲ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਤੇ ਮੈਡੀਕਲ ਸਿੱਖਿਆ ਦੀ ਸਹੂਲਤ ਆਪਣੇ ਇਲਾਕੇ ’ਚ ਹੀ ਮਿਲੇਗੀ।
ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਭਾਲ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਭਵਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਇਨਫਰਾਸਟਰੱਕਚਰ ਡਿਵੈਲਪਮੈਂਟ ਬੋਰਡ (ਪੀਆਈਡੀਬੀ) ਨੇ ਇਹ ਪ੍ਰੋਜੈਕਟ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੇ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਤਬਾਦਲੇ (ਡੀਬੀਐਫਓਟੀ) ਮਾਡਲ ਤਹਿਤ ਇੰਡਸ ਸੁਪਰ ਸਪੈਸ਼ਲਿਟੀ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਨੂੰ ਸੌਂਪਿਆ ਹੈ। ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੀ ਮੌਜੂਦ ਸਨ। ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੀ ਹਾਜ਼ਰ ਸਨ।
150 ਬਿਸਤਰਿਆਂ ਵਾਲਾ ਹਸਪਤਾਲ ਬਣੇਗਾ 220 ਬਿਸਤਰਿਆਂ ਦਾ
ਪ੍ਰੋਜੈਕਟ ਤਹਿਤ ਨਵਾਂਸ਼ਹਿਰ ਦੇ ਮੌਜੂਦਾ 150 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਦੇ ਮਾਪਦੰਡਾਂ ਮੁਤਾਬਕ ਅਪਗ੍ਰੇਡ ਕਰਕੇ 220 ਬਿਸਤਰਿਆਂ ਦਾ ਟੀਚਿੰਗ ਹਸਪਤਾਲ ਬਣਾਇਆ ਜਾਵੇਗਾ। ਮੈਡੀਕਲ ਕਾਲਜ ਲਈ ਅਕਾਦਮਿਕ ਅਤੇ ਰਿਹਾਇਸ਼ੀ ਢਾਂਚਾ ਵੀ ਤਿਆਰ ਕੀਤਾ ਜਾਵੇਗਾ। ਕੈਂਪਸ ਵਿਚ 30 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਕਾਰਡਿਅਕ ਕੇਅਰ ਸੈਂਟਰ ਸਥਾਪਤ ਹੋਵੇਗਾ। ਇੱਥੇ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਲਈ ਕੈਥ ਲੈਬ ਦੇ ਨਾਲ ਇੰਟਰਵੇਂਸ਼ਨਲ ਕਾਰਡੀਓਲੋਜੀ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ।
ਅਗਲੇ ਮਹੀਨੇ ਸ਼ੁਰੂ ਹੋਵੇਗਾ ਨਿਰਮਾਣ, ਡੇਢ ਸਾਲ ’ਚ ਕਾਲਜ ਚਾਲੂ ਕਰਨ ਦਾ ਟੀਚਾ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ਦੀ ਰਸਮੀ ਮਿਆਦ ਤਿੰਨ ਸਾਲ ਹੈ, ਪਰ ਹਸਪਤਾਲ ਦੀ ਮੌਜੂਦਾ ਇਮਾਰਤ, ਡਾਇਲਿਸਿਸ ਸੈਂਟਰ ਅਤੇ ਕ੍ਰਿਟੀਕਲ ਕੇਅਰ ਬਲਾਕ ਪਹਿਲਾਂ ਤੋਂ ਮੌਜੂਦ ਹੋਣ ਕਾਰਨ ਇਸ ਨੂੰ ਜਲਦੀ ਸ਼ੁਰੂ ਕੀਤਾ ਜਾ ਸਕੇਗਾ। ਮੈਡੀਕਲ ਕਾਲਜ ਦੀ ਨਵੀਂ ਇਮਾਰਤ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋਵੇਗਾ ਅਤੇ ਇਸ ਨੂੰ ਡੇਢ ਸਾਲ ਦੇ ਅੰਦਰ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ।
50 ਐਮਬੀਬੀਐਸ ਸੀਟਾਂ ’ਚੋਂ ਅੱਧੀਆਂ ਸਰਕਾਰੀ ਕੋਟੇ ਦੀਆਂ
ਮੈਡੀਕਲ ਕਾਲਜ ਵਿਚ ਹਰ ਸਾਲ ਐਮਬੀਬੀਐਸ ਦੀਆਂ 50 ਸੀਟਾਂ ਹੋਣਗੀਆਂ। ਇਨ੍ਹਾਂ ਵਿੱਚੋਂ 50 ਫ਼ੀਸਦੀ ਸੀਟਾਂ ਪੰਜਾਬ ਸਰਕਾਰ ਦੇ ਕੋਟੇ ਤਹਿਤ ਰਾਖਵੀਆਂ ਰਹਿਣਗੀਆਂ। ਇਸ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਅਤੇ ਕਿਫ਼ਾਇਤੀ ਦਰਾਂ ’ਤੇ ਮੈਡੀਕਲ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ।
ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ ‘ਗੋਲਡਨ ਆਵਰ’ ’ਚ ਮਿਲੇਗਾ ਇਲਾਜ
ਇਸ ਪ੍ਰੋਜੈਕਟ ਦਾ ਲਾਭ ਨਵਾਂਸ਼ਹਿਰ, ਬਲਾਚੌਰ, ਰੋਪੜ, ਗੜ੍ਹਸ਼ੰਕਰ, ਬੰਗਾ ਅਤੇ ਮਾਛੀਵਾੜਾ ਸਮੇਤ 35 ਤੋਂ 40 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ। ਫਿਲਹਾਲ ਦਿਲ ਦੇ ਦੌਰੇ ਦੇ ਗੰਭੀਰ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਜਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਭੇਜਣਾ ਪੈਂਦਾ ਹੈ। ਨਵੇਂ ਕਾਰਡਿਅਕ ਸੈਂਟਰ ਵਿਚ ‘ਗੋਲਡਨ ਆਵਰ’ ਦੌਰਾਨ ਹੀ ਐਮਰਜੈਂਸੀ ਅਤੇ ਦਿਲ ਨਾਲ ਸਬੰਧਤ ਆਧੁਨਿਕ ਇਲਾਜ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੋਵੇਗਾ।
10 ਰੁਪਏ ਦੀ ਪਰਚੀ, ਮੁਫ਼ਤ ਦਵਾਈਆਂ ਤੇ ਕੈਸ਼ਲੈੱਸ ਇਲਾਜ
ਮੰਤਰੀ ਨੇ ਸਪੱਸ਼ਟ ਕੀਤਾ ਕਿ ਪੀਪੀਪੀ ਮਾਡਲ ਦੇ ਬਾਵਜੂਦ ਆਮ ਲੋਕਾਂ ਦੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਭਾਵਿਤ ਨਹੀਂ ਹੋਵੇਗੀ। ਓਪੀਡੀ ਦੀ ਪਰਚੀ ਸਿਰਫ਼ 10 ਰੁਪਏ ਦੀ ਹੋਵੇਗੀ। ਯੋਗ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ 100 ਫ਼ੀਸਦੀ ਕੈਸ਼ਲੈੱਸ ਅਤੇ ਮੁਫ਼ਤ ਇਲਾਜ ਮਿਲੇਗਾ। ਸਰਕਾਰੀ ਫਾਰਮੇਸੀ ਤੋਂ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ, ਜਦਕਿ ਸੀਟੀ ਸਕੈਨ, ਐਮਆਰਆਈ ਅਤੇ ਹੋਰ ਜਾਂਚਾਂ ਰਿਆਇਤੀ ਦਰਾਂ ’ਤੇ ਉਪਲਬਧ ਹੋਣਗੀਆਂ।