7 ਕੈਡਿਟ ਫ਼ੌਜ ਤੇ ਹਵਾਈ ਸੈਨਾ ਵਿਚ ਬਣੇ ਕਮਿਸ਼ਨਡ ਅਫ਼ਸਰ
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 7 ਕੈਡਿਟ ਸੈਨਾ ਵਿਚ ਬਣੇ ਕਮਿਸ਼ਨਡ ਅਫ਼ਸਰ,
Publish Date: Sat, 13 Jun 2026 08:30 PM (IST)
Updated Date: Sun, 14 Jun 2026 04:06 AM (IST)

ਅਮਨ ਅਰੋੜਾ ਨੇ ਸੈਨਾ ਅਧਿਕਾਰੀਆਂ ਨੂੰ ਵਧਾਈ ਦਿੱਤੀ, ਉਨ੍ਹਾਂ ਨੂੰ ਸ਼ਾਨਦਾਰ ਸੇਵਾ ਨਿਭਾਉਣ ਤੇ ਪੰਜਾਬ ਨੂੰ ਮਾਣ ਦਿਵਾਉਣ ਲਈ ਪ੍ਰੇਰਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77, ਮੁਹਾਲੀ ਦੇ 7 ਸਾਬਕਾ ਕੈਡਿਟ ਭਾਰਤੀ ਫ਼ੌਜ ਤੇ ਭਾਰਤੀ ਹਵਾਈ ਸੈਨਾ ਵਿਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਹ ਸ਼ਾਨਦਾਰ ਉਪਲਬਧੀ ਦੇਸ਼ ਦੀਆਂ ਰੱਖਿਆ ਸੇਵਾਵਾਂ ਵਿਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੰਸਥਾ ਦੀ ਵੱਧ ਰਹੀ ਭੂਮਿਕਾ ਨੂੰ ਦਰਸਾਉਂਦੀ ਹੈ। ਆਈਐੱਮਏ ਦੇਹਰਾਦੂਨ ਵਿਚ 158ਵੇਂ ਰੈਗੂਲਰ ਕੋਰਸ ਪਾਸਿੰਗ ਆਊਟ ਪਰੇਡ ਵਿਚ ਚਾਰ ਕੈਡਿਟਾਂ ਨੂੰ ਫ਼ੌਜ ਵਿਚ ਕਮਿਸ਼ਨ ਮਿਲਿਆ ਹੈ, ਜਿਸ ਦੀ ਸਮੀਖਿਆ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਕੀਤੀ ਗਈ, ਜੋ ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਕਮਾਂਡਰ ਵੀ ਹਨ। ਮੁਹਾਲੀ ਤੋਂ ਅਭੈ ਸਿੰਘ ਰਾਘਵ ਫ਼ੌਜ ਅਧਿਕਾਰੀ ਬਣੇ ਹਨ, ਜਿਸ ਦੇ ਪਿਤਾ ਸਿਹਤ ਵਿਭਾਗ ਦੇ ਸਿਵਲ ਰਜਿਸਟ੍ਰੇਸ਼ਨ ਅਫ਼ਸਰ ਤੇ ਮਾਤਾ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਹਨ। ਇੰਝ ਹੀ ਨਵੇਂ ਫ਼ੌਜ ਅਧਿਕਾਰੀਆਂ ਵਿਚ ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਸ਼ਾਮਲ ਹਨ, ਜਿਸ ਦੇ ਪਿਤਾ ਇਕ ਵਪਾਰੀ ਅਤੇ ਮਾਤਾ ਸਿਹਤ ਵਿਭਾਗ ਵਿਚ ਸਟਾਫ਼ ਨਰਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹੁਸ਼ਿਆਰਪੁਰ ਤੋਂ ਹੀ ਅਨਿਕੇਤ ਕਹੋਲ ਹਵਾਈ ਸੇਵਾਵਾਂ ਵਿਚ ਅਧਿਕਾਰੀ ਵਜੋਂ ਸ਼ਾਮਲ ਹੋਏ ਹਨ, ਜਿਨ੍ਹਾਂ ਦੇ ਪਿਤਾ ਇਕ ਵਪਾਰੀ ਹਨ ਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਫ਼ੌਜ ਅਧਿਕਾਰੀ ਬਣੇ ਹਨ। ਇਸ ਦੇ ਨਾਲ ਹੀ ਤਿੰਨ ਕੈਡਿਟ ਹੈਦਰਾਬਾਦ ਦੇ ਡੰਡੀਗਲ ਵਿਚ ਏਅਰ ਫੋਰਸ ਅਕੈਡਮੀ ਦੇ 217ਵੇਂ ਕੋਰਸ ਕੰਬਾਈਨਡ ਗ੍ਰੈਜੂਏਸ਼ਨ ਪਰੇਡ ਵਿਚ ਫਲਾਇੰਗ ਅਫ਼ਸਰ ਬਣੇ ਹਨ। ਪਰੇਡ ਦਾ ਨਿਰੀਖਣ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਫਲਾਇੰਗ ਅਫ਼ਸਰਾਂ ਵਜੋਂ ਕਮਿਸ਼ਨ ਪ੍ਰਾਪਤ ਕਰਨ ਵਾਲਿਆਂ ਵਿਚ ਮੁਹਾਲੀ ਤੋਂ ਵਾਸੂ ਮਹਿਤਾ, ਜਿਸ ਦੇ ਮਾਪੇ ਸਰਕਾਰੀ ਅਧਿਆਪਕ ਹਨ ਅਤੇ ਮੁਹਾਲੀ ਤੋਂ ਹੀ ਕਰਨ ਕੌਸ਼ਿਸ਼ ਹਨ, ਜਿਸ ਦੀ ਮਾਂ ਅਦਾਲਤ ਵਿਚ ਸੇਵਾਵਾਂ ਨਿਭਾ ਰਹੀ ਹੈ ਤੇ ਉਸਦੇ ਪਿਤਾ ਇਕ ਵਪਾਰੀ ਹਨ। ਰੂਪਨਗਰ ਤੋਂ ਉਦੈਬੀਰ ਸਿੰਘ, ਜਿਸ ਦੇ ਪਿਤਾ ਹਵਾਈ ਸੈਨਾ ਦੇ ਸਾਬਕਾ ਸੈਨਿਕ ਰਹੇ ਹਨ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਸਾਰੇ ਕੈਡਿਟਾਂ ਨੂੰ ਕਮਿਸ਼ਨਡ ਮਿਲਣ ਲਈ ਵਧਾਈ ਦਿੱਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸੇਵਾ ਅਧਿਕਾਰੀ ਵਜੋਂ ਆਪਣੇ ਕਰੀਅਰ ਵਿਚ ਹੋਰ ਸਖ਼ਤ ਮਿਹਨਤ ਕਰਨ ਅਤੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੂਬੇ ਦਾ ਮਾਣ ਵਧਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ’ਚ ਸਹਾਇਤਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ 7 ਕੈਡਿਟਾਂ ਦੇ ਕਮਿਸ਼ਨਡ ਹੋਣ ਨਾਲ ਭਗਵੰਤ ਮਾਨ ਸਰਕਾਰ ਦੇ ਪੰਜਾਬ ਵਿਚ ਸੱਤਾ ਸੰਭਾਲਣ ਤੋਂ ਬਾਅਦ ਸੰਸਥਾ ਦੇ ਕੈਡਿਟਾਂ ਦੀ ਗਿਣਤੀ 97 ਹੋ ਗਈ ਹੈ। ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ. ਚੌਹਾਨ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਦੇ ਸਿਧਾਤਾਂ ਨੂੰ ਬਰਕਰਾਰ ਰੱਖਣ ਅਤੇ ਦੇਸ਼, ਸੂਬੇ ਅਤੇ ਆਪਣੀ ਸੰਸਥਾ ਦਾ ਮਾਣ ਵਧਾਉਣ ਲਈ ਪ੍ਰੇਰਿਆ।