ਸੜਕ ’ਤੇ ਮੌਤ ਨੂੰ ਦਾਵਤ ਦਿੰਦਾ ਦੌੜਿਆ ਖ਼ਸਤਾਹਾਲ ਟੈਂਕਰ, ਵੀਡੀਓ ਵਾਇਰਲ ; ਲੋਕਾਂ ਨੇ ਪੁਲਿਸ ਤੇ ਸਰਕਾਰ ਨੂੰ ਘੇਰਿਆ
ਮੁਹਾਲੀ ਦੇ ਖਰੜ ਇਲਾਕੇ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸੜਕ ਸੁਰੱਖਿਆ ਦੇ ਦਾਅਵਿਆਂ ਅਤੇ ਟ੍ਰੈਫਿਕ ਪੁਲਿਸ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵਾਇਰਲ ਵੀਡੀਓ ’ਚ ਖਰੜ ਫਲਾਈਓਵਰ ਦੇ ਹੇਠਾਂ (ਕੌਸ਼ਲ ਹਸਪਤਾਲ ਦੇ ਨੇੜੇ) ਇਕ ਸੀਵਰੇਜ ਸਾਫ਼ ਕਰਨ ਵਾਲਾ ਟੈਂਕਰ, ਜਿਸਦਾ ਇਕ ਟਾਇਰ ਫੱਟ ਜਾਣ ਤੋਂ ਬਾਅਦ ਖ਼ਸਤਾਹਾਲ ਹੋਣ ਦੇ ਬਾਵਜੂਦ ਸੜਕ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਦਿਖਾਈ ਦੇ ਰਿਹਾ ਹੈ।
Publish Date: Thu, 25 Jun 2026 12:03 PM (IST)
Updated Date: Thu, 25 Jun 2026 12:05 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਖਰੜ ਇਲਾਕੇ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸੜਕ ਸੁਰੱਖਿਆ ਦੇ ਦਾਅਵਿਆਂ ਅਤੇ ਟ੍ਰੈਫਿਕ ਪੁਲਿਸ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵਾਇਰਲ ਵੀਡੀਓ ’ਚ ਖਰੜ ਫਲਾਈਓਵਰ ਦੇ ਹੇਠਾਂ (ਕੌਸ਼ਲ ਹਸਪਤਾਲ ਦੇ ਨੇੜੇ) ਇਕ ਸੀਵਰੇਜ ਸਾਫ਼ ਕਰਨ ਵਾਲਾ ਟੈਂਕਰ, ਜਿਸਦਾ ਇਕ ਟਾਇਰ ਫੱਟ ਜਾਣ ਤੋਂ ਬਾਅਦ ਖ਼ਸਤਾਹਾਲ ਹੋਣ ਦੇ ਬਾਵਜੂਦ ਸੜਕ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਦਿਖਾਈ ਦੇ ਰਿਹਾ ਹੈ।
ਬੁਰੀ ਤਰ੍ਹਾਂ ਨਾਲ ਫਟੇ ਟਾਇਰ ਸਣੇ ਸੜਕ ’ਤੇ ਦੌੜਿਆ ਵਾਹਨ
ਵਾਇਰਲ ਵੀਡੀਓ ਵਿਚ ਸੀਵਰੇਜ ਟੈਂਕਰ ਦਾ ਇਕ ਪਾਸੇ ਦੇ (ਖੱਬਾ ਟਾਇਰ) ਬੁਰੀ ਤਰ੍ਹਾਂ ਨਾਲ ਫਟਿਆ ਹੋਇਆ ਹੈ। ਇਹ ਵਾਹਨ ਸੜਕ ’ਤੇ ਬੁਰੀ ਤਰ੍ਹਾਂ ਨਾਲ ਫਟੇ ਹੋਏ ਟਾਇਰ ਨਾਲ ਅੱਗੇ ਵੱਧ ਰਿਹਾ ਹੈ। ਇਸ ਹਾਲਤ ਵਿਚ ਵਾਹਨ ਦਾ ਸੰਤੁਲਨ ਕਦੇ ਵੀ ਵਿਗੜ ਸਕਦਾ ਸੀ, ਜਿਸ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ।
ਸੋਸ਼ਲ ਮੀਡੀਆ ’ਤੇ ਤਿੱਖੇ ਕਮੈਂਟ ਅਤੇ ਪ੍ਰਤੀਕਿਰਿਆਵਾਂ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ ਅਤੇ ਕੁੱਝ ਲੋਕਾਂ ਵੱਲੋਂ ਪ੍ਰਸ਼ਾਸਨ ’ਤੇ ਤਨਜ਼ ਕੱਸਦਿਆਂ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ। ਲੋਕਾਂ ਨੇ ਗੰਭੀਰ ਚਿੰਤਾ ਜਤਾਉਂਦਿਆਂ ਲਿਖਿਆ ਕਿ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਸ਼ਾਇਦ ਕਿਸੇ ਵੱਡੇ ਜਾਨੀ ਨੁਕਸਾਨ ਜਾਂ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ, ਇਸੇ ਲਈ ਅਜਿਹੇ ਖ਼ਤਰਨਾਕ ਵਾਹਨਾਂ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਘੁੰਮਣ ਦੀ ਖੁੱਲ੍ਹ ਦਿੱਤੀ ਹੋਈ ਹੈ।
ਟ੍ਰੈਫਿਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਇਸ ਘਟਨਾ ਨੇ ਨਾ ਸਿਰਫ਼ ਪੁਲਿਸ, ਸਗੋਂ ਸਰਕਾਰ ਦੇ ਸੜਕ ਸੁਰੱਖਿਆ ਅਤੇ 'ਸੇਫ਼ ਸਿਟੀ' ਦੇ ਵੱਡੇ-ਵੱਡੇ ਦਾਅਵਿਆਂ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਟ੍ਰੈਫਿਕ ਪੁਲਿਸ ਮਾਮੂਲੀ ਨਿਯਮ ਟੁੱਟਣ ’ਤੇ ਆਮ ਲੋਕਾਂ ਦੇ ਮੋਟੇ ਚਾਲਾਨ ਕੱਟਣ ਵਿਚ ਮੁਸਤੈਦੀ ਦਿਖਾਉਂਦੀ ਹੈ ਪਰ ਦੂਜੇ ਪਾਸੇ ਸੜਕਾਂ 'ਤੇ ਸ਼ਰੇਆਮ ਹਾਦਸਿਆਂ ਨੂੰ ਸਦਾ ਦਿੰਦੇ ਅਜਿਹੇ ਵਾਹਨ ਸਰਕਾਰ ਅਤੇ ਪ੍ਰਸ਼ਾਸਨਿਕ ਸਿਸਟਮ ਨੂੰ ਟਿੱਚ ਜਾਣਦੇ ਪ੍ਰਤੀਤ ਹੁੰਦੇ ਹਨ।
ਸਥਾਨਕ ਨਿਵਾਸੀਆਂ ਨੇ ਮੁੱਖ ਮੰਤਰੀ ਅਤੇ ਟ੍ਰੈਫਿਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਵੀਡੀਓ ਦੇ ਆਧਾਰ ’ਤੇ ਵਾਹਨ ਦੇ ਮਾਲਕ ਅਤੇ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।