32 ਹਜ਼ਾਰ ਪੰਜਾਬੀ ਧੀਆਂ NRI ਵਿਆਹਾਂ ’ਚ ਧੋਖਾਧੜੀ ਦਾ ਸ਼ਿਕਾਰ, ਬਲਜੀਤ ਕੌਰ ਨੇ ਕੇਂਦਰ ਤੋਂ ਮੰਗਿਆ ਸਖ਼ਤ ਕਾਨੂੰਨ
ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਸਾਹਮਣੇ ਲਿਆਂਦੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਲਗਪਗ 32 ਹਜ਼ਾਰ ਮਹਿਲਾਵਾਂ ਆਪਣੇ ਐੱਨ.ਆਰ.ਆਈ. ਪਤੀਆਂ ਵੱਲੋਂ ਛੱਡੀਆਂ ਜਾ ਚੁੱਕੀਆਂ ਹਨ। ਇਹ ਅੰਕੜੇ ਪੰਜਾਬ ਲਈ ਬਹੁਤ ਹੀ ਚਿੰਤਾਜਨਕ ਹਨ ਅਤੇ ਇੱਕ ਗੰਭੀਰ ਸਮਾਜਿਕ ਸੰਕਟ ਵੱਲ ਇਸ਼ਾਰਾ ਕਰਦੇ ਹਨ।
Publish Date: Mon, 22 Jun 2026 03:28 PM (IST)
Updated Date: Mon, 22 Jun 2026 03:32 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਸਾਹਮਣੇ ਲਿਆਂਦੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਲਗਪਗ 32 ਹਜ਼ਾਰ ਮਹਿਲਾਵਾਂ ਆਪਣੇ ਐੱਨ.ਆਰ.ਆਈ. ਪਤੀਆਂ ਵੱਲੋਂ ਛੱਡੀਆਂ ਜਾ ਚੁੱਕੀਆਂ ਹਨ। ਇਹ ਅੰਕੜੇ ਪੰਜਾਬ ਲਈ ਬਹੁਤ ਹੀ ਚਿੰਤਾਜਨਕ ਹਨ ਅਤੇ ਇੱਕ ਗੰਭੀਰ ਸਮਾਜਿਕ ਸੰਕਟ ਵੱਲ ਇਸ਼ਾਰਾ ਕਰਦੇ ਹਨ।
ਬਲਜੀਤ ਕੌਰ ਨੇ ਕਿਹਾ ਕਿ ਇਹ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਹਜ਼ਾਰਾਂ ਪੰਜਾਬੀ ਧੀਆਂ ਦੇ ਟੁੱਟੇ ਹੋਏ ਸੁਪਨਿਆਂ, ਬਰਬਾਦ ਹੋਏ ਪਰਿਵਾਰਾਂ ਅਤੇ ਇਨਸਾਫ਼ ਦੀ ਉਡੀਕ ਕਰ ਰਹੀਆਂ ਮਹਿਲਾਵਾਂ ਦੀ ਦਰਦਨਾਕ ਕਹਾਣੀ ਹੈ। ਵਿਦੇਸ਼ਾਂ ’ਚ ਵਸੇ ਪੰਜਾਬੀਆਂ ਨਾਲ ਵਿਆਹ ਦੇ ਸੁਪਨੇ ਲੈ ਕੇ ਆਪਣਾ ਘਰ-ਪਰਿਵਾਰ ਛੱਡਣ ਵਾਲੀਆਂ ਅਨੇਕਾਂ ਲੜਕੀਆਂ ਅੱਜ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਝਾ, ਦੁਆਬਾ ਅਤੇ ਮਾਲਵਾ ਖੇਤਰਾਂ ਵਿੱਚ ਐੱਨ.ਆਰ.ਆਈ. ਵਿਆਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪਰ ਕੁਝ ਲੋਕਾਂ ਵੱਲੋਂ ਵਿਆਹ ਨੂੰ ਧੋਖਾਧੜੀ ਦਾ ਸਾਧਨ ਬਣਾਉਣ ਕਾਰਨ ਬੇਸ਼ੁਮਾਰ ਪਰਿਵਾਰ ਬਰਬਾਦ ਹੋ ਰਹੇ ਹਨ। ਕਈ ਮਾਮਲਿਆਂ ਵਿੱਚ ਵਿਆਹ ਤੋਂ ਬਾਅਦ ਪਤੀ ਵਿਦੇਸ਼ ਚਲੇ ਜਾਂਦੇ ਹਨ ਅਤੇ ਪਤਨੀ ਨੂੰ ਆਪਣੇ ਕੋਲ ਬੁਲਾਉਣ ਦੀ ਬਜਾਏ ਉਸ ਨਾਲ ਸਾਰੇ ਸੰਪਰਕ ਤੋੜ ਦਿੰਦੇ ਹਨ।
ਬਲਜੀਤ ਕੌਰ ਨੇ ਕਿਹਾ ਕਿ ਅਜਿਹੀਆਂ ਮਹਿਲਾਵਾਂ ਨੂੰ ਸਿਰਫ਼ ਕਾਨੂੰਨੀ ਹੀ ਨਹੀਂ, ਸਗੋਂ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ 'ਤੇ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਪਰਿਵਾਰ ਆਪਣੀ ਸਾਰੀ ਜਮ੍ਹਾਂ ਪੂੰਜੀ ਧੀ ਦੇ ਵਿਆਹ ’ਤੇ ਖਰਚ ਕਰ ਦਿੰਦੇ ਹਨ ਪਰ ਬਾਅਦ ਵਿੱਚ ਉਹੀ ਧੀਆਂ ਇਨਸਾਫ਼ ਲਈ ਸਾਲਾਂ ਤੱਕ ਅਦਾਲਤਾਂ ਅਤੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਦੀਆਂ ਰਹਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਸਥਿਤੀ ਸਿਰਫ਼ ਇੱਕ ਪਰਿਵਾਰ ਦੀ ਸਮੱਸਿਆ ਨਹੀਂ, ਸਗੋਂ ਪੰਜਾਬ ਦੇ ਸਮਾਜਿਕ ਢਾਂਚੇ ਲਈ ਵੀ ਇੱਕ ਗੰਭੀਰ ਚੁਣੌਤੀ ਬਣ ਚੁੱਕੀ ਹੈ। ਹਜ਼ਾਰਾਂ ਮਹਿਲਾਵਾਂ ਆਪਣੇ ਹੱਕਾਂ ਅਤੇ ਇਨਸਾਫ਼ ਲਈ ਲੰਬੀ ਲੜਾਈ ਲੜ ਰਹੀਆਂ ਹਨ ਪਰ ਉਨ੍ਹਾਂ ਨੂੰ ਸਮੇਂ ਸਿਰ ਰਾਹਤ ਨਹੀਂ ਮਿਲ ਰਹੀ।
ਬਲਜੀਤ ਕੌਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਐੱਨ.ਆਰ.ਆਈ. ਵਿਆਹ ਧੋਖਾਧੜੀ ਨਾਲ ਸਬੰਧਤ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਨੂੰਨ ਬਣਾਏ ਜਾਣ। ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਪਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਲਈ ਵਿਸ਼ੇਸ਼ ਕਾਨੂੰਨੀ ਵਿਵਸਥਾ ਕੀਤੀ ਜਾਵੇ ਜੋ ਵਿਆਹ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹਨ ਜਾਂ ਉਨ੍ਹਾਂ ਨਾਲ ਧੋਖਾਧੜੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਦੇ ਪਾਸਪੋਰਟ ਰੱਦ ਕਰਨ, ਸੰਪਤੀ ਜ਼ਬਤ ਕਰਨ, ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਾਨੂੰਨੀ ਕਾਰਵਾਈ ਨੂੰ ਤੇਜ਼ ਬਣਾਉਣ ਲਈ ਸਪੱਸ਼ਟ ਅਤੇ ਸਖ਼ਤ ਕਾਨੂੰਨੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਪੀੜਤ ਮਹਿਲਾਵਾਂ ਨੂੰ ਤੇਜ਼ੀ ਨਾਲ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਫਾਸਟ-ਟਰੈਕ ਅਦਾਲਤਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਇਸ ਮੁੱਦੇ ਨੂੰ ਲਗਾਤਾਰ ਉਠਾਉਂਦੀ ਰਹੇਗੀ ਅਤੇ ਐੱਨ.ਆਰ.ਆਈ. ਵਿਆਹ ਧੋਖਾਧੜੀ ਦਾ ਸ਼ਿਕਾਰ ਹੋਈ ਹਰ ਮਹਿਲਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰੇਗੀ। ਪੰਜਾਬ ਦੀਆਂ ਧੀਆਂ ਦੀ ਸੁਰੱਖਿਆ, ਸਨਮਾਨ ਅਤੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਬਲਜੀਤ ਕੌਰ ਨੇ ਕਿਹਾ ਕਿ ਸਰਕਾਰਾਂ ਨੂੰ ਹੁਣ ਸਿਰਫ਼ ਅੰਕੜਿਆਂ ਤੱਕ ਸੀਮਿਤ ਰਹਿਣ ਦੀ ਬਜਾਏ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਪੰਜਾਬੀ ਧੀ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਧੋਖਾਧੜੀ ਕਾਰਨ ਬਰਬਾਦ ਨਾ ਹੋਵੇ।