- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਸ ਗੱਲ ਇਹ ਹੈ ਕਿ ਵਿਭਾਗ ਨੇ ਸਿਰਫ਼ ਰੰਗ-ਰੋਗਨ ਕਰਵਾਉਣ ਤੱਕ ਹੀ ਨਿਰਦੇਸ਼ ਸੀਮਤ ਨਹੀਂ ਰੱਖੇ, ਸਗੋਂ ਸਕੂਲ ਦੀ ਹਰ ਕੰਧ ’ਤੇ ਕਿਹੜਾ ਰੰਗ ਹੋਵੇਗਾ, ਕਿੰਨੀਆਂ ਪਰਤਾਂ ਲਗਾਈਆਂ ਜਾਣਗੀਆਂ ਅਤੇ ਸਮੱਗਰੀ ਦੀ ਖਰੀਦ ਤੋਂ ਲੈ ਕੇ ਭੁਗਤਾਨ ਤੱਕ ਦਾ ਹਿਸਾਬ ਕਿਵੇਂ ਰੱਖਿਆ ਜਾਵੇਗਾ, ਇਹ ਵੀ ਤੈਅ ਕਰ ਦਿੱਤਾ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲ ਹੁਣ ਇਕੋ ਜਿਹੇ ਤੈਅ ਰੰਗਾਂ ਵਿੱਚ ਨਜ਼ਰ ਆਉਣਗੇ। ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ 3602 ਸਰਕਾਰੀ ਸਕੂਲਾਂ ਵਿੱਚ ਵ੍ਹਾਈਟਵਾਸ਼, ਪੇਂਟ ਅਤੇ ਕਲਰ ਕੋਡਿੰਗ ਕਰਵਾਉਣ ਲਈ 80 ਕਰੋੜ 45 ਲੱਖ 40 ਹਜ਼ਾਰ ਰੁਪਏ ਦੀ ਰਕਮ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਵਿਭਾਗ ਨੇ ਸਿਰਫ਼ ਰੰਗ-ਰੋਗਨ ਕਰਵਾਉਣ ਤੱਕ ਹੀ ਨਿਰਦੇਸ਼ ਸੀਮਤ ਨਹੀਂ ਰੱਖੇ, ਸਗੋਂ ਸਕੂਲ ਦੀ ਹਰ ਕੰਧ ’ਤੇ ਕਿਹੜਾ ਰੰਗ ਹੋਵੇਗਾ, ਕਿੰਨੀਆਂ ਪਰਤਾਂ ਲਗਾਈਆਂ ਜਾਣਗੀਆਂ ਅਤੇ ਸਮੱਗਰੀ ਦੀ ਖਰੀਦ ਤੋਂ ਲੈ ਕੇ ਭੁਗਤਾਨ ਤੱਕ ਦਾ ਹਿਸਾਬ ਕਿਵੇਂ ਰੱਖਿਆ ਜਾਵੇਗਾ, ਇਹ ਵੀ ਤੈਅ ਕਰ ਦਿੱਤਾ ਹੈ।
1 ਅਕਤੂਬਰ ਨੂੰ ਜਾਰੀ ਹੁਕਮਾਂ ਅਨੁਸਾਰ ਇਹ ਰਕਮ ਈਡੀਐੱਸ-53 ‘ਕਨਵਰਟਿੰਗ ਗਵਰਨਮੈਂਟ ਸਕੂਲਜ਼ ਇਨਟੂ ਸਮਾਰਟ ਸਕੂਲ’ ਯੋਜਨਾ ਤਹਿਤ ਦਿੱਤੀ ਜਾ ਰਹੀ ਹੈ। ਇਸ ਤਹਿਤ 764 ਸੀਨੀਅਰ ਸੈਕੰਡਰੀ, 411 ਹਾਈ, 1895 ਮਿਡਲ ਅਤੇ 532 ਪ੍ਰਾਇਮਰੀ ਸਕੂਲਾਂ ਵਿੱਚ ਕੰਮ ਹੋਵੇਗਾ। ਕੁੱਲ 67.04 ਲੱਖ ਵਰਗ ਫੁੱਟ ਖੇਤਰ ਵਿੱਚ ਵ੍ਹਾਈਟਵਾਸ਼ ਅਤੇ ਪੇਂਟ ਕਰਵਾਇਆ ਜਾਵੇਗਾ। ਵਿਭਾਗ ਨੇ ਪ੍ਰਤੀ ਵਰਗ ਫੁੱਟ 12 ਰੁਪਏ ਦੀ ਦਰ ਨਾਲ ਖਰਚ ਦਾ ਅਨੁਮਾਨ ਲਗਾਇਆ ਹੈ।
ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਸਕੂਲ, ਲੁਧਿਆਣਾ ਲਈ ਸਭ ਤੋਂ ਵੱਧ ਰਕਮ
ਜ਼ਿਲ੍ਹਾਵਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ 334 ਸਕੂਲਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਕਰੀਬ 6.13 ਕਰੋੜ ਰੁਪਏ ਖਰਚ ਹੋਣਗੇ। ਲੁਧਿਆਣਾ ਦੇ 261 ਸਕੂਲਾਂ ਲਈ ਸਭ ਤੋਂ ਵੱਧ 7.50 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਗੁਰਦਾਸਪੁਰ ਦੇ 240 ਸਕੂਲਾਂ ’ਤੇ 5.89 ਕਰੋੜ, ਜਲੰਧਰ ਦੇ 231 ਸਕੂਲਾਂ ’ਤੇ 6.05 ਕਰੋੜ ਅਤੇ ਹੁਸ਼ਿਆਰਪੁਰ ਦੇ 236 ਸਕੂਲਾਂ ’ਤੇ 5.23 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪਟਿਆਲਾ ਦੇ 326 ਸਕੂਲਾਂ ਲਈ 4.88 ਕਰੋੜ ਰੁਪਏ ਰੱਖੇ ਗਏ ਹਨ।
ਸਿਰਫ਼ ਸਫ਼ੇਦੀ ਨਹੀਂ, ਰੰਗ ਵੀ ਸਰਕਾਰ ਨੇ ਤੈਅ ਕੀਤੇ
ਵਿਭਾਗ ਨੇ ਸਕੂਲਾਂ ਲਈ ਰੰਗਾਂ ਦੀ ਪੂਰੀ ਕੋਡਿੰਗ ਤੈਅ ਕੀਤੀ ਹੈ। ਕਮਰਿਆਂ ਦੇ ਅੰਦਰ ਤਿੰਨ ਫੁੱਟ ਤੱਕ ਐਨਾਮਲ ਪੇਂਟ ਬ੍ਰੌਂਜ਼ ਮਿਸਟ ਅਤੇ ਇਸ ਤੋਂ ਉੱਪਰ ਸੇਨ ਓਟਸ ਰੰਗ ਕਰਵਾਇਆ ਜਾਵੇਗਾ। ਵਰਾਂਡਿਆਂ, ਕੋਰੀਡੋਰ ਅਤੇ ਗਲਿਆਰਿਆਂ ਵਿੱਚ ਤਿੰਨ ਫੁੱਟ ਤੱਕ ਰੈਪਸੋਡੀ ਅਤੇ ਉੱਪਰ ਐਗ ਕਸਟਾਰਡ ਰੰਗ ਹੋਵੇਗਾ। ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਗੋਲਡਨ ਬ੍ਰਾਊਨ ਪੇਂਟ ਦੇ ਘੱਟੋ-ਘੱਟ ਦੋ ਕੋਟ ਕਰਨੇ ਹੋਣਗੇ। ਬਾਹਰੀ ਕੰਧਾਂ ’ਤੇ ਮੌਸਮ-ਰੋਧੀ ਪੇਂਟ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੁਰਾਣੀਆਂ ਦਰਾਰਾਂ ਅਤੇ ਲੀਕੇਜ ਪਹਿਲਾਂ ਠੀਕ ਹੋਵੇਗੀ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪੇਂਟਿੰਗ ਤੋਂ ਪਹਿਲਾਂ ਕੰਧਾਂ ਦੀਆਂ ਦਰਾਰਾਂ ਭਰਨ ਅਤੇ ਲੀਕੇਜ ਠੀਕ ਕਰਨ ਦਾ ਕੰਮ ਕੀਤਾ ਜਾਵੇਗਾ। ਪੁਰਾਣੇ ਰੰਗ ਨੂੰ ਰਗੜ ਕੇ ਸਾਫ਼ ਕਰਨ, ਪੁੱਟੀ ਅਤੇ ਪ੍ਰਾਈਮਰ ਲਗਾਉਣ ਤੋਂ ਬਾਅਦ ਘੱਟੋ-ਘੱਟ ਦੋ ਕੋਟ ਪੇਂਟ ਕਰਨੇ ਹੋਣਗੇ। ਆਈਐੱਸਆਈ ਮਾਰਕ ਵਾਲੀ ਸਮੱਗਰੀ ਖਰੀਦਣਾ ਲਾਜ਼ਮੀ ਕੀਤਾ ਗਿਆ ਹੈ।
ਐੱਸਐੱਮਸੀ ਦੇ ਪ੍ਰਸਤਾਵ ਤੋਂ ਬਿਨਾਂ ਕੰਮ ਨਹੀਂ
ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜੇਈ ਨਾਲ ਸੰਪਰਕ ਅਤੇ ਸਕੂਲ ਮੈਨੇਜਮੈਂਟ ਕਮੇਟੀ ਦਾ ਪ੍ਰਸਤਾਵ ਲਾਜ਼ਮੀ ਹੋਵੇਗਾ। ਖਰੀਦੀ ਗਈ ਸਮੱਗਰੀ ਦਾ ਸਟਾਕ ਰਜਿਸਟਰ, ਅਕਾਊਂਟ ਰਜਿਸਟਰ, ਲੈਜ਼ਰ ਅਤੇ ਕੈਸ਼ਬੁੱਕ ਅਪਡੇਟ ਕਰਨੀ ਹੋਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਾਰੀ ਕੀਤੀ ਰਕਮ ਦੀ ਵਰਤੋਂ ਸਿਰਫ਼ ਵ੍ਹਾਈਟਵਾਸ਼ ਅਤੇ ਪੇਂਟਿੰਗ ਲਈ ਹੀ ਕੀਤੀ ਜਾਵੇ। ਜਿਸ ਸਕੂਲ ਵਿੱਚ ਪਹਿਲਾਂ ਹੀ ਇਹ ਕੰਮ ਹੋ ਚੁੱਕਾ ਹੈ, ਉੱਥੇ ਦੀ ਰਕਮ ਮੁੱਖ ਦਫ਼ਤਰ ਦੀ ਮਨਜ਼ੂਰੀ ਤੋਂ ਬਾਅਦ ਕਿਸੇ ਹੋਰ ਲੋੜਵੰਦ ਸਕੂਲ ਨੂੰ ਦਿੱਤੀ ਜਾ ਸਕਦੀ ਹੈ। ਜਿਨ੍ਹਾਂ ਸਕੂਲਾਂ ਵਿੱਚ ਨਿਰਮਾਣ ਕਾਰਜ ਚੱਲ ਰਹੇ ਹਨ, ਉੱਥੇ ਸਿਵਲ ਵਰਕ ਪੂਰਾ ਹੋਣ ਤੋਂ ਬਾਅਦ ਹੀ ਰੰਗ-ਰੋਗਨ ਸ਼ੁਰੂ ਕੀਤਾ ਜਾਵੇਗਾ।