ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ’ਤੇ 526 ਸਕੂਲੀ ਬੱਸਾਂ ਦੇ ਚਲਾਨ, ਜੁਲਾਈ ’ਚ ਚੈਕਿੰਗ ਹੋਰ ਤੇਜ਼ ਕਰਨ ਦੇ ਨਿਰਦੇਸ਼
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ 'ਸੇਫ ਸਕੂਲ ਵਾਹਨ ਪਾਲਿਸੀ' ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰ ਰਹੀ ਹੈ ਤਾਂ ਜੋ ਸਕੂਲੀ ਬੱਚਿਆਂ ਦਾ ਆਉਣਾ-ਜਾਣਾ ਸੁਰੱਖਿਅਤ ਅਤੇ ਭਰੋਸੇਯੋਗ ਬਣਾਇਆ ਜਾ ਸਕੇ।
Publish Date: Tue, 07 Jul 2026 08:41 AM (IST)
Updated Date: Tue, 07 Jul 2026 08:42 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ 'ਸੇਫ ਸਕੂਲ ਵਾਹਨ ਪਾਲਿਸੀ' ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰ ਰਹੀ ਹੈ ਤਾਂ ਜੋ ਸਕੂਲੀ ਬੱਚਿਆਂ ਦਾ ਆਉਣਾ-ਜਾਣਾ ਸੁਰੱਖਿਅਤ ਅਤੇ ਭਰੋਸੇਯੋਗ ਬਣਾਇਆ ਜਾ ਸਕੇ।
ਅਪ੍ਰੈਲ-ਮਈ ਦੌਰਾਨ 1842 ਬੱਸਾਂ ਦੀ ਹੋਈ ਜਾਂਚ
ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ ਦੌਰਾਨ ਅਪ੍ਰੈਲ ਅਤੇ ਮਈ ਮਹੀਨੇ ਵਿੱਚ 1842 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ 'ਤੇ 526 ਬੱਸਾਂ ਦੇ ਚਲਾਨ ਕੀਤੇ ਗਏ, ਜਦਕਿ ਤਿੰਨ ਬੱਸਾਂ ਨੂੰ ਮੌਕੇ 'ਤੇ ਹੀ ਜ਼ਬਤ (ਇੰਪਾਊਂਡ) ਕੀਤਾ ਗਿਆ।
ਜੁਲਾਈ ਵਿੱਚ ਮੁਹਿੰਮ ਹੋਵੇਗੀ ਹੋਰ ਤੇਜ਼
ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਬੱਸਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਮੱਦੇਨਜ਼ਰ ਜੁਲਾਈ ਮਹੀਨੇ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਮਾਪਿਆਂ ਤੇ ਸਕੂਲ ਪ੍ਰਬੰਧਕਾਂ ਨੂੰ ਅਪੀਲ
ਮੰਤਰੀ ਨੇ ਸਕੂਲ ਪ੍ਰਬੰਧਕਾਂ, ਟਰਾਂਸਪੋਰਟ ਆਪਰੇਟਰਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਸਕੂਲੀ ਆਵਾਜਾਈ ਲਈ ਸਿਰਫ਼ ਉਹੀ ਵਾਹਨ ਵਰਤੇ ਜਾਣ ਜੋ ਤੈਅਸ਼ੁਦਾ ਸੁਰੱਖਿਆ ਮਾਪਦੰਡਾਂ 'ਤੇ ਖਰੇ ਉਤਰਦੇ ਹੋਣ।