13 ਸਾਲਾ ਨਾਬਾਲਗ ਲੜਕੀ ਰਹੱਸਮਈ ਹਾਲਾਤਾਂ ’ਚ ਲਾਪਤਾ, ਇਲਾਕੇ ’ਚ ਸਨਸਨੀ, ਅਗਵਾ ਦਾ ਕੇਸ ਦਰਜ
ਬਰਵਾਲਾ ਰੋਡ 'ਤੇ ਸਥਿਤ ਜੇਆਰ ਫੋਰਜਿੰਗ ਦੇ ਨੇੜਿਓਂ ਇਕ 13 ਸਾਲਾ ਨਾਬਾਲਗ ਲੜਕੀ ਦੇ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 20 Jun 2026 12:10 PM (IST)
Updated Date: Sat, 20 Jun 2026 12:22 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਬਰਵਾਲਾ ਰੋਡ 'ਤੇ ਸਥਿਤ ਜੇਆਰ ਫੋਰਜਿੰਗ ਦੇ ਨੇੜਿਓਂ ਇਕ 13 ਸਾਲਾ ਨਾਬਾਲਗ ਲੜਕੀ ਦੇ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਮੋਦ ਕੁਮਾਰ ਪੁੱਤਰ ਮੰਗਰੂ, ਜੋ ਕਿ ਮੂਲ ਰੂਪ ਵਿਚ ਪਿੰਡ ਮਿਤੂਪੁਰ, ਜ਼ਿਲ੍ਹਾ ਆਜ਼ਮਗੜ੍ਹ (ਯੂ.ਪੀ.) ਦਾ ਰਹਿਣ ਵਾਲਾ ਹੈ ਅਤੇ ਅੱਜਕੱਲ੍ਹ ਜੇਆਰ ਫੋਰਜਿੰਗ ਬਰਵਾਲਾ ਰੋਡ ਡੇਰਾਬੱਸੀ ਵਿਖੇ ਰਹਿ ਰਿਹਾ ਹੈ, ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 17 ਜੂਨ ਨੂੰ ਉਹ ਅਤੇ ਉਸਦੀ ਪਤਨੀ ਰੋਜ਼ਾਨਾਂ ਦੀ ਤਰ੍ਹਾਂ ਫੈਕਟਰੀ ਵਿਚ ਕੰਮ ਕਰਨ ਲਈ ਗਏ ਹੋਏ ਸਨ।
ਜਦੋਂ ਉਹ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਪਰਤੇ ਤਾਂ ਉਨ੍ਹਾਂ ਦੀ ਸਭ ਤੋਂ ਵੱਡੀ 13 ਸਾਲਾ ਲੜਕੀ ਘਰ ਵਿਚ ਮੌਜੂਦ ਨਹੀਂ ਸੀ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਲੜਕੀ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ।
ਸ਼ਿਕਾਇਤਕਰਤਾ ਨੂੰ ਸ਼ੱਕ ਹੈ ਕਿ ਕੋਈ ਨਾ-ਮਾਲੂਮ ਅਣਪਛਾਤਾ ਵਿਅਕਤੀ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਤੇ ਵਰਗਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਹੈ।
ਪੁਲਿਸ ਨੇ ਪੀੜਤ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 137(2) ਅਤੇ 96 ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਲੜਕੀ ਦੀ ਬਰਾਮਦਗੀ ਅਤੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।