ਦੇਸ਼ ਦੀ ਸਿਆਸਤ 'ਚ ਵੱਡਾ ਉਲਟਫੇਰ! ਬਦਲਦੇ ਸਮੀਕਰਨਾਂ ਵਿਚਾਲੇ ਕਾਂਗਰਸ ਅਤੇ ਬਸਪਾ 'ਚ ਚੋਣ ਸਮਝੌਤੇ ਦੀਆਂ ਅਟਕਲਾਂ ਤੇਜ਼
ਦੇਸ਼ ’ਚ ਸਿਆਸਤ ਦੇ ਬਣ ਰਹੇ ਨਵੇਂ ਹਾਲਾਤ ਤੇ ਅਗਲੇ ਵਰ੍ਹੇ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਚੋਣ ਗਠਜੋੜ ਕੀਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਦੋਵਾਂ ਪਾਰਟੀਆਂ ਦੇ ਸਿਰਮੌਰ ਆਗੂਆਂ ਨੇ ਗਠਜੋੜ ਸਬੰਧੀ ਸਥਾਨਕ ਲੀਡਰਸ਼ਿਪ ਨੂੰ ਭਰੋਸੇ ’ਚ ਲਿਆ ਜਾਂ ਨਹੀ, ਪਰ ਦੱਸਿਆ ਜਾਂਦਾ ਹੈ ਕਿ ਕੌਮੀ ਪੱਧਰ ’ਤੇ ਫਿਰਕੂ ਤਾਕਤਾਂ ਨੂੰ ਭਾਂਜ ਦੇਣ ਦੇ ਮਨੋਰਥ ਨਾਲ ਦੋਵਾਂ ਪਾਰਟੀਆਂ ਨੇ ਮਿਲ ਕੇ ਚੱਲਣ ਬਾਰੇ ਵਿਚਾਰ-ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
Publish Date: Sun, 21 Jun 2026 01:09 PM (IST)
Updated Date: Sun, 21 Jun 2026 01:10 PM (IST)

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਦੇਸ਼ ’ਚ ਸਿਆਸਤ ਦੇ ਬਣ ਰਹੇ ਨਵੇਂ ਹਾਲਾਤ ਤੇ ਅਗਲੇ ਵਰ੍ਹੇ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਚੋਣ ਗਠਜੋੜ ਕੀਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਦੋਵਾਂ ਪਾਰਟੀਆਂ ਦੇ ਸਿਰਮੌਰ ਆਗੂਆਂ ਨੇ ਗਠਜੋੜ ਸਬੰਧੀ ਸਥਾਨਕ ਲੀਡਰਸ਼ਿਪ ਨੂੰ ਭਰੋਸੇ ’ਚ ਲਿਆ ਜਾਂ ਨਹੀ, ਪਰ ਦੱਸਿਆ ਜਾਂਦਾ ਹੈ ਕਿ ਕੌਮੀ ਪੱਧਰ ’ਤੇ ਫਿਰਕੂ ਤਾਕਤਾਂ ਨੂੰ ਭਾਂਜ ਦੇਣ ਦੇ ਮਨੋਰਥ ਨਾਲ ਦੋਵਾਂ ਪਾਰਟੀਆਂ ਨੇ ਮਿਲ ਕੇ ਚੱਲਣ ਬਾਰੇ ਵਿਚਾਰ-ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਬਸਪਾ ਦੇ ਕਨਵੀਨਰ ਤੇ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਭਤੀਜੇ ਅਸ਼ੋਕ ਆਨੰਦ ਅਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਦਰਮਿਆਨ ਪਿਛਲੇ ਦਿਨਾਂ ਦੌਰਾਨ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ’ਚ ਇਹਨਾਂ ਮੀਟਿੰਗਾਂ ਨੂੰ ਲੈ ਕੇ ਘੁਸਰ-ਮੁਸਰ ਚੱਲ ਰਹੀ ਹੈ ਪਰ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ। ਸੂਤਰ ਦੱਸਦੇ ਹਨ ਕਿ ਬਸਪਾ ਲੀਡਰਸ਼ਿਪ ਗਠਜੋੜ ਕਰਨ ਦੀ ਤਾਂ ਹਾਮੀ ਭਰ ਰਹੀ ਹੈ, ਪਰ ਸੂਬਿਆਂ ਦੀ ਲੀਡਰਸ਼ਿਪ ਕੌਮੀ ਪੱਧਰ ’ਤੇ ਗਠਜੋੜ ਦੀ ਬਜਾਏ ਸੂਬਾ ਪੱਧਰ ਦੇ ਸਿਆਸੀ ਹਾਲਾਤ ਮੁਤਾਬਕ ਗੱਠਜੋੜ ਕਰਨ ਦੇ ਹਾਮੀ ਹਨ, ਕਿਉਂਕਿ ਕਈ ਸੂਬਿਆਂ ’ਚ ਖ਼ੇਤਰੀ ਪਾਰਟੀਆਂ ਦਾ ਆਪਣਾ ਆਧਾਰ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਮਨੀਪੁਰ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਅਗਲੇ ਵਰ੍ਹੇ ਚੋਣਾਂ ਹੋਣੀਆਂ ਹਨ। ਦੇਸ਼ ’ਚ ਇਸ ਵਕਤ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਬਣਿਆ ਹੋਇਆ ਹੈ। ਖਾਸ ਕਰ ਕੇ ਬੰਗਾਲ ’ਚ ਭਾਜਪਾ ਦੀ ਜਿੱਤ ਹੋਣ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਸੋਚਣ ਲਈ ਮਜਬੂਰ ਹੋ ਗਈਆਂ ਹਨ।
ਇਸ ਤੋਂ ਇਲਾਵਾ ਪਿਛਲੇ ਦਿਨਾਂ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਕਈ ਲੋਕ ਸਭਾ ਮੈਂਬਰਾਂ ਨੇ ਵੀ ਨਵਾਂ ਰਸਤਾ ਚੁਣ ਲਿਆ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਆਪਣੇ ਪੈਰ ਜਮਾਉਣ ਲਈ ਕਾਂਗਰਸ ਤੇ ਬਸਪਾ ਮਿਲਕੇ ਚੋਣ ਲੜਨ ਦੀ ਵਿਉਂਤਬੰਦੀ ਬਣਾ ਰਹੇ ਹਨ। ਦੋਵਾਂ ਪਾਰਟੀਆਂ ਦਾ ਸਮਝੌਤਾ ਸਿਰੇ ਚੜ੍ਹੇਗਾ ਜਾਂ ਨਹੀਂ ਇਹ ਸਮੇਂ ਦੇ ਗਰਭ ’ਚ ਹੈ, ਪਰ ਸਿਆਸੀ ਹਲਕਿਆਂ ’ਚ ਗਠਜੋੜ ਦੀਆਂ ਅਟਕਲਾਂ ਜ਼ੋਰਾਂ ’ਤੇ ਹਨ। ਪੰਜਾਬ ’ਚ ਬਸਪਾ ਦੇ ਇਕ ਮਾਤਰ ਵਿਧਾਇਕ ਡਾ. ਨਛੱਤਰਪਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਮਝੌਤਾ ਕਰਨ ਦਾ ਫ਼ੈਸਲਾ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਜਿਹੜਾ ਹੁਕਮ ਮਿਲਿਆ ਉਸ ’ਤੇ ਫੁੱਲ ਚੜ੍ਹਾਏ ਜਾਣਗੇ।