- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਵੱਲੋਂ ਇਸ ਸਾਲ ਤਿਆਰ ਕੀਤੀ ਗਈ ਵਿਦੇਸ਼ਾਂ ਵਿਚ ਸਰਗਰਮ 61 ਗੈਂਗਸਟਰਾਂ ਦੀ ਸੂਚੀ ਨੇ ਇਸ ਅਪਰਾਧਿਕ ਨੈੱਟਵਰਕ ਦੇ ਪਸਾਰੇ ਨੂੰ ਸਾਹਮਣੇ ਲਿਆਂਦਾ ਹੈ। ਇਨ੍ਹਾਂ ਵਿਚੋਂ 18 ਅਮਰੀਕਾ, 6 ਕੈਨੇਡਾ, 9 ਸੰਯੁਕਤ ਅਰਬ ਅਮੀਰਾਤ, 6 ਜਰਮਨੀ, 5 ਬ੍ਰਿਟੇਨ ਅਤੇ 5 ਹੋਰ ਯੂਰਪੀ ਦੇਸ਼ਾਂ ਵਿਚ ਸਰਗਰਮ ਦੱਸੇ ਗਏ ਹਨ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਚ ਗੈਂਗਸਟਰ ਨੈੱਟਵਰਕ ਖ਼ਿਲਾਫ਼ ਪੁਲਿਸ ਦੀ ਕਾਰਵਾਈ ਹੁਣ ਸਿਰਫ਼ ਸੂਬੇ ਅੰਦਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਤੱਕ ਸੀਮਤ ਨਹੀਂ ਰਹੀ। ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਵਿਚ ਫਿਰੌਤੀ, ਕਤਲ, ਹਥਿਆਰਾਂ ਦੀ ਤਸਕਰੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਚਲਾਉਣ ਵਾਲੇ ਗੈਂਗਸਟਰਾਂ ਨੂੰ ਵਾਪਸ ਲਿਆਉਣ ਲਈ ਕੌਮਾਂਤਰੀ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਇਸ ਸਾਲ ਤਿਆਰ ਕੀਤੀ ਗਈ ਵਿਦੇਸ਼ਾਂ ਵਿਚ ਸਰਗਰਮ 61 ਗੈਂਗਸਟਰਾਂ ਦੀ ਸੂਚੀ ਨੇ ਇਸ ਅਪਰਾਧਿਕ ਨੈੱਟਵਰਕ ਦੇ ਪਸਾਰੇ ਨੂੰ ਸਾਹਮਣੇ ਲਿਆਂਦਾ ਹੈ। ਇਨ੍ਹਾਂ ਵਿਚੋਂ 18 ਅਮਰੀਕਾ, 6 ਕੈਨੇਡਾ, 9 ਸੰਯੁਕਤ ਅਰਬ ਅਮੀਰਾਤ, 6 ਜਰਮਨੀ, 5 ਬ੍ਰਿਟੇਨ ਅਤੇ 5 ਹੋਰ ਯੂਰਪੀ ਦੇਸ਼ਾਂ ਵਿਚ ਸਰਗਰਮ ਦੱਸੇ ਗਏ ਹਨ।
ਪੰਜਾਬ ਪੁਲਿਸ ਵੱਲੋਂ 72 ਘੰਟੇ ਤੱਕ ਚਲਾਏ ਗਏ ਆਪ੍ਰੇਸ਼ਨ ਪ੍ਰਹਾਰ ਦੌਰਾਨ ਤਿਆਰ ਕੀਤੀ ਗਈ ਸੂਚੀ ਵਿਚ 21 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿਚੋਂ ਕਈ ਅਪਰਾਧੀ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਵਿਚ ਆਪਣੇ ਸਥਾਨਕ ਸਾਥੀਆਂ ਰਾਹੀਂ ਵਾਰਦਾਤਾਂ ਕਰਵਾ ਰਹੇ ਹਨ। ਸਥਾਨਕ ਨੈੱਟਵਰਕ ਵਿਚ ਸਕੂਲ ਛੱਡ ਚੁੱਕੇ ਨੌਜਵਾਨਾਂ ਅਤੇ ਛੋਟੇ ਅਪਰਾਧਾਂ ਵਿਚ ਸ਼ਾਮਲ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਵੱਡੀਆਂ ਵਾਰਦਾਤਾਂ ਲਈ ਤਿਆਰ ਕੀਤਾ ਜਾ ਰਿਹਾ ਹੈ।
ਵਿਦੇਸ਼ਾਂ ਵਿਚ ਸਰਗਰਮ ਗੈਂਗਸਟਰਾਂ ਵਿਚ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ, ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਲਖਬੀਰ ਸਿੰਘ ਉਰਫ਼ ਲਾਂਡਾ, ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬਾਠ, ਦਵਿੰਦਰਪਾਲ ਸਿੰਘ ਉਰਫ਼ ਗੋਪੀ ਅਤੇ ਜ਼ਹਰ ਸਿੰਘ ਉਰਫ਼ ਪਾਰਸ ਸ਼ਾਮਲ ਹਨ। ਅਮਰੀਕਾ ਵਿਚ ਸਰਗਰਮ ਅਪਰਾਧੀਆਂ ਦੀ ਸੂਚੀ ਵਿਚ ਦਲਬੀਰਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਹਰੀਚੰਦ ਉਰਫ਼ ਹਰੀ ਬਾਕਸਰ, ਹੁਸਨਦੀਪ ਸਿੰਘ ਉਰਫ਼ ਹੁਸਨ, ਜਰਮਨਜੀਤ ਸਿੰਘ ਮੱਲ੍ਹੀ, ਪਵਿੱਤਰ ਪ੍ਰੀਤ ਸਿੰਘ, ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ, ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ ਅਤੇ ਯਾਦਵਿੰਦਰ ਯਾਦਵ ਵਰਗੇ ਨਾਂ ਸ਼ਾਮਲ ਹਨ।
ਗੈਂਗਸਟਰ ਨੈੱਟਵਰਕ ਦੀਆਂ ਗਤੀਵਿਧੀਆਂ ਸਿਰਫ਼ ਆਪਸੀ ਗੈਂਗਵਾਰ ਤੱਕ ਸੀਮਤ ਨਹੀਂ ਹਨ। ਗੋਲਡੀ ਬਰਾੜ, ਲਾਂਡਾ, ਡੋਨੀ ਬੱਲ, ਹੈਪੀ ਪਾਸੀਆ ਅਤੇ ਗੋਲਡੀ ਢਿੱਲੋਂ ਦੇ ਨੈੱਟਵਰਕ ’ਤੇ ਕਾਰੋਬਾਰੀਆਂ, ਠੇਕੇਦਾਰਾਂ ਅਤੇ ਆਰਥਿਕ ਤੌਰ ’ਤੇ ਖ਼ੁਸ਼ਹਾਲ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੇ ਦੋਸ਼ ਹਨ। ਪੈਸੇ ਨਾ ਦੇਣ ’ਤੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ’ਤੇ ਗੋਲੀਬਾਰੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੁਲਿਸ ਮੁਤਾਬਕ, ਇਨ੍ਹਾਂ ਨੈੱਟਵਰਕਾਂ ਦੀਆਂ ਗਤੀਵਿਧੀਆਂ ਵਿਚ ਕਤਲ, ਹਥਿਆਰਾਂ ਦੀ ਤਸਕਰੀ, ਨਸ਼ਿਆਂ ਦਾ ਕਾਰੋਬਾਰ ਅਤੇ ਅਗਵਾ ਵਰਗੇ ਅਪਰਾਧ ਵੀ ਸ਼ਾਮਲ ਹਨ।
ਕੌਮਾਂਤਰੀ ਏਜੰਸੀਆਂ ਦੀ ਕਾਰਵਾਈ ਨਾਲ ਵਧਿਆ ਦਬਾਅ
ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਅਮਰੀਕਾ ਦੀ ਐੱਫਬੀਆਈ ਨੇ ਵੀ ਲਾਰੈਂਸ ਬਿਸ਼ਨੋਈ, ਰਵਿੰਦਰ ਢਾਂਡਾ ਅਤੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਤਿੰਨ ਵੱਡੇ ਕੌਮਾਂਤਰੀ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਨੈੱਟਵਰਕਾਂ ’ਤੇ ਕੈਨੇਡਾ ਅਤੇ ਅਮਰੀਕਾ ਵਿਚ ਫਿਰੌਤੀ, ਨਸ਼ਾ ਤਸਕਰੀ, ਅਗਵਾ ਅਤੇ ਹਿੰਸਕ ਵਾਰਦਾਤਾਂ ਵਿਚ ਸ਼ਾਮਲ ਹੋਣ ਦੇ ਦੋਸ਼ ਹਨ। ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦਾ ਕਤਲ ਵੀ ਇਸ ਜਾਂਚ ਦੇ ਘੇਰੇ ਵਿਚ ਰਿਹਾ ਹੈ। ਅਮਰੀਕਾ ਦੇ ਆਪ੍ਰੇਸ਼ਨ ਹਾਰਡ ਬਾਲ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ 24 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
17 ਗੈਂਗਸਟਰ ਵਿਦੇਸ਼ਾਂ ਤੋਂ ਵਾਪਸ ਲਿਆਂਦੇ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ, ਪਿਛਲੇ ਕੁਝ ਸਾਲਾਂ ਦੌਰਾਨ ਵਿਦੇਸ਼ਾਂ ਵਿਚ ਸਰਗਰਮ 17 ਗੈਂਗਸਟਰਾਂ ਨੂੰ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਵਿਚ ਅਮਰੀਕਾ ਤੋਂ ਅਨਮੋਲ ਬਿਸ਼ਨੋਈ, ਕੈਨੇਡਾ ਤੋਂ ਕਰਮਬੀਰ ਸਿੰਘ ਦਿਓਲ, ਸੰਯੁਕਤ ਅਰਬ ਅਮੀਰਾਤ ਤੋਂ ਵਿੱਕੀ ਬਰਾੜ, ਅਜ਼ਰਬੈਜਾਨ ਤੋਂ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਇੰਡੋਨੇਸ਼ੀਆ ਤੋਂ ਜੋਬਨ ਬਿੱਲਾ ਅਤੇ ਮਲੇਸ਼ੀਆ ਤੋਂ ਜੱਸਾ ਬਹਿਲ ਸ਼ਾਮਲ ਹਨ। 8 ਨਵੰਬਰ ਨੂੰ ਮੱਧ ਏਸ਼ੀਆ ਤੋਂ ਵਾਪਸ ਲਿਆਂਦਾ ਗਿਆ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਇਸ ਸੂਚੀ ਵਿਚ ਸਭ ਤੋਂ ਤਾਜ਼ਾ ਨਾਂ ਹੈ।
ਡੀਜੀਪੀ ਮੁਤਾਬਕ, 6 ਅਪ੍ਰੈਲ 2022 ਨੂੰ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਹੁਣ ਤੱਕ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 41 ਅਪਰਾਧੀਆਂ ਨੂੰ ਨਕਾਰਾ ਕੀਤਾ ਗਿਆ ਹੈ ਅਤੇ 1,293 ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ।
ਵਿਦੇਸ਼ਾਂ ਵਿਚ ਲੁਕੇ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਨੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (OFTEC) ਬਣਾਇਆ ਹੈ। ਇਹ ਸੈੱਲ ਕੇਂਦਰੀ ਏਜੰਸੀਆਂ ਅਤੇ ਕੌਮਾਂਤਰੀ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਤਾਲਮੇਲ ਕਰ ਕੇ ਵਿਦੇਸ਼ਾਂ ਵਿਚ ਲੁਕੇ ਅਪਰਾਧੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਹਵਾਲਗੀ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ।