- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਸਿੱਧੂ ਸਤੰਬਰ 2025 ਵਿਚ ਆਪਣੀ ਬੇਨਤੀ ’ਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਤੋਂ ਪੰਜਾਬ ਵਾਪਸ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਤਾਇਨਾਤੀ ਨਾ ਮਿਲਣ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਵੀ ਸਾਹਮਣੇ ਨਹੀਂ ਆਇਆ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਪੁਲਿਸ ਦੇ 1992 ਬੈਚ ਦੇ ਆਈਪੀਐੱਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਕਰੀਬ ਇਕ ਸਾਲ ਤੋਂ ਪੰਜਾਬ ਸਰਕਾਰ ਨੇ ਕੋਈ ਪੋਸਟਿੰਗ ਨਹੀਂ ਦਿੱਤੀ। ਸਿੱਧੂ ਵੀ ਪੰਜਾਬ ਪੁਲਿਸ ਦੇ ਮੁਖੀ ਬਣਨ ਦੀ ਦੌੜ ਵਿੱਚ ਸ਼ਾਮਿਲ ਸਨ ਭਾਰਤ ਸਰਕਾਰ ਨੇ ਸਿੱਧੂ ਦਾ ਨਾਮ ਵੀ ਪੈਨਲ ਵਿੱਚ ਸ਼ਾਮਿਲ ਕੀਤਾ ਹੋਇਆ ਸੀ। ਪਰ ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਗੌਰਵ ਯਾਦਵ ਨੂੰ ਸਥਾਈ ਡੀਜੀਪੀ ਲਗਾਉਣ ਦੇ ਕੀਤੇ ਗਏ ਹੁਕਮ ਨਾਲ ਸਿੱਧੂ ਹੁਣ ਡੀਜੀਪੀ ਬਣਨ ਦੀ ਦੌੜ ਵਿੱਚੋਂ ਵੀ ਬਾਹਰ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਵਿਸ਼ੇਸ਼ ਡੀਜੀਪੀ ਦੇ ਅਹੁਦੇ ’ਤੇ ਰਹਿ ਚੁੱਕੇ ਸਿੱਧੂ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਨਿਯਮਤ ਤਾਇਨਾਤੀ ਦੇ ਹਨ। ਕੇਂਦਰੀ ਡੈਪੂਟੇਸ਼ਨ ਤੋਂ ਪੰਜਾਬ ਪਰਤਣ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਹੁਣ ਤੱਕ ਕੋਈ ਨਵੀਂ ਜ਼ਿੰਮੇਵਾਰੀ ਨਹੀਂ ਸੌਂਪੀ।
ਜਾਣਕਾਰੀ ਮੁਤਾਬਕ ਸਿੱਧੂ ਸਤੰਬਰ 2025 ਵਿਚ ਆਪਣੀ ਬੇਨਤੀ ’ਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਤੋਂ ਪੰਜਾਬ ਵਾਪਸ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਤਾਇਨਾਤੀ ਨਾ ਮਿਲਣ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਵੀ ਸਾਹਮਣੇ ਨਹੀਂ ਆਇਆ।
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਗੌਰਵ ਯਾਦਵ ਨੂੰ ਨਿਯਮਤ ਡੀਜੀਪੀ ਨਿਯੁਕਤ ਕੀਤਾ। ਉਹ ਜੁਲਾਈ 2022 ਤੋਂ ਕਾਰਜਕਾਰੀ ਡੀਜੀਪੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਯੂਪੀਐੱਸਸੀ ਨੂੰ ਭੇਜੇ ਗਏ 1992 ਬੈਚ ਦੇ 14 ਆਈਪੀਐੱਸ ਅਧਿਕਾਰੀਆਂ ਦੇ ਪੈਨਲ ਵਿੱਚ ਹਰਪ੍ਰੀਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਸੀ। ਇਸ ਸੂਚੀ ਵਿਚ ਸ਼ਰਦ ਸਤਿਆ ਚੌਹਾਨ ਪਹਿਲੇ, ਸਿੱਧੂ ਦੂਜੇ ਅਤੇ ਗੌਰਵ ਯਾਦਵ ਤੀਜੇ ਸਥਾਨ ’ਤੇ ਸਨ। ਚੌਹਾਨ ਇਸ ਸਮੇਂ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਨ।
ਸਿੱਧੂ ਪੁਲਿਸ ਵਿਚ ਇਕ ਦਲੇਰ, ਧਾਕੜ ਅਫ਼ਸਰ ਵਜੋਂ ਜਾਣੇ ਜਾਂਦੇ ਹਨ। ਤਤਕਾਲੀ ਕਾਂਗਰਸ ਸਰਕਾਰ ਵੇਲੇ ਉਹਨਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਦੇ ਮੁਖੀ ਲਾਇਆ ਗਿਆ ਸੀ। ਸਿੱਧੂ ਕਾਰਨ ਹੀ ਪੁਲਿਸ ਬਰਖਾਸਤ ਆਈਜੀ ਰਾਜਜੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮਾ ’ਤੇ ਕਾਰਵਾਈ ਕਰ ਸਕੀ ਹੈ। ਦੱਸਿਆ ਜਾਂਦਾ ਹੈ ਕਿ ਉਸ ਵਕਤ ਜਾਂਚ ਹੋਰ ਉੱਚ ਅਧਿਕਾਰੀਆਂ ਤੱਕ ਪਹੁੰਚ ਰਹੀ ਸੀ ਜਿਸ ਕਰਕੇ ਕੈਪਟਨ ਸਰਕਾਰ ਨੇ ਸਿੱਧੂ ਨੂੰ ਐਸਟੀਐਫ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਮਾਰਚ 2017 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਬੁਲਾ ਕੇ ਇਹ ਜ਼ਿੰਮੇਵਾਰੀ ਸੌਂਪੀ ਸੀ। ਸਤੰਬਰ 2018 ਵਿੱਚ ਉਨ੍ਹਾਂ ਨੂੰ ਐੱਸਟੀਐੱਫ ਮੁਖੀ ਦੇ ਅਹੁਦੇ ਤੋਂ ਹਟਾ ਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜੁਲਾਈ 2019 ਵਿੱਚ ਉਹ ਮੁੜ ਐੱਸਟੀਐੱਫ ਮੁਖੀ ਬਣੇ।
---
ਜੂਨ 2022 ਸੌਂਪੀ ਗਈ ਸੀ ਏਡੀਜੀਪੀ ਜੇਲ੍ਹਾਂ ਦੀ ਜ਼ਿੰਮੇਵਾਰੀ
ਜੂਨ 2022 ਵਿੱਚ ਉਨ੍ਹਾਂ ਨੂੰ ਏਡੀਜੀਪੀ ਜੇਲ੍ਹਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹਾਂ ਵਿੱਚ ਕੈਦੀਆਂ ਲਈ ਮੁਲਾਕਾਤਾਂ ਅਤੇ ਸੁਧਾਰਾਂ ਨਾਲ ਜੁੜੇ ਕਦਮ ਚੁੱਕੇ। ਬਾਅਦ ਵਿੱਚ ਉਹ ਕੇਂਦਰੀ ਡੈਪੂਟੇਸ਼ਨ ’ਤੇ ਚਲੇ ਗਏ ਅਤੇ ਅਕਤੂਬਰ 2022 ਵਿਚ ਆਈਟੀਬੀਪੀ ਵਿੱਚ ਵਧੀਕ ਡਾਇਰੈਕਟਰ ਜਨਰਲ ਨਿਯੁਕਤ ਹੋਏ। ਜਾਣਕਾਰੀ ਅਨੁਸਾਰ ਸਿੱਧੂ ਮਈ 2027 ਵਿਚ ਸੇਵਾਮੁਕਤ ਹੋਣ ਵਾਲੇ ਹਨ। ਜਿਸ ਕਰਕੇ ਸੱਤਾ ਦੇ ਗਲਿਆਰਿਆਂ ਵਿਚ ਉਨ੍ਹਾਂ ਦੀ ਤਾਇਨਾਤੀ ਨੂੰ ਲੈ ਕੇ ਸਥਿਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।