ਐਸਪੀ ਓਸਵਾਲ ਤੋਂ ਡਿਜੀਟਲ ਅਰੈਸਟ ਕਰਕੇ 7 ਕਰੋੜ ਰੁਪਏ ਦੀ ਠੱਗੀ, ਸੱਤ ਮੁਲਜ਼ਮਾਂ ਖ਼ਿਲਾਫ਼ ED ਨੇ ਦਾਖ਼ਲ ਕੀਤੀ ਪੂਰਕ ਸ਼ਿਕਾਇਤ ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 25 ਨਵੰਬਰ ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ, ਜਲੰਧਰ ਵਿੱਚ ਇਹ ਸ਼ਿਕਾਇਤ ਦਾਇਰ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਠੱਗੀ ਦੀ ਸੱਤ ਕਰੋੜ ਰੁਪਏ ਦੀ ਰਕਮ ਨੂੰ ਕਈ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਕਢਵਾਇਆ ਗਿਆ। ਇਸ ਤੋਂ ਬਾਅਦ ਸ਼ੈੱਲ ਕੰਪਨੀਆਂ ਅਤੇ ਵਪਾਰ ਆਧਾਰਿਤ ਮਨੀ ਲਾਂਡਰਿੰਗ ਰਾਹੀਂ ਇਹ ਪੈਸਾ ਵਿਦੇਸ਼ ਭੇਜਣ ਦਾ ਨੈੱਟਵਰਕ ਵੀ ਸਾਹਮਣੇ ਆਇਆ ਹੈ।
Publish Date: Sun, 29 Nov 2026 12:42 PM (IST)
Updated Date: Sun, 29 Nov 2026 01:00 PM (IST)
ਰੋਹਿਤ ਕੁਮਾਰ, ਚੰਡੀਗੜ੍ਹ। ਉਦਯੋਗਪਤੀ ਐਸਪੀ ਓਸਵਾਲ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਿਆਂਪਾਲਿਕਾ ਦੇ ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਨ ਅਤੇ ਸੱਤ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਪੂਰਕ ਪ੍ਰੋਸੀਕਿਊਸ਼ਨ ਸ਼ਿਕਾਇਤ ਦਾਖ਼ਲ ਕੀਤੀ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 25 ਨਵੰਬਰ ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ, ਜਲੰਧਰ ਵਿੱਚ ਇਹ ਸ਼ਿਕਾਇਤ ਦਾਇਰ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਠੱਗੀ ਦੀ ਸੱਤ ਕਰੋੜ ਰੁਪਏ ਦੀ ਰਕਮ ਨੂੰ ਕਈ ਬੈਂਕ ਖਾਤਿਆਂ ਰਾਹੀਂ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਕਢਵਾਇਆ ਗਿਆ। ਇਸ ਤੋਂ ਬਾਅਦ ਸ਼ੈੱਲ ਕੰਪਨੀਆਂ ਅਤੇ ਵਪਾਰ ਆਧਾਰਿਤ ਮਨੀ ਲਾਂਡਰਿੰਗ ਰਾਹੀਂ ਇਹ ਪੈਸਾ ਵਿਦੇਸ਼ ਭੇਜਣ ਦਾ ਨੈੱਟਵਰਕ ਵੀ ਸਾਹਮਣੇ ਆਇਆ ਹੈ।
ਈਡੀ ਨੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਦਰਜ ਐਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਵਿੱਚ ਪਤਾ ਲੱਗਾ ਕਿ ਠੱਗਾਂ ਨੇ ਖ਼ੁਦ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਿਆਂਪਾਲਿਕਾ ਦੇ ਅਧਿਕਾਰੀ ਦੱਸ ਕੇ ਐਸਪੀ ਓਸਵਾਲ ਤੋਂ ਸੱਤ ਕਰੋੜ ਰੁਪਏ ਵਸੂਲੇ ਸਨ। ਇਹ ਰਕਮ ਸ਼ੁਰੂਆਤ ਵਿੱਚ ਮੈਸਰਜ਼ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਫ੍ਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ। ਉੱਥੋਂ ਇਹ ਪੈਸਾ ਕਈ ਹੋਰ ਬੈਂਕ ਖਾਤਿਆਂ ਵਿੱਚ ਭੇਜ ਦਿੱਤਾ ਗਿਆ।
ਜਾਂਚ ਮੁਤਾਬਕ, ਰਿਗਲੋ ਵੈਂਚਰਜ਼ ਦੇ ਖਾਤੇ ਵਿੱਚੋਂ ਰਕਮ ਦੋ ਤੋਂ ਪੰਜ ਲੱਖ ਰੁਪਏ ਦੀਆਂ ਛੋਟੀਆਂ-ਛੋਟੀਆਂ ਕਿਸ਼ਤਾਂ ਵਿੱਚ 48 ਹੋਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ। ਇਨ੍ਹਾਂ ਖਾਤਿਆਂ ਵਿੱਚੋਂ ਤੁਰੰਤ ਨਕਦੀ ਕਢਵਾ ਲਈ ਜਾਂਦੀ ਸੀ। ਇਨ੍ਹਾਂ ਬੈਂਕ ਖਾਤਿਆਂ ਦੀ ਵਰਤੋਂ ਕਰਨ ਦੇ ਬਦਲੇ ਸਬੰਧਤ ਲੋਕਾਂ ਨੂੰ ਨਕਦ ਰਕਮ ਅਤੇ ਵਰਚੁਅਲ ਡਿਜੀਟਲ ਅਸੈੱਟ (ਕ੍ਰਿਪਟੋਕਰੰਸੀ) ਦੇ ਰੂਪ ਵਿੱਚ ਕਮਿਸ਼ਨ ਦਿੱਤਾ ਜਾਂਦਾ ਸੀ। ਈਡੀ ਅਨੁਸਾਰ, ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਕਰਜ਼ਾ ਦਿਵਾਉਣ ਅਤੇ ਰੁਜ਼ਗਾਰ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਬੈਂਕ ਖਾਤੇ ਖੁੱਲ੍ਹਵਾਏ ਗਏ ਸਨ। ਇਨ੍ਹਾਂ ਖਾਤਿਆਂ ਦੀ ਵਰਤੋਂ ਠੱਗੀ ਦੀ ਰਕਮ ਨੂੰ ਲੁਕਾਉਣ ਅਤੇ ਅੱਗੇ ਭੇਜਣ ਲਈ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਫ੍ਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ ਦੇ ਬੈਂਕ ਖਾਤਿਆਂ ਦਾ ਕੰਟਰੋਲ ਗੁਹਾਟੀ ਦੇ ਰੂਮੀ ਕਲਿਤਾ ਅਤੇ ਕਾਨਪੁਰ ਦੇ ਅਰਪਿਤ ਰਾਠੌਰ ਕੋਲ ਸੀ। ਮੁਲਜ਼ਮ ਰਕਮ ਨੂੰ ਤੇਜ਼ੀ ਨਾਲ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਭੇਜਣ ਲਈ ਏਪੀਕੇ ਆਧਾਰਿਤ 'ਏਐਮਐਮਫਾਰਵਰਡ' ਐਪਲੀਕੇਸ਼ਨ ਦੀ ਵਰਤੋਂ ਕਰਦੇ ਸਨ। ਅਰਪਿਤ ਰਾਠੌਰ ਨੇ ਕੰਬੋਡੀਆ ਅਤੇ ਵੀਅਤਨਾਮ ਨਾਲ ਜੁੜੇ ਲੋਕਾਂ ਨੂੰ ਵੀ ਮਿਊਲ ਬੈਂਕ ਖਾਤੇ ਮੁਹੱਈਆ ਕਰਵਾਏ ਸਨ। ਰੂਮੀ ਕਲਿਤਾ ਨੂੰ 23 ਦਸੰਬਰ 2025 ਅਤੇ ਅਰਪਿਤ ਰਾਠੌਰ ਨੂੰ 31 ਦਸੰਬਰ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੂਜੇ ਪਾਸੇ, ਰਿਗਲੋ ਵੈਂਚਰਜ਼ ਦੇ ਬੈਂਕ ਖਾਤਿਆਂ ਦਾ ਸੰਚਾਲਨ ਸੋਹੇਲ ਅਖ਼ਤਰ ਉਰਫ਼ ਰਾਜੂ ਕਰ ਰਿਹਾ ਸੀ। ਈਡੀ ਮੁਤਾਬਕ, ਉਹ ਇਸ ਨੈੱਟਵਰਕ ਦਾ ਮੁੱਖ ਸੰਚਾਲਕ ਸੀ ਅਤੇ ਲੋਕਾਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਭਰਤੀ ਕਰਦਾ ਸੀ। ਉਹ ਨੇਪਾਲ ਵਿੱਚ ਬੈਠੇ ਆਪਣੇ ਵਿਦੇਸ਼ੀ ਸਾਥੀ ਦੇ ਨਿਰਦੇਸ਼ਾਂ ’ਤੇ ਖਾਤਿਆਂ ਦਾ ਪ੍ਰਬੰਧ ਕਰਦਾ ਸੀ। ਇਹ ਵਿਦੇਸ਼ੀ ਸਾਥੀ 'ਪ੍ਰਿਸਟ' ਨਾਂ ਨਾਲ ਕੰਮ ਕਰ ਰਿਹਾ ਸੀ। ਇਸ ਦੇ ਬਦਲੇ ਸੋਹੇਲ ਨੂੰ ਕ੍ਰਿਪਟੋਕਰੰਸੀ ਅਤੇ ਨਕਦੀ ਦੇ ਰੂਪ ਵਿੱਚ ਕਮਿਸ਼ਨ ਮਿਲਦਾ ਸੀ। ਸੋਹੇਲ ਅਖ਼ਤਰ ਨੂੰ 28 ਸਤੰਬਰ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਈਡੀ ਹੁਣ ਤੱਕ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ 14 ਫਰਵਰੀ 2026 ਨੂੰ 1.76 ਕਰੋੜ ਰੁਪਏ ਦੀ ਜਾਇਦਾਦ ਆਰਜ਼ੀ ਤੌਰ ’ਤੇ ਅਟੈਚ ਕੀਤੀ ਗਈ ਸੀ। ਇਸ ਤੋਂ ਪਹਿਲਾਂ 19 ਫਰਵਰੀ 2020 ਨੂੰ ਰੂਮੀ ਕਲਿਤਾ, ਅਰਪਿਤ ਰਾਠੌਰ, ਆਨੰਦ ਚੌਧਰੀ, ਅਤਨੁ ਚੌਧਰੀ ਅਤੇ ਉਨ੍ਹਾਂ ਦੀ ਕੰਪਨੀ ਫ੍ਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ ਖ਼ਿਲਾਫ਼ ਪ੍ਰੋਸੀਕਿਊਸ਼ਨ ਸ਼ਿਕਾਇਤ ਦਾਖ਼ਲ ਕੀਤੀ ਗਈ ਸੀ।
ਹੁਣ 25 ਨਵੰਬਰ 2026 ਨੂੰ ਦਾਖ਼ਲ ਕੀਤੀ ਗਈ ਪੂਰਕ ਸ਼ਿਕਾਇਤ ਵਿੱਚ ਸੋਹੇਲ ਅਖ਼ਤਰ ਉਰਫ਼ ਰਾਜੂ, ਅਮਰਚੰਦ ਸਰਕਾਰ, ਅਲੀ, ਰਾਕੇਸ਼ ਅਲੀ, ਗੋਆਮ ਮੁਰਤਜ਼ਾ, ਆਲੋਕ ਰੰਗੀ ਅਤੇ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮਟਿਡ ਨੂੰ ਮੁਲਜ਼ਮ ਬਣਾਇਆ ਗਿਆ ਹੈ।