- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਖ਼ੁਫ਼ੀਆ ਜਾਣਕਾਰੀ ਆਧਾਰਿਤ ਅਭਿਆਨ 16 ਦਿਨ ਤੱਕ ਪੜਾਅਵਾਰ ਚਲਾਇਆ ਗਿਆ, ਜਿਸ ਤਹਿਤ ਹਰ ਰੋਜ਼ ਇੱਕ ਪੁਲਿਸ ਰੇਂਜ ਜਾਂ ਪੁਲਿਸ ਕਮਿਸ਼ਨਰੇਟ ਵਿੱਚ ਕਾਰਵਾਈ ਕੀਤੀ ਗਈ। ਮੁਹਿੰਮ ਵਿੱਚ 10,401 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਪੰਜਾਬ ਨੂੰ ਗੈਂਗਸਟਰ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਤੋਂ ਮੁਕਤ ਕਰਨ ਲਈ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਆਪ੍ਰੇਸ਼ਨ ਪ੍ਰਹਾਰ-3.0 ਦੇ 16 ਦਿਨਾਂ ਦੇ ਰਾਜ ਪੱਧਰੀ ਅਭਿਆਨ ਦੌਰਾਨ 5,448 ਥਾਵਾਂ 'ਤੇ ਛਾਪੇ ਮਾਰ ਕੇ 3,949 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੁਹਿੰਮ ਦੌਰਾਨ 958 ਐੱਫਆਈਆਰ ਦਰਜ ਕੀਤੀਆਂ ਗਈਆਂ, 1,520 ਵਿਅਕਤੀਆਂ ਖ਼ਿਲਾਫ਼ ਰੋਕਥਾਮੀ ਕਾਰਵਾਈ ਕੀਤੀ ਗਈ ਅਤੇ 262 ਵਾਹਨ ਜ਼ਬਤ ਕੀਤੇ ਗਏ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਖ਼ੁਫ਼ੀਆ ਜਾਣਕਾਰੀ ਆਧਾਰਿਤ ਅਭਿਆਨ 16 ਦਿਨ ਤੱਕ ਪੜਾਅਵਾਰ ਚਲਾਇਆ ਗਿਆ, ਜਿਸ ਤਹਿਤ ਹਰ ਰੋਜ਼ ਇੱਕ ਪੁਲਿਸ ਰੇਂਜ ਜਾਂ ਪੁਲਿਸ ਕਮਿਸ਼ਨਰੇਟ ਵਿੱਚ ਕਾਰਵਾਈ ਕੀਤੀ ਗਈ। ਮੁਹਿੰਮ ਵਿੱਚ 10,401 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਦਾ ਉਦੇਸ਼ ਗੈਂਗਸਟਰ-ਨਸ਼ਾ ਗੱਠਜੋੜ ਨੂੰ ਤੋੜਨਾ, ਭਗੌੜੇ ਅਤੇ ਲੋੜੀਂਦੇ ਮੁਲਜ਼ਮਾਂ ਨੂੰ ਕਾਬੂ ਕਰਨਾ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਅਤੇ ਗੈਰ-ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ, ਸ਼ਰਾਬ ਅਤੇ ਚੋਰੀ ਦੇ ਸਮਾਨ ਦੀ ਬਰਾਮਦਗੀ ਕਰਨਾ ਸੀ।
ਵਧੀਕ ਡੀਜੀਪੀ (ਕਾਨੂੰਨ-ਵਿਵਸਥਾ) ਪ੍ਰਵੀਣ ਸਿਨ੍ਹਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 3,949 ਵਿਅਕਤੀਆਂ ਵਿੱਚ 42 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ, 1,201 ਨਸ਼ਾ ਤਸਕਰ ਤੇ ਸਪਲਾਇਰ, 119 ਭਗੌੜੇ ਅਪਰਾਧੀ ਅਤੇ 2,587 ਲੋੜੀਂਦੇ ਮੁਲਜ਼ਮ ਸ਼ਾਮਲ ਹਨ।
ਵੱਡੀ ਮਾਤਰਾ 'ਚ ਨਸ਼ਾ ਅਤੇ ਹਥਿਆਰ ਬਰਾਮਦ
ਮੁਹਿੰਮ ਦੌਰਾਨ 12 ਹਥਿਆਰ, 10.47 ਕਿਲੋਗ੍ਰਾਮ ਹੈਰੋਇਨ, 1.50 ਕਿਲੋਗ੍ਰਾਮ ਅਫ਼ੀਮ, 30 ਕਿਲੋਗ੍ਰਾਮ ਗਾਂਜਾ, 259 ਕਿਲੋਗ੍ਰਾਮ ਪੋਸਤ, 21,746 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੈਬਲੇਟ, 646.25 ਲੀਟਰ ਲਾਹਣ, 1,243.5 ਲੀਟਰ ਨਾਜਾਇਜ਼ ਸ਼ਰਾਬ ਅਤੇ ਨਸ਼ਾ ਤਸਕਰੀ ਨਾਲ ਜੁੜੇ 4.03 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਹਥਿਆਰ, ਕਾਰਤੂਸ, ਚੋਰੀਸ਼ੁਦਾ ਵਾਹਨ, ਮੋਬਾਈਲ ਫ਼ੋਨ ਅਤੇ ਹੋਰ ਇਤਰਾਜ਼ਯੋਗ ਸਮਾਨ ਵੀ ਜ਼ਬਤ ਕੀਤਾ ਗਿਆ।
ਲੋਕਾਂ ਤੋਂ ਸਹਿਯੋਗ ਦੀ ਅਪੀਲ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਤੱਕ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਨਾਲ ਸਬੰਧਤ ਜਾਣਕਾਰੀ ਐਂਟੀ ਗੈਂਗਸਟਰ ਹੈਲਪਲਾਈਨ 93946-93946 'ਤੇ ਗੁਪਤ ਤੌਰ 'ਤੇ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਮੁਹਿੰਮ ਦੀਆਂ ਮੁੱਖ ਪ੍ਰਾਪਤੀਆਂ
16 ਦਿਨਾਂ ਵਿੱਚ 5,448 ਥਾਵਾਂ 'ਤੇ ਛਾਪੇ
3,949 ਵਿਅਕਤੀ ਗ੍ਰਿਫ਼ਤਾਰ
958 ਐੱਫਆਈਆਰ ਦਰਜ
1,520 ਵਿਅਕਤੀਆਂ ਖ਼ਿਲਾਫ਼ ਰੋਕਥਾਮੀ ਕਾਰਵਾਈ
262 ਵਾਹਨ ਜ਼ਬਤ
10.47 ਕਿਲੋ ਹੈਰੋਇਨ ਅਤੇ 12 ਹਥਿਆਰ ਬਰਾਮਦ
21,746 ਨਸ਼ੀਲੀਆਂ ਗੋਲੀਆਂ/ਕੈਪਸੂਲ/ਟੈਬਲੇਟ ਜ਼ਬਤ
ਖੰਨਾ, ਬਠਿੰਡਾ, ਜਲੰਧਰ ਕਮਿਸ਼ਨਰੇਟ, ਹੁਸ਼ਿਆਰਪੁਰ ਅਤੇ ਮਾਨਸਾ ਪੁਲਿਸ ਇਕਾਈਆਂ ਦੇ ਕੰਮ ਦੀ ਡੀਜੀਪੀ ਵੱਲੋਂ ਸ਼ਲਾਘਾ।